US ''ਚ ਮੌਤ, ਮ੍ਰਿਤਕ ਦੇਹ ਭਾਰਤ ਲਿਆਉਣ ਲਈ ਖਰਚ ਹੋਏ 40 ਲੱਖ, ਫਿਰ ਜਾ ਕੇ ਨਸੀਬ ਹੋਈ ਪਿੰਡ ਦੀ ਮਿੱਟੀ
Wednesday, Feb 12, 2025 - 12:34 PM (IST)
![US ''ਚ ਮੌਤ, ਮ੍ਰਿਤਕ ਦੇਹ ਭਾਰਤ ਲਿਆਉਣ ਲਈ ਖਰਚ ਹੋਏ 40 ਲੱਖ, ਫਿਰ ਜਾ ਕੇ ਨਸੀਬ ਹੋਈ ਪਿੰਡ ਦੀ ਮਿੱਟੀ](https://static.jagbani.com/multimedia/2025_2image_12_33_305758372man.jpg)
ਕੁਰੂਕਸ਼ੇਤਰ- ਅਮਰੀਕਾ 'ਚ ਸੜਕ ਹਾਦਸੇ 'ਚ ਮਾਰੇ ਗਏ ਭਾਰਤੀ ਨਾਗਰਿਕ ਨੂੰ ਪਰਿਵਾਰ, ਰਿਸ਼ੇਤਦਾਰਾਂ ਅਤੇ ਸੰਸਥਾਵਾਂ ਦੀ ਮਦਦ ਨਾਲ ਆਖ਼ਰਕਾਰ ਪਿੰਡ ਦੀ ਮਿੱਟੀ ਨਸੀਬ ਹੋਈ। ਕੁਰੂਕਸ਼ੇਤਰ ਦੇ ਠਸਕਾ ਮੀਰਾਂਜੀ ਦੇ ਰਹਿਣ ਵਾਲੇ ਕ੍ਰਿਸ਼ਨ ਕੁਮਾਰ ਦੀ ਮ੍ਰਿਤਕ ਦੇਹ ਅਮਰੀਕਾ ਤੋਂ 13 ਦਿਨਾਂ ਬਾਅਦ ਪਿੰਡ ਲਿਆਂਦੀ ਗਈ, ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਮ੍ਰਿਤਕ ਕ੍ਰਿਸ਼ਨ ਦੇ 10 ਸਾਲਾ ਪੁੱਤਰ ਨੇ ਅਗਨੀ ਦਿੱਤੀ। ਕ੍ਰਿਸ਼ਨ ਦੀ ਮ੍ਰਿਤਕ ਦੇਹ ਨੂੰ 10 ਫਰਵਰੀ ਨੂੰ ਦਿੱਲੀ ਲਿਆਂਦਾ ਗਿਆ ਸੀ। ਦੇਰ ਰਾਤ ਪਰਿਵਾਰ ਵਾਲੇ ਉਸ ਦੀ ਮ੍ਰਿਤਕ ਦੇਹ ਨੂੰ ਪਿੰਡ ਲੈ ਕੇ ਆਏ।
ਅਮਰੀਕਾ 'ਚ ਸੜਕ ਹਾਦਸੇ 'ਚ ਗੁਆਈ ਜਾਨ
ਦਰਅਸਲ 28 ਜਨਵਰੀ ਦੀ ਰਾਤ ਨੂੰ ਅਮਰੀਕਾ ਵਿਚ ਰਹਿ ਰਹੇ ਕ੍ਰਿਸ਼ਨ ਦੀ ਕੰਮ ਤੋਂ ਘਰ ਆਉਂਦੇ ਸਮੇਂ ਸੜਕ ਹਾਦਸੇ ਵਿਚ ਮੌਤ ਹੋ ਗਈ। ਮੌਤ ਦੀ ਸੂਚਨਾ ਮਿਲਦੇ ਹੀ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਅਤੇ ਪਰਿਵਾਰ ਲਗਾਤਾਰ ਕ੍ਰਿਸ਼ਨ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਸੀ।
8 ਮਹੀਨੇ ਪਹਿਲਾਂ ਗਿਆ ਸੀ ਵਿਦੇਸ਼
31 ਸਾਲਾ ਕ੍ਰਿਸ਼ਨ ਕੁਮਾਰ ਕਰੀਬ 8 ਮਹੀਨੇ ਪਹਿਲਾਂ ਕੈਨੇਡਾ ਗਿਆ ਸੀ। ਦੋ ਮਹੀਨੇ ਕੈਨੇਡਾ ਵਿਚ ਰਹਿਣ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ। ਉਹ ਪੈਨਸਿਲਵੇਨੀਆ ਸ਼ਹਿਰ ਵਿਚ ਰਹਿ ਰਿਹਾ ਸੀ। ਕ੍ਰਿਸ਼ਨ ਦੀ ਮਾਸੀ ਦਾ ਮੁੰਡਾ ਅਤੇ ਜੀਜਾ ਵੀ ਇਸ ਸ਼ਹਿਰ ਦੇ ਨੇੜੇ ਹੀ ਰਹਿੰਦੇ ਹਨ। ਉਨ੍ਹਾਂ ਨੇ ਹੀ ਕ੍ਰਿਸ਼ਨ ਨੂੰ ਆਪਣੇ ਕੋਲ ਬੁਲਾਇਆ ਸੀ। ਕ੍ਰਿਸ਼ਨ ਕੁਮਾਰ ਇਕ ਰੈਸਟੋਰੈਂਟ ਵਿਚ ਕੁੱਕ ਦਾ ਕੰਮ ਕਰਦਾ ਸੀ। 28 ਜਨਵਰੀ ਨੂੰ ਕ੍ਰਿਸ਼ਨਾ ਆਪਣੇ ਦੋਸਤ ਨਾਲ ਕਾਰ 'ਚ ਡਿਊਟੀ ਤੋਂ ਘਰ ਪਰਤ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੀ ਕਾਰ ਦਾ ਟਰੱਕ ਨਾਲ ਹਾਦਸਾ ਵਾਪਰ ਗਿਆ, ਜਿਸ 'ਚ ਕ੍ਰਿਸ਼ਨ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੂਰਾ ਪਰਿਵਾਰ ਕ੍ਰਿਸ਼ਨ ਕੁਮਾਰ ਦੇ ਅੰਤਿਮ ਦਰਸ਼ਨ ਦੀ ਉਡੀਕ ਕਰ ਰਿਹਾ ਸੀ।
ਮ੍ਰਿਤਕ ਦੇਹ ਲਿਆਉਣ ਲਈ ਖਰਚ ਹੋਏ 40 ਲੱਖ
ਪਿੰਡ ਦੇ ਸਾਬਕਾ ਸਰਪੰਚ ਦਿਲਬਾਗ ਸਿੰਘ ਗੁਰਾਇਆ ਨੇ ਦੱਸਿਆ ਕਿ ਪਰਿਵਾਰ ਕ੍ਰਿਸ਼ਨ ਕੁਮਾਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਲਗਾਤਾਰ ਯਤਨ ਕਰ ਰਿਹਾ ਸੀ। ਅਮਰੀਕਾ ਰਹਿੰਦੇ ਰਿਸ਼ਤੇਦਾਰਾਂ, ਸੰਸਥਾਵਾਂ ਅਤੇ ਪਰਿਵਾਰ ਦੇ ਯਤਨਾਂ ਸਦਕਾ ਆਖ਼ਰਕਾਰ ਲਾਸ਼ ਸੋਮਵਾਰ ਸਵੇਰੇ ਕਰੀਬ 11 ਵਜੇ ਦਿੱਲੀ ਪੁੱਜੀ। ਦੋ-ਤਿੰਨ ਘੰਟਿਆਂ ਦੀ ਇਮੀਗ੍ਰੇਸ਼ਨ ਕਾਰਵਾਈ ਤੋਂ ਬਾਅਦ ਕ੍ਰਿਸ਼ਨ ਕੁਮਾਰ ਦੀ ਲਾਸ਼ ਸੋਮਵਾਰ ਦੇਰ ਰਾਤ ਪਿੰਡ ਪੁੱਜੀ। ਲਾਸ਼ ਨੂੰ ਭਾਰਤ ਲਿਆਉਣ ਲਈ ਪਰਿਵਾਰ ਨੇ 35 ਤੋਂ 40 ਲੱਖ ਰੁਪਏ ਖਰਚ ਕੀਤੇ ਹਨ। ਪਰਿਵਾਰ 'ਤੇ ਪਹਿਲਾਂ ਹੀ ਦੁੱਖਾਂ ਦਾ ਪਹਾੜ ਬਣਿਆ ਹੋਇਆ ਹੈ ਅਤੇ ਉਨ੍ਹਾਂ ਨੂੰ ਆਪਣੇ ਪੁੱਤਰ ਦੇ ਅੰਤਿਮ ਦਰਸ਼ਨ ਕਰਨ ਲਈ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਅਜਿਹੇ ਮਾਮਲਿਆਂ 'ਚ ਕੋਈ ਸਾਧਾਰਨ ਪ੍ਰਕਿਰਿਆ ਲਾਗੂ ਕਰਨੀ ਚਾਹੀਦੀ ਹੈ ਤਾਂ ਜੋ ਪਰਿਵਾਰ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।