Amazon ਦੇ ਮਾਲਕ Jeff Bezos ਲਗਾਤਾਰ ਤੀਜੀ ਵਾਰ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ
Thursday, Apr 09, 2020 - 04:38 PM (IST)
ਨਵੀਂ ਦਿੱਲੀ - ਕੋਰੋਨਾਵਾਇਰਸ ਨੇ ਪੂਰੀ ਦੁਨੀਆ ਵਿਚ ਕੋਹਰਾਮ ਮਚਾਇਆ ਹੋਇਆ ਹੈ। ਇਸ ਕਾਰਨ ਵਿਸ਼ਵ ਭਰ ਦੀ ਆਰਥਿਕਤਾ ਡੁੱਬਣ ਦੀ ਰਾਹ ਤੇ ਹੈ। ਇਸ ਕਾਰਨ ਲੱਖਾਂ ਲੋਕ ਆਪਣੀਆਂ ਨੌਕਰੀਆਂ ਗੁਆ ਰਹੇ ਹਨ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਵਿਸ਼ਵ ਭਰ ਦੇ ਕਾਰੋਬਾਰੀਆਂ ਦੀ ਜਾਇਦਾਦ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਐਮਾਜ਼ੋਨ ਦੇ ਸੰਸਥਾਪਕ ਅਤੇ ਸੀ.ਈ.ਓ. ਜੈਫ ਬੇਜੋਸ ਨੇ 113 ਬਿਲੀਅਨ ਡਾਲਰ ਦੇ ਨਾਲ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਵਜੋਂ ਆਪਣਾ ਸਿਖਰਲਾ ਸਥਾਨ ਬਰਕਰਾਰ ਰੱਖਿਆ ਹੋਇਆ ਹੈ। ਇਹ ਗੱਲ ਫੋਰਬਸ ਦੀ 34 ਵੀਂ ਸਾਲਾਨਾ ਵਿਸ਼ਵ ਦੇ ਅਰਬਪਤੀਆਂ ਦੀ ਸੂਚੀ ਵਿਚ ਸਾਹਮਣੇ ਆਈ ਹੈ।
ਫੋਰਬਜ਼ ਨੇ ਕਿਹਾ ਕਿ ਇਸ ਵਾਰ ਸੂਚੀ ਵਿਚ ਜੈੱਫ ਬੇਜੋਸ ਦੀ ਸਾਬਕਾ ਪਤਨੀ ਮੈਕੇਨਜ਼ੀ ਬੇਜੋਸ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ। ਇਸ ਸੂਚੀ ਵਿਚ ਉਹ ਕੁਲ 36 ਅਰਬ ਡਾਲਰ ਦੀ ਜਾਇਦਾਦ ਦੇ ਨਾਲ 22 ਵੇਂ ਨੰਬਰ 'ਤੇ ਹੈ ।
ਦੂਜਾ,ਤੀਜਾ ਅਤੇ ਚੌਥਾ ਸਥਾਨ ਹਾਸਲ ਕਰਨ ਵਾਲੇ ਦਿੱਗਜ
ਮਾਈਕ੍ਰੋਸਾਫਟ ਦੇ ਬਾਨੀ ਬਿਲ ਗੇਟਸ 98 ਬਿਲੀਅਨ ਡਾਲਰ ਦੀ ਜਾਇਦਾਦ ਦੇ ਨਾਲ ਦੂਜੇ ਨੰਬਰ 'ਤੇ ਹਨ। ਲਕਜ਼ਰੀ ਮੈਰਗੇਟ (ਐਲ.ਵੀ.ਐਮ.ਐਚ.ਐਫ.) ਦੇ ਪ੍ਰਧਾਨ ਅਤੇ ਸੀਈਓ ਬਰਨਾਰਡ ਆਰਨੌਲਟ 76 ਬਿਲੀਅਨ ਡਾਲਰ ਦੀ ਜਾਇਦਾਦ ਦੇ ਨਾਲ ਤੀਜੇ ਨੰਬਰ 'ਤੇ ਹਨ। ਵਾਰਨ ਬਫੇ 67.5 ਬਿਲੀਅਨ ਡਾਲਰ ਦੇ ਨਾਲ ਚੌਥੇ ਸਥਾਨ 'ਤੇ ਹਨ।
ਵਿਸ਼ਵ ਦੀ ਸਭ ਤੋਂ ਅਮੀਰ ਔਰਤ ਵਾਲਮਾਰਟ ਦੀ ਵਾਰਿਸ ਐਲਿਸ ਵਾਲਟਨ ਬਣੀ ਹੈ। ਉਹ 54.4 ਬਿਲੀਅਨ ਡਾਲਰ ਦੇ ਨਾਲ ਨੌਵੇਂ ਸਥਾਨ 'ਤੇ ਹੈ।
ਇਸ ਦੇ ਨਾਲ ਹੀ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਇਸ ਸੂਚੀ ਵਿਚ 17ਵਾਂ ਸਥਾਨ ਹਾਸਲ ਕੀਤਾ ਹੈ। ਅੰਬਾਨੀ ਦੀ ਕੁੱਲ ਜਾਇਦਾਦ 44.3 ਅਰਬ ਡਾਲਰ ਹੈ। ਭਾਰਤ ਵਲੋਂ ਇਲ ਸੂਚੀ ਵਿਚ ਸ਼ਾਮਲ ਹੋਣ ਵਾਲੇ ਦੂਜੇ ਵਿਅਕਤੀ ਸ਼ੇਅਰ ਬਾਜ਼ਾਰ ਦੇ ਦਿੱਗਜ ਕਾਰੋਬਾਰੀ ਅਤੇ ਡੀ-ਮਾਰਟ ਦੇ ਬਾਨੀ ਰਾਧਾਕਿ੍ਰਸ਼ਨ ਦਮਾਨੀ 78ਵੇਂ ਸਥਾਨ ਤੇ ਹਨ। ਇਸ ਤੋਂ ਇਲਾਵਾ ਇਸ ਸੂਚੀ ਵਿਚ HCL ਦੇ ਬਾਨੀ ਸ਼ਿਵ ਨਾਡਾਰ 103ਵੇਂ ਸਥਾਨ 'ਤੇ, ਉਦੈ ਕੋਟਕ 129ਵੇਂ ਸਥਾਨ 'ਤੇ ਅਤੇ ਸੁਨੀਲ ਭਾਰਤੀ ਮਿੱਤਲ 154ਵੇਂ ਸਥਾਨ 'ਤੇ ਹਨ।
ਇਹ ਵੀ ਦੇਖੋ : ਹੁਣ HDFC ਦੇ ਗਾਹਕਾਂ ਲਈ ਆਈ ਖੁਸ਼ਖਬਰੀ, ਬੈਂਕ ਨੇ ਘਟਾਈਆਂ ਵਿਆਜ ਦਰਾਂ