ਗੁਜਰਾਤ ਦੰਗਿਆਂ ਨੂੰ ਲੈ ਕੇ ਬੋਲੇ ਅਮਿਤ ਸ਼ਾਹ, ਝੂਠੇ ਦੋਸ਼ ਲਾਉਣ ਵਾਲੇ ਮੋਦੀ ਅਤੇ ਦੇਸ਼ ਤੋਂ ਮੰਗਣ ਮੁਆਫੀ
Sunday, Jun 26, 2022 - 02:26 PM (IST)
ਨਵੀਂ ਦਿੱਲੀ– ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਕਿਹਾ ਕਿ ਗੁਜਰਾਤ ਦੰਗਿਆਂ ਦੇ ਸਬੰਧ ’ਚ ਸੁਪਰੀਮ ਕੋਰਟ ਦੇ ਫੈਸਲੇ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸਿਆਸੀ ਸਾਜ਼ਿਸ਼ ਦੇ ਤਹਿਤ ਦੋਸ਼ ਲਾਏ ਗਏ ਸਨ ਅਤੇ ਦੋਸ਼ ਲਾਉਣ ਵਾਲਿਆਂ ਨੂੰ ਹੁਣ ਸ੍ਰੀ ਮੋਦੀ, ਦੇਸ਼ ਅਤੇ ਭਾਰਤੀ ਜਨਤਾ ਪਾਰਟੀ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਸ਼ਾਹ ਨੇ ਅੱਜ ਆਪਣੇ ਇਕ ਇੰਟਰਵਿਊ ਦੇ ਕੁਝ ਅੰਸ਼ਾਂ ਨੂੰ ਸਿਲਸਲੇਵਾਰ ਟਵੀਟ ’ਚ ਸੋਸ਼ਲ ਮੀਡੀਆ ’ਤੇ ਸਾਂਝੇ ਕਰਦੇ ਹੋਏ ਕਿਹਾ ਕਿ ਅਦਾਲਤ ਦੇ ਫੈਸਲੇ ਨਾਲ ਸਪੱਸ਼ਟ ਹੋ ਗਿਆ ਹੈ ਕਿ ਇਹ ਸਾਰੇ ਦੋਸ਼ ਸਿਆਸੀ ਸਾਜ਼ਿਸ਼ ਤਹਿਤ ਲਾਏ ਗਏ ਸਨ ਅਤੇ ਹੁਣ ਇਹ ਦੋਸ਼ ਲਾਉਣ ਵਾਲਿਆਂ ਨੂੰ ਮੋਦੀ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਉਨ੍ਹਾਂ ਕਿਹਾ, ‘ਸੁਪਰੀਮ ਕੋਰਟ ਦੇ ਫੈਸਲੇ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਨਰਿੰਦਰ ਮੋਦੀ ’ਤੇ ਲਾਏ ਗਏ ਦੋਸ਼ ਸਿਆਸੀ ਸਾਜ਼ਿਸ਼ ਸਨ। ਮੋਦੀ ਜੀ, ਬਿਨਾਂ ਇਕ ਸ਼ਬਦ ਬੋਲੇ, ਸਾਰੇ ਦੁੱਖਾਂ ਨੂੰ ਭਗਵਾਨ ਸ਼ੰਕਰ ਦੇ ਜ਼ਹਿਰ ਪੀਣ ਵਾਂਗ 18-19 ਸਾਲਾਂ ਤੱਕ ਸਹਿਨ ਕਰ ਕੇ ਲੜਦੇ ਰਹੇ। ਹੁਣ ਸੱਚ ਸੋਨੇ ਵਾਂਗ ਚਮਕਦਾ ਹੋਇਆ ਬਾਹਰ ਆਇਆ ਹੈ, ਇਹ ਮਾਣ ਵਾਲੀ ਗੱਲ ਹੈ।’
ਹਾਲ ਹੀ ’ਚ ਕਾਂਗਰਸ ਨੇਤਾ ਰਾਹੁਲ ਗਾਂਧੀ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਕਾਂਗਰਸ ਵਰਕਰਾਂ ਵੱਲੋਂ ਦਿੱਤੇ ਗਏ ਧਰਨੇ ਅਤੇ ਪ੍ਰਦਰਸ਼ਨ ’ਤੇ ਵਿਅੰਗ ਕਸਦਿਆਂ ਉਨ੍ਹਾਂ ਨੇ ਇਕ ਹੋਰ ਟਵੀਟ ’ਚ ਕਿਹਾ, ‘ਲੋਕਤੰਤਰ ’ਚ ਸੰਵਿਧਾਨ ਦਾ ਸਨਮਾਨ ਕਿਵੇਂ ਹੋ ਸਕਦਾ ਹੈ, ਇਸ ਦੀ ਆਦਰਸ਼ ਉਦਾਹਰਣ ਹੈ ਨਰਿੰਦਰ ਮੋਦੀ ਜੀ ਨੇ ਪੇਸ਼ ਕੀਤੀ ਹੈ। ਮੋਦੀ ਜੀ ਤੋਂ ਘੰਟਿਆਂਬੱਧੀਂ ਪੁੱਛਗਿੱਛ ਕੀਤੀ ਗਈ ਪਰ ਅਸੀਂ ਕੋਈ ਧਰਨਾ-ਪ੍ਰਦਰਸ਼ਨ ਨਹੀਂ ਕੀਤਾ। ਜੇਕਰ ਝੂਠੇ ਦੋਸ਼ ਲਾਉਣ ਵਾਲੇ ਲੋਕਾਂ ਦਾ ਜ਼ਮੀਰ ਹੈ ਤਾਂ ਉਨ੍ਹਾਂ ਨੂੰ ਮੋਦੀ, ਭਾਜਪਾ ਅਤੇ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ।’
ਉਨ੍ਹਾਂ ਟਵੀਟ ਕੀਤਾ, ‘ਕੁਝ ਪੱਤਰਕਾਰਾਂ, ਐੱਨ. ਜੀ. ਓ. ਅਤੇ ਭਾਜਪਾ ਵਿਰੋਧੀ ਸਿਆਸੀ ਪਾਰਟੀਆਂ ਨੇ ਝੂਠੇ ਦੋਸ਼ ਲਗਾ ਕੇ ਮੋਦੀ ਜੀ ਨੂੰ ਇਕ ਸੰਗਠਿਤ ਗਿਰੋਹ ਵਾਂਗ ਉਨ੍ਹਾਂ ਨੂੰ ਪ੍ਰਚਾਰਿਆ ਹੈ ਪਰ ਦੇਸ਼ ਦੇ ਲੋਕਾਂ ਨੇ ਇਨ੍ਹਾਂ ਦੋਸ਼ਾਂ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ। ਲੋਕਤੰਤਰ ’ਚ ਲੋਕ ਫਤਵੇ ਦਾ ਵੱਡਾ ਮਹੱਤਵ ਰੱਖਦਾ ਹੈ ਅਤੇ ਇੰਨੇ ਸਾਲਾਂ ਤੋਂ ਦੇਸ਼ ਦੀ ਜਨਤਾ ਦਿਲੋਂ ਮੋਦੀ ਜੀ ਦੇ ਨਾਲ ਖੜ੍ਹੀ ਹੈ।’