ਜਨਮ ਦਿਨ 'ਤੇ ਵਿਸ਼ੇਸ਼ : ਅਜਿਹਾ ਰਿਹਾ ਅਮਿਤ ਸ਼ਾਹ ਦਾ ਰਾਜਨੀਤੀ 'ਚ ਆਉਣ ਦਾ ਸਫਰ

10/22/2019 11:58:10 AM

ਨਵੀਂ ਦਿੱਲੀ— ਭਾਜਪਾ ਪਾਰਟੀ ਦੇ ਪ੍ਰਧਾਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ 55 ਸਾਲ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ ਦਿਨ 22 ਅਕਤੂਬਰ 1964 ਨੂੰ ਮੁੰਬਈ 'ਚ ਇਕ ਗੁਜਰਾਤੀ ਪਰਿਵਾਰ ਵਿਚ ਹੋਇਆ। ਉਨ੍ਹਾਂ ਦੀ ਮਾਂ ਦਾ ਨਾਂ ਕੁਸੁਮਬੇਨ ਅਤੇ ਪਿਤਾ ਦਾ ਨਾਂ ਅਨਿਲਚੰਦਰ ਸ਼ਾਹ ਹੈ। ਅਮਿਤ ਸ਼ਾਹ ਨੂੰ ਮੌਜੂਦਾ ਰਾਜਨੀਤੀ ਦਾ ਚਾਣਕਿਆ ਮੰਨਿਆ ਜਾਂਦਾ ਹੈ। ਅਮਿਤ ਦਾ ਰਾਜਨੀਤੀ ਦਾ ਸ਼ਹਿਸ਼ਾਹ ਬਣਨ ਤਕ ਦਾ ਸਫਰ ਕਾਫੀ ਦਿਲਚਸਪ ਹੈ। ਹਾਲਾਂਕਿ ਉਨ੍ਹਾਂ ਨੂੰ ਰਾਜਨੀਤੀ ਵਿਰਾਸਤ ਵਿਚ ਨਹੀਂ ਮਿਲੀ ਹੈ। ਅਮਿਤ ਸ਼ਾਹ 16 ਸਾਲ ਦੀ ਉਮਰ ਤਕ ਆਪਣੇ ਜੱਦੀ ਪਿੰਡ ਗੁਜਰਾਤ ਦੇ ਮਾਨਸਾ 'ਚ ਰਹੇ ਅਤੇ ਉੱਥੋਂ ਹੀ ਸਕੂਲੀ ਸਿੱਖਿਆ ਹਾਸਲ ਕੀਤੀ। ਇਸ ਤੋਂ ਬਾਅਦ ਜਦੋਂ ਉਨ੍ਹਾਂ ਦਾ ਪਰਿਵਾਰ ਅਹਿਮਦਾਬਾਦ ਸ਼ਿਫਟ ਹੋ ਗਿਆ, ਤਾਂ ਉਹ ਵੀ ਇੱਥੇ ਆ ਗਏ। 

ਪੜ੍ਹਾਈ ਤੇ ਸਿਆਸੀ ਸਫਰ—
ਉਨ੍ਹਾਂ ਨੇ ਅਹਿਮਦਾਬਾਦ ਤੋਂ ਹੀ ਬੀ. ਐੱਸ. ਸੀ. ਦੀ ਪੜ੍ਹਾਈ ਕੀਤੀ। ਉਨ੍ਹਾਂ ਨੇ ਆਪਣੇ ਪਿਤਾ ਦੇ ਪਲਾਸਟਿਕ ਦੇ ਪਾਈਪ ਦਾ ਕਾਰੋਬਾਰ ਵੀ ਸੰਭਾਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸਟੋਕ ਮਾਰਕੀਟ 'ਚ ਕਦਮ ਰੱਖਿਆ ਅਤੇ ਸ਼ੇਅਰ ਬਰੋਕਰ ਦੇ ਰੂਪ ਵਿਚ ਕੰਮ ਕੀਤਾ। ਜਦੋਂ ਉਨ੍ਹਾਂ ਨੇ ਰਾਜਨੀਤੀ ਵਿਚ ਕਦਮ ਰੱਖਿਆ ਤਾਂ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। 

1980 'ਚ ਆਰ. ਐੱਸ. ਐੱਸ. ਨਾਲ ਜੁੜੇ— 
ਅਮਿਤ 1980 'ਚ ਰਾਸ਼ਟਰੀ ਸਵੈ-ਸੇਵਕ ਸੰਘ (ਆਰ. ਐੱਸ. ਐੱਸ.) ਨਾਲ ਜੁੜ ਗਏ ਸਨ ਅਤੇ ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ (ਏ. ਬੀ. ਵੀ. ਪੀ.) ਦੇ ਵਰਕਰ ਬਣੇ ਸਨ। ਸ਼ਾਹ ਆਪਣੀ ਕਾਰਜ ਕੁਸ਼ਲਤਾ ਦੇ ਦਮ 'ਤੇ ਮਹਿਜ ਦੋ ਸਾਲ ਬਾਅਦ ਯਾਨੀ 1982 'ਚ ਏ. ਬੀ. ਵੀ. ਪੀ. ਦੀ ਗੁਜਰਾਤ ਇਕਾਈ ਦੇ ਸੰਯੁਕਤ ਸਕੱਤਰ ਬਣ ਗਏ। ਇਸ ਦੌਰਾਨ ਹੀ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਹੋਈ ਸੀ ਅਤੇ ਇਹ ਮੁਲਾਕਾਤ ਦੋਸਤੀ ਵਿਚ ਬਦਲ ਗਈ। ਸਾਲ 1987 'ਚ ਸ਼ਾਹ ਭਾਜਪਾ ਦੀ ਯੁਵਾ ਇਕਾਈ ਮੋਰਚਾ 'ਚ ਸ਼ਾਮਲ ਹੋਏ ਅਤੇ ਸਰਗਰਮ ਰਾਜਨੀਤੀ ਜੀਵਨ ਦੀ ਸ਼ੁਰੂਆਤ ਕੀਤੀ। 

ਪਹਿਲੀ ਵਾਰ ਸਰਖੇਜ ਸੀਟ ਤੋਂ ਵਿਧਾਇਕ ਚੁਣੇ ਗਏ—
ਅਮਿਤ ਸ਼ਾਹ ਨੇ ਸਾਲ 1997 ਵਿਚ ਪਹਿਲੀ ਵਾਰ ਗੁਜਰਾਤ ਦੀ ਸਰਖੇਜ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਦੇ ਤੌਰ 'ਤੇ ਵਿਧਾਇਕ ਅਹੁਦੇ ਲਈ ਨਾਮਜ਼ਦਗੀ ਪੱਤਰ ਭਰਿਆ ਅਤੇ ਭਾਰੀ ਵੋਟਾਂ ਨਾਲ ਜਿੱਤ ਹਾਸਲ ਕੀਤੀ। ਸ਼ਾਹ ਨੂੰ 1998 'ਚ ਭਾਜਪਾ ਪਾਰਟੀ ਦੀ ਗੁਜਰਾਤ ਇਕਾਈ ਦਾ ਪ੍ਰਦੇਸ਼ ਸਕੱਤਰ ਬਣਾਇਆ ਗਿਆ। 

2002 'ਚ ਗੁਜਰਾਤ ਸਰਕਾਰ 'ਚ ਬਣੇ ਮੰਤਰੀ—
ਅਮਿਤ ਸ਼ਾਹ ਸਾਲ 2002 ਵਿਚ ਪਹਿਲੀ ਵਾਰ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਇਸ ਤੋਂ ਬਾਅਦ ਗੁਜਰਾਤ ਸਰਕਾਰ ਦੇ ਮੰਤਰੀ ਦੇ ਰੂਪ ਵਿਚ ਗ੍ਰਹਿ, ਆਵਾਜਾਈ, ਸੰਸਦੀ ਕਾਰਜ, ਆਬਕਾਰੀ ਵਰਗੇ ਮਹੱਤਵਪੂਰਨ ਵਿਭਾਗਾਂ ਦੀ ਜ਼ਿੰਮੇਵਾਰੀ ਸੰਭਾਲੀ। ਭਾਜਪਾ ਦੇ ਰਾਸ਼ਟਰੀ ਅਗਵਾਈ ਨੇ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਰਾਸ਼ਟਰੀ ਜਨਰਲ ਸਕੱਤਰ ਬਣਾ ਕੇ 80 ਸੰਸਦ ਮੈਂਬਰਾਂ ਵਾਲੇ ਉੱਤਰ ਪ੍ਰਦੇਸ਼ ਦਾ ਮੁਖੀ ਬਣਾਇਆ। ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ ਉੱਤਰ ਪ੍ਰਦੇਸ਼ ਦੀਆਂ 80 ਲੋਕ ਸਭਾ ਸੀਟਾਂ 'ਚੋਂ 71 ਸੀਟਾਂ 'ਤੇ ਇਤਿਹਾਸਕ ਜਿੱਤ ਦਰਜ ਕੀਤੀ। ਜੁਲਾਈ 2014 'ਚ ਸ਼ਾਹ ਨੂੰ ਭਾਜਪਾ ਦਾ ਪ੍ਰਧਾਨ ਬਣਾ ਦਿੱਤਾ ਗਿਆ। ਦੂਜੀ ਵਾਰ ਮੋਦੀ ਸਰਕਾਰ ਲੋਕ ਸਭਾ ਚੋਣਾਂ ਜਿੱਤ ਕੇ ਸੱਤਾ 'ਚ ਆਈ ਤਾਂ ਸ਼ਾਹ ਨੂੰ ਕੇਂਦਰੀ ਗ੍ਰਹਿ ਮੰਤਰੀ ਬਣਾਇਆ ਗਿਆ।


Tanu

Content Editor

Related News