ਅਮਿਤ ਸ਼ਾਹ ਦੀ ''ਸਾਹਸੀ ਸ਼ਖ਼ਸੀਅਤ''; ਮੈਂ ਉਨ੍ਹਾਂ ਵਰਗੀ ਬਣਨਾ ਚਾਹੁੰਦੀ ਹਾਂ: CM ਰੇਖਾ ਗੁਪਤਾ
Friday, Apr 11, 2025 - 03:10 PM (IST)

ਨਵੀਂ ਦਿੱਲੀ- ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਸੰਤ ਮੰਨਦੀ ਹੈ ਪਰ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਾਂਗ ਬਣਨਾ ਚਾਹੁੰਦੀ ਹੈ। ਗੁਪਤਾ ਨੇ ਸ਼ਾਹ ਨੂੰ ਇਕ "ਸਾਹਸੀ ਸ਼ਖਸੀਅਤ" ਅਤੇ ਆਪਣਾ ਦੂਜਾ ਰੋਲ ਮਾਡਲ ਦੱਸਿਆ। ਬੁੱਧਵਾਰ ਸ਼ਾਮ ਨੂੰ ਇਕ ਏਜੰਸੀ ਨਾਲ ਵਿਸ਼ੇਸ਼ ਇੰਟਰਵਿਊ 'ਚ ਮੁੱਖ ਮੰਤਰੀ ਨੇ ਕਿਹਾ ਕਿ ਸ਼ਾਹ ਕੋਲ ਸਖ਼ਤ ਫੈਸਲੇ ਲੈਣ ਅਤੇ ਅੰਤ ਵਿਚ ਉਨ੍ਹਾਂ ਨੂੰ ਲਾਗੂ ਕਰਨ ਦੀ ਸਮਰੱਥਾ ਹੈ, ਭਾਵੇਂ ਰਸਤੇ 'ਚ ਕਿੰਨੀਆਂ ਵੀ ਰੁਕਾਵਟਾਂ ਕਿਉਂ ਨਾ ਆਉਣ। ਪਹਿਲੀ ਵਾਰ ਵਿਧਾਇਕ ਬਣੇ ਗੁਪਤਾ ਨੇ 5 ਫਰਵਰੀ ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ 27 ਸਾਲਾਂ ਵਿਚ ਪਹਿਲੀ ਵਾਰ ਦਿੱਲੀ 'ਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਬਣਾਈ, ਜਿਸ ਨਾਲ ਆਮ ਆਦਮੀ ਪਾਰਟੀ ਦੇ 10 ਸਾਲਾਂ ਦੇ ਸ਼ਾਸਨ ਦਾ ਅੰਤ ਹੋਇਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਨੂੰ ਸੰਤ ਮੰਨਦੀ ਹੈ। ਉਨ੍ਹਾਂ ਨੇ ਸ਼ਾਹ ਦੀ ਸ਼ਲਾਘਾ ਕਰਨ ਤੋਂ ਪਹਿਲਾਂ ਕਿਹਾ ਕਿ ਕੁਝ ਸੰਤ ਭਗਵਾਨ ਦੀ ਸੇਵਾ ਵਿਚ ਸਮਰਪਿਤ ਹੋ ਜਾਂਦੇ ਹਨ। ਪ੍ਰਧਾਨ ਮੰਤਰੀ ਮੋਦੀ ਦੇਸ਼ ਦੀ ਸੇਵਾ ਨੂੰ ਆਪਣੀ ਪੂਜਾ ਮੰਨਦੇ ਹਨ। ਸਾਡੀ ਪਾਰਟੀ ਵਿਚ ਬਹੁਤ ਸਾਰੇ ਹੋਰ ਲੋਕ ਹਨ, ਜਿਨ੍ਹਾਂ ਨੇ ਆਪਣੇ ਤਰੀਕੇ ਨਾਲ ਦੇਸ਼ ਦੀ ਸੇਵਾ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੈ। ਨਿਤਿਨ ਗਡਕਰੀ ਅਤੇ ਅਮਿਤ ਸ਼ਾਹ ਵੀ ਇਨ੍ਹਾਂ 'ਚੋਂ ਹਨ। ਉਨ੍ਹਾਂ ਕਿਹਾ ਕਿ ਸ਼ਾਹ ਨੇ ਬਿਨਾਂ ਕਿਸੇ ਝਿਜਕ ਦੇ ਦੇਸ਼ ਲਈ ਕਈ ਵੱਡੇ ਫੈਸਲੇ ਲਏ ਹਨ।
ਗੁਪਤਾ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਭਾਜਪਾ ਪ੍ਰਤਿਭਾ ਅਤੇ ਸਮਰਪਣ ਨਾਲ ਭਰਪੂਰ (ਪਾਰਟੀ) ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ 'ਚ ਪਾਲਣ-ਪੋਸ਼ਣ ਅਜਿਹਾ ਹੈ ਕਿ ਪਹਿਲਾਂ ਉਨ੍ਹਾਂ ਨੂੰ ਤਿਆਰ ਕੀਤਾ ਗਿਆ ਅਤੇ ਹੁਣ ਉਹ ਸਾਨੂੰ ਤਿਆਰ ਕਰ ਰਹੇ ਹਨ ਅਤੇ ਅਸੀਂ ਅਗਲੀ ਪੀੜ੍ਹੀ ਨਾਲ ਵੀ ਅਜਿਹਾ ਹੀ ਕਰਾਂਗੇ। ਇਹ ਇਕ-ਦੂਜੇ ਦਾ ਹੱਥ ਫੜਨ ਦੀ ਕੜੀ ਹੈ। ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ 70 ਮੈਂਬਰੀ ਸਦਨ ਵਿਚ 48 ਸੀਟਾਂ ਜਿੱਤੀਆਂ ਅਤੇ 'ਆਪ' ਨੇ 22 ਸੀਟਾਂ ਜਿੱਤੀਆਂ, ਜਦੋਂ ਕਿ ਕਾਂਗਰਸ ਦੂਜੀ ਵਾਰ ਇਕ ਵੀ ਸੀਟ ਜਿੱਤਣ ਵਿਚ ਅਸਫਲ ਰਹੀ।