ਭਲਕੇ ਹਵਾਈ ਫ਼ੌਜ ਦੀ ਸ਼ਾਨ ਬਣਨਗੇ ''ਰਾਫ਼ੇਲ'', ਭਾਰਤ ਆਵੇਗੀ ਫਰਾਂਸ ਦੀ ਰੱਖਿਆ ਮੰਤਰੀ

9/9/2020 11:34:25 AM

ਨੈਸ਼ਨਲ ਡੈਸਕ— 10 ਸਤੰਬਰ ਯਾਨੀ ਕਿ ਕੱਲ੍ਹ ਲੜਾਕੂ ਜਹਾਜ਼ 'ਰਾਫ਼ੇਲ' ਹਵਾਈ ਫ਼ੌਜ ਦੀ ਸ਼ਾਨ ਬਣਨਗੇ। 5 ਰਾਫ਼ੇਲ ਲੜਾਕੂ ਜਹਾਜ਼ਾਂ ਨੂੰ ਵੀਰਵਾਰ ਨੂੰ ਅੰਬਾਲਾ ਏਅਰਬੇਸ 'ਤੇ ਰਸਮੀ ਰੂਪ ਨਾਲ ਸ਼ਾਮਲ ਕੀਤਾ ਜਾਵੇਗਾ। ਲੜਾਕੂ ਜਹਾਜ਼ ਦੇ ਹਵਾਈ ਫ਼ੌਜ ਵਿਚ ਸ਼ਾਮਲ ਹੋਣ ਦੇ ਰਸਮੀ ਪ੍ਰੋਗਰਾਮ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ, ਉਨ੍ਹਾਂ ਦੀ ਫਰਾਂਸੀਸੀ ਹਮ ਰੁਤਬਾ ਫਲੋਰੈਂਸ ਪਾਰਲੀ ਅਤੇ ਭਾਰਤ ਦੇ ਸੀਨੀਅਰ ਫ਼ੌਜੀ ਅਧਿਕਾਰੀ ਮੌਜੂਦ ਰਹਿਣਗੇ।

PunjabKesari

ਅਧਿਕਾਰੀਆਂ ਨੇ ਕਿਹਾ ਕਿ ਫਰਾਂਸ ਦੀ ਰੱਖਿਆ ਮੰਤਰੀ ਫਲੋਰੈਂਸ ਪਾਰਲੀ ਵੀਰਵਾਰ ਸਵੇਰੇ ਹੀ ਅੰਬਾਲਾ ਪਹੁੰਚ ਜਾਵੇਗੀ ਅਤੇ ਦੁਪਹਿਰ ਬਾਅਦ ਉਹ ਇੱਥੋਂ ਰਵਾਨਾ ਹੋ ਜਾਵੇਗੀ। ਰੱਖਿਆ ਸੂਤਰਾਂ ਮੁਤਾਬਕ ਰਸਮੀ ਸਮਾਰੋਹ ਮਗਰੋਂ ਫਲੋਰੈਂਸ ਪਾਰਲੀ ਅਤੇ ਰਾਜਨਾਥ ਸਿੰਘ ਦੋਹਾਂ ਦੇਸ਼ਾਂ ਵਿਚਾਲੇ ਦੁਵੱਲੇ ਰੱਖਿਆ ਸੰਬੰਧਾਂ ਅਤੇ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤੀ ਦੇਣ ਲਈ ਅੰਬਾਲਾ 'ਚ ਹੀ ਚਰਚਾ ਕਰਨਗੇ।

PunjabKesari

ਜ਼ਿਕਰਯੋਗ ਹੈ ਹਵਾਈ ਫ਼ੌਜ ਨੇ 59 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਫਰਾਂਸ ਤੋਂ 36 ਰਾਫ਼ੇਲ ਜਹਾਜ਼ ਖਰੀਦਣ ਦਾ ਸੌਦਾ ਕੀਤਾ ਹੈ। ਇਨ੍ਹਾਂ 'ਚੋਂ 5 ਜਹਾਜ਼ਾਂ ਦੀ ਖੇਪ ਬੀਤੀ 29 ਜੁਲਾਈ 2020 ਨੂੰ ਭਾਰਤ ਆਈ ਅਤੇ 4 ਜਹਾਜ਼ਾਂ ਦੀ ਖੇਪ ਅਕਤੂਬਰ-ਨਵੰਬਰ 'ਚ ਆਉਣ ਦੀ ਸੰਭਾਵਨਾ ਹੈ। ਬਾਕੀ ਦੇ ਜਹਾਜ਼ਾਂ ਦੀ ਸਪਲਾਈ 2021 ਦੇ ਅਖ਼ੀਰ ਵਿਚ ਪੂਰੀ ਹੋ ਜਾਣ ਦੀ ਉਮੀਦ ਹੈ। 

PunjabKesari

ਸੂਤਰਾਂ ਮੁਤਾਬਕ ਫਰਾਂਸ ਤੋਂ 36 ਹੋਰ ਲੜਾਕੂ ਜਹਾਜ਼ਾਂ ਦੀ ਸੰਭਾਵਿਤ ਖਰੀਦ 'ਤੇ ਰਾਜਨਾਥ ਸਿੰਘ ਫਲੋਰੈਂਸ ਪਾਰਲੀ ਦੀ ਗੱਲਬਾਤ ਦੌਰਾਨ ਚਰਚਾ ਹੋ ਸਕਦੀ ਹੈ। ਦੱਸ ਦੇਈਏ ਕਿ ਰਾਫ਼ੇਲ ਜਹਾਜ਼ ਅਤਿ-ਆਧੁਨਿਕ ਹਥਿਆਰਾਂ ਅਤੇ ਉੱਨਤ ਪ੍ਰਣਾਲੀ ਨਾਲ ਲੈੱਸ ਹੈ। ਪਾਕਿਸਤਾਨ ਅਤੇ ਚੀਨ 'ਤੇ ਇਕੱਠੇ ਦੋ ਮੋਰਚਿਆਂ 'ਤੇ ਮੁਹਿੰਮ ਲਈ ਹਵਾਈ ਫ਼ੌਜ ਨੂੰ ਰਾਫ਼ੇਲ ਵਰਗੇ ਲੜਾਕੂ ਜਹਾਜ਼ ਦੀ ਬੇਹੱਦ ਲੋੜ ਹੈ।


Tanu

Content Editor Tanu