ਅੱਜ ਅਮਰੀਕਾ ਜਾਣਗੇ ਪੀ.ਐੱਮ. ਮੋਦੀ, ਜਾਣੋ ਪੂਰਾ ਪ੍ਰੋਗਰਾਮ

Friday, Sep 20, 2019 - 11:56 AM (IST)

ਅੱਜ ਅਮਰੀਕਾ ਜਾਣਗੇ ਪੀ.ਐੱਮ. ਮੋਦੀ, ਜਾਣੋ ਪੂਰਾ ਪ੍ਰੋਗਰਾਮ

ਵਾਸ਼ਿੰਗਟਨ/ਨਵੀਂ ਦਿੱਲੀ (ਬਿਊਰੋ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਵ ਸ਼ੁੱਕਰਵਾਰ (20 ਸਤੰਬਰ) ਨੂੰ ਅਮਰੀਕਾ ਦੇ 7 ਦਿਨੀਂ ਦੌਰੇ 'ਤੇ ਰਵਾਨਾ ਹੋਣਗੇ। ਇਸ ਦੌਰੇ ਦੌਰਾਨ ਮੋਦੀ ਸੰਯੁਕਤ ਰਾਸ਼ਟਰ ਮਹਾਸਭਾ (UNGA) ਨੂੰ ਸੰਬੋਧਿਤ ਕਰਨਗੇ। ਪੀ.ਐੱਮ. ਮੋਦੀ ਦੀ ਇਹ 6ਵੀਂ ਅਮਰੀਕਾ ਯਾਤਰਾ ਹੋਵੇਗੀ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਉਨ੍ਹਾਂ ਦੀ ਦੋ-ਪੱਖੀ ਬੈਠਕ ਹੋਵੇਗੀ। ਐਤਵਾਰ (22 ਸਤੰਬਰ) ਨੂੰ ਹੋਣ ਵਾਲੇ ਹਾਊਡੀ ਮੋਦੀ ਇਵੈਂਟ 'ਤੇ ਪੂਰੀ ਦੁਨੀਆ ਦੀ ਨਜ਼ਰ ਹੈ। ਇਸ ਇਵੈਂਟ ਵਿਚ ਮੋਦੀ ਕਰੀਬ 50 ਹਜ਼ਾਰ ਭਾਰਤੀ-ਅਮਰੀਕੀਆਂ ਨੂੰ ਸੰਬੋਧਿਤ ਕਰਨਗੇ। ਹੁਣ ਉਸ ਸਟੇਡੀਅਮ ਦੀ ਤਸਵੀਰ ਵੀ ਸਾਹਮਣੇ ਆਈ ਹੈ।

 

ਇਵੈਂਟ ਵਿਚ ਰਾਸ਼ਟਰਪਤੀ ਟਰੰਪ ਵੀ ਉਨ੍ਹਾਂ ਨਾਲ ਮੰਚ ਸਾਂਝਾ ਕਰਨਗੇ। 23 ਸਤੰਬਰ ਨੂੰ ਮੋਦੀ ਨਿਊਯਾਰਕ ਜਾਣਗੇ ਜਿੱਥੇ ਉਹ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨਿਓ ਗੁਤਾਰੇਸ ਵੱਲੋਂ ਆਯੋਜਿਤ 2019 ਜਲਵਾਯੂ ਪਰਿਵਰਤਨ 'ਤੇ ਸਿਖਰ ਸੰਮੇਲਨ ਨੂੰ ਸੰਬੋਧਿਤ ਕਰਨਗੇ। 23 ਸਤੰਬਰ ਨੂੰ ਹੀ ਪੀ.ਐੱਮ. ਮੋਦੀ ਅੱਤਵਾਦ ਦੇ ਮੁੱਦੇ 'ਤੇ ਅੰਤਰਰਾਸ਼ਟਰੀ ਨੇਤਾਵਾਂ ਦੀ ਗੱਲਬਾਤ ਵਿਚ ਹਿੱਸਾ ਲੈਣਗੇ। ਗੱਲਬਾਤ ਦੀ ਮੇਜ਼ਬਾਨੀ ਜੌਰਡਨ ਦੇ ਰਾਜਾ ਅਬੁਦੱਲਾ ਦੂਜੇ ਵੱਲੋਂ ਕੀਤੀ ਜਾਵੇਗੀ। ਅਗਲੇ ਦਿਨ 24 ਸਤੰਬਰ ਨੂੰ ਬਿੱਲ ਅਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਵੱਲੋਂ ਪੀ.ਐੱਮ. ਮੋਦੀ ਨੂੰ ਸਨਮਾਨਿਤ ਕੀਤਾ ਜਾਵੇਗਾ। ਮੋਦੀ ਨੂੰ ਇਹ ਸਨਮਾਨ 'ਸਵੱਛ ਭਾਰਤ ਮੁਹਿੰਮ' ਲਈ ਦਿੱਤਾ ਜਾਵੇਗਾ।

ਮੋਦੀ 25 ਸਤੰਬਰ ਨੂੰ ਬਲੂਮਬਰਗ ਗਲੋਬਲ ਬਿਜ਼ਨੈੱਸ ਫੋਰਮ ਨੂੰ ਸੰਬੋਧਿਤ ਕਰਨਗੇ। ਇਹ ਪ੍ਰੋਗਰਾਮ ਨਿਊਯਾਰਕ ਦੇ ਪਲਾਜ਼ਾ ਹੋਟਲ ਵਿਚ ਭਾਰਤੀ ਸਮੇਂ ਮੁਤਾਬਕ ਸ਼ਾਮ 6:30 ਵਜੇ ਸ਼ੁਰੂ ਹੋਵੇਗਾ। ਇਸ ਮਗਰੋਂ ਮੋਦੀ ਭਾਰਤ ਵੱਲੋਂ ਆਯੋਜਿਤ ਨਿਵੇਸ਼ ਨਾਲ ਜੁੜੇ ਪ੍ਰੋਗਰਾਮ ਵਿਚ ਹਿੱਸਾ ਲੈਣਗੇ, ਜਿਸ ਵਿਚ 40 ਵੱਡੀਆਂ ਕੰਪਨੀਆਂ ਹਿੱਸਾ ਲੈਣਗੀਆਂ। 25 ਸਤੰਬਰ ਨੂੰ ਹੀ ਮੋਦੀ ਭਾਰਤ ਕੈਰੀਕਾਮ (ਕੈਰੀਬੀਅਨ ਭਾਈਚਾਰੇ) ਦੀ ਬੈਠਕ ਵਿਚ ਹਿੱਸਾ ਲੈਣਗੇ।

26 ਸਤੰਬਰ ਨੂੰ ਮੋਦੀ ਨਿਊਯਾਰਕ ਵਿਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੇ ਮੌਕੇ 'ਗਾਂਧੀ ਸ਼ਾਂਤੀ ਪਾਰਕ' ਦਾ ਉਦਘਾਟਨ ਕਰਨਗੇ। ਇਹ ਪਾਰਕ ਓਲਡ ਵੈਸਟਬਰੀ ਵਿਚ ਨਿਊਯਾਰਕ ਯੂਨੀਵਰਸਿਟੀ ਦੀ ਸਟੇਟ ਯੂਨੀਵਰਸਿਟੀ ਵਿਚ ਸਥਿਤ ਹੈ। ਇਸ ਦੌਰਾਨ ਅਮਰੀਕੀ ਸਰਕਾਰ ਗਾਂਧੀ ਜੀ 'ਤੇ ਆਧਾਰਿਤ ਇਕ ਡਾਕ ਟਿਕਟ ਵੀ ਜਾਰੀ ਕਰੇਗੀ। 27 ਸਤੰਬਰ ਨੂੰ ਮੋਦੀ ਸੰਯੁਕਤ ਰਾਸ਼ਟਰ ਮਹਾਸਭਾ (UNGA) ਨੂੰ ਸੰਬੋਧਿਤ ਕਰਨਗੇ।


author

Vandana

Content Editor

Related News