ਜੰਮੂ-ਕਸ਼ਮੀਰ ਦੇ ਤਿੰਨ ਦਿਨਾਂ ਦੌਰੇ ’ਤੇ ਅਮਿਤ ਸ਼ਾਹ, ਸੁਰੱਖਿਆ ਸਥਿਤੀ ਦੀ ਕਰਨਗੇ ਸਮੀਖਿਆ
Saturday, Oct 23, 2021 - 10:17 AM (IST)
ਨਵੀਂ ਦਿੱਲੀ/ਜੰਮੂ (ਵਾਰਤਾ)— ਜੰਮੂ-ਕਸ਼ਮੀਰ ’ਚ ਅੱਤਵਾਦੀ ਹਿੰਸਾ ਦੀਆਂ ਵੱਧਦੀਆਂ ਘਟਨਾਵਾਂ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਤਿੰਨ ਦਿਨਾਂ ਯਾਤਰਾ ’ਤੇ ਸ਼੍ਰੀਨਗਰ ਜਾ ਰਹੇ ਹਨ। ਜੰਮੂ-ਕਸ਼ਮੀਰ ਦਾ ਵਿਸ਼ੇਸ਼ ਰਾਜ ਦਾ ਦਰਜਾ ਖ਼ਤਮ ਕੀਤੇ ਜਾਣ ਅਤੇ ਧਾਰਾ-370 ਨੂੰ ਰੱਦ ਕੀਤੇ ਜਾਣ ਤੋਂ ਬਾਅਦ ਗ੍ਰਹਿ ਮੰਤਰੀ ਦੀ ਇਹ ਪਹਿਲੀ ਕਸ਼ਮੀਰ ਯਾਤਰਾ ਹੈ। ਸ਼੍ਰੀਨਗਰ ਪਹੁੰਚਣ ਮਗਰੋਂ ਉਹ ਦੁਪਹਿਰ ਸਾਢੇ 12 ਵਜੇ ਏਕੀਕ੍ਰਤ ਕਮਾਨ ਦੀ ਬੈਠਕ ’ਚ ਸੁਰੱਖਿਆ ਵਿਵਸਥਾ ਦੀ ਸਥਿਤੀ ਦੀ ਸਮੀਖਿਆ ਕਰਨਗੇ। ਬੈਠਕ ਵਿਚ ਅੱਤਵਾਦੀ ਹਿੰਸਾ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਰਣਨੀਤੀ ਅਤੇ ਯੋਜਨਾਵਾਂ ’ਤੇ ਸਲਾਹ-ਮਸ਼ਵਰਾ ਕੀਤਾ ਜਾਵੇਗਾ।
ਬੈਠਕ ਵਿਚ ਉੱਪ ਰਾਜਪਾਲ ਮਨੋਜ ਸਿਨਹਾ ਅਤੇ ਸੁਰੱਖਿਆ ਦਸਤਿਆਂ ਅਤੇ ਹੋਰ ਸਬੰਧਤ ਏਜੰਸੀਆਂ ਦੇ ਸੀਨੀਅਰ ਅਧਿਕਾਰੀ ਵੀ ਹਿੱਸਾ ਲੈਣਗੇ। ਇਸ ਤੋਂ ਬਾਅਦ ਉਹ ਵੀਡੀਓ ਕਾਨਫਰੰਸ ਜ਼ਰੀਏ ਜੰਮੂ-ਕਸ਼ਮੀਰ ਯੂਥ ਕਲੱਬ ਦੇ ਯੁਵਾ ਮੈਂਬਰਾਂ ਨਾਲ ਗੱਲਬਾਤ ਕਰਨਗੇ। ਸ਼ਾਮ ਨੂੰ ਕੇਂਦਰੀ ਗ੍ਰਹਿ ਮੰਤਰੀ ਵੀਡੀਓ ਕਾਨਫਰੰਸ ਜ਼ਰੀਏ ਸ਼੍ਰੀਨਗਰ ਅਤੇ ਸ਼ਾਰਜਾਹ ਵਿਚਾਲੇ ਕੌਮਾਂਤਰੀ ਉਡਾਣ ਸੇਵਾ ਦਾ ਸ਼ੁੱਭ ਆਰੰਭ ਕਰਨਗੇ। ਸ਼ਾਹ ਦੇ ਦੌਰੇ ਤੋਂ ਪਹਿਲਾਂ ਸ਼੍ਰੀਨਗਰ ਸਮੇਤ ਪੂਰੇ ਕਸ਼ਮੀਰ ’ਚ ਸੁਰੱਖਿਆ ਵਿਵਸਥਾ ਹੋਰ ਸਖ਼ਤ ਕਰ ਦਿੱਤੀ ਗਈ ਹੈ।
ਪੁਲਸ ਅਤੇ ਕੇਂਦਰੀ ਹਥਿਆਰਬੰਦ ਦਸਤਿਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਪੁਲਸ ਮੁਤਾਬਕ ਸ਼ਾਹ ਦੇ ਦੌਰੇ ਦੌਰਾਨ ਗੁਪਕਾਰ ਰੋਡ ਅਤੇ ਬਾਊਲੇਵਡਰ ਦਾ ਇਕ ਹਿੱਸਾ ਬੰਦ ਰਹੇਗਾ। ਸ਼ਾਹ ਦਾ ਇਹ ਦੌਰਾ ਅਜਿਹੇ ਸਮੇਂ ਵਿਚ ਹੋ ਰਿਹਾ ਹੈ, ਜਦੋਂ ਕਸ਼ਮੀਰ ਵਿਚ ਨਿਸ਼ਾਨਾ ਬਣਾ ਕੇ ਕੀਤੇ ਕਤਲ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ। ਅਕਤੂਬਰ ਮਹੀਨੇ ਵਿਚ 11 ਨਾਗਰਿਕ ਮਾਰੇ ਗਏ, ਜਿਨ੍ਹਾਂ ’ਚ ਜ਼ਿਆਦਾਤਰ ਪ੍ਰਵਾਸੀ ਮਜ਼ਦੂਰ ਅਤੇ ਘੱਟ ਗਿਣਤੀ ਸਨ। ਇਸ ਮਹੀਨੇ ਫ਼ੌਜ ਨੇ ਜੰਮੂ-ਕਸ਼ਮੀਰ ਵਿਚ ਆਪਣੇ 10 ਜਵਾਨਾਂ ਨੂੰ ਗੁਆਇਆ ਹੈ।