ਬਾਬਾ ਬਰਫਾਨੀ ਦੇ ਵਰਚੁਅਲ ਦਰਸ਼ਨ, ਪੂਜਾ ਲਈ ਆਨਲਾਈਨ ਸਹੂਲਤ ਸ਼ੁਰੂ
Sunday, Jul 03, 2022 - 02:22 PM (IST)
ਜੰਮੂ/ਸ਼੍ਰੀਨਗਰ (ਸਤੀਸ਼)- ਸ਼੍ਰੀ ਅਮਰਨਾਥ ਜੀ ਸ਼੍ਰਾਈਨ ਬੋਰਡ ਨੇ ਉਨ੍ਹਾਂ ਸ਼ਰਧਾਲੂਆਂ ਲਈ ਵਰਚੁਅਲ ਪੂਜਾ, ਵਰਚੁਅਲ ਹਵਨ, ਪ੍ਰਸ਼ਾਦ ਬੁਕਿੰਗ ਦਾ ਪ੍ਰਬੰਧ ਕੀਤਾ ਹੈ ਜੋ ਇਸ ਸਾਲ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਨਹੀਂ ਆ ਸਕਦੇ ਤਾਂ ਜੋ ਸ਼ਰਧਾਲੂਆਂ ਨੂੰ ਗੁਫਾ ਦੀ ਸ਼ਰਧਾ ਤੇ ਆਨੰਦ ਦਾ ਨਿੱਜੀ ਤਜਰਬਾ ਮਿਲੇ। ਦੱਸਿਆ ਗਿਆ ਕਿ ਸ਼ਰਧਾਲੂ ਆਪਣੀ ਪੂਜਾ, ਹਵਨ ਅਤੇ ਪ੍ਰਸ਼ਾਦ ਆਨਲਾਈਨ ਬੁੱਕ ਕਰਵਾ ਸਕਦੇ ਹਨ ਅਤੇ ਪਵਿੱਤਰ ਗੁਫਾ ਦੇ ਪੁਜਾਰੀ ਇਸ ਨੂੰ ਸ਼ਰਧਾਲੂ ਦੇ ਨਾਂ ’ਤੇ ਚੜ੍ਹਾਉਣਗੇ। ਇਸ ਤੋਂ ਇਲਾਵਾ ਪ੍ਰਸ਼ਾਦ ਬਾਅਦ ਵਿਚ ਸ਼ਰਧਾਲੂਆਂ ਦੇ ਦਰਵਾਜ਼ਿਆਂ ’ਤੇ ਵੰਡਿਆ ਜਾਵੇਗਾ।
ਵਰਚੁਅਲ ਪੂਜਾ ਦਾ ਪ੍ਰਬੰਧ ਤੇ ਫੀਸ
ਵਰਚੁਅਲ ਪੂਜਾ ਲਈ 1100 ਰੁਪਏ, ਪ੍ਰਸ਼ਾਦ ਬੁੱਕ ਕਰਨ ਲਈ 1100 ਰੁਪਏ (ਸ਼੍ਰੀ ਅਮਰਨਾਥ ਜੀ ਦੇ 5 ਗ੍ਰਾਮ ਚਾਂਦੀ ਦੇ ਸਿੱਕੇ ਨਾਲ) ਤੇ 10 ਗ੍ਰਾਮ ਦੇ ਸਿੱਕੇ ਨਾਲ ਪ੍ਰਸ਼ਾਦ ਲਈ 2100 ਰੁਪਏ ਅਤੇ ਵਿਸ਼ੇਸ਼ ਹਵਨ ਲਈ ਸ਼ਰਧਾਲੂਆਂ ਨੂੰ 5100 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਗੁਫਾ ਮੰਦਰ ਵਿਚ ਪੁਜਾਰੀ ਵੱਲੋਂ ਮੰਤਰਾਂ ਤੇ ਸ਼ਲੋਕਾਂ ਦੇ ਜਾਪ ਨਾਲ ਸ਼ਰਧਾਲੂ ਦੇ ਨਾਂ ਤੇ ਗੋਤਰ ਦਾ ਉਚਾਰਣ ਕਰ ਕੇ ਵਰਚੁਅਲ ਪੂਜਾ ਜਾਂ ਹਵਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਹੱਈਆ ਤਕਨੀਕ ਤੇ ਡਿਜੀਟਲੀਕਰਨ ਦੀ ਵੱਧ ਤੋਂ ਵੱਧ ਵਰਤੋਂ ਕਰਦੇ ਹੋਏ ਸ਼ਰਧਾਲੂਆਂ ਨੂੰ ਜੀਓ ਮੀਟ ਐਪਲੀਕੇਸ਼ਨ ਰਾਹੀਂ ਇਕ ਵਰਚੁਅਲ ਆਨਲਾਈਨ ਰੂਮ ’ਚ ਜਾਣ ਦਿੱਤਾ ਜਾਵੇਗਾ, ਜਿਸ ਵਿਚ ਉਹ ਭਗਵਾਨ ਸ਼ਿਵ ਦੀ ਵਿਸ਼ੇਸ਼ ਵਰਚੁਅਲ ਪੂਜਾ ਤੇ ਦਰਸ਼ਨ ਕਰ ਸਕਦੇ ਹਨ।
ਇਹ ਵੀ ਪੜ੍ਹੋ : ਬਾਬਾ ਬਰਫਾਨੀ ਲਈ ਤੂਫਾਨੀ ਹੋਏ ਸ਼ਰਧਾਲੂ, ਗੁਫਾ ਲਈ ਹਜ਼ਾਰਾਂ ਰਵਾਨਾ
ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਸ਼੍ਰੀ ਅਮਰਨਾਥ ਜੀ ਦੀ ਸਾਲਾਨਾ ਯਾਤਰਾ ’ਤੇ ਗਏ ਇਕ ਸ਼ਰਧਾਲੂ ਦੀ ਬਾਲਟਾਲ ਬੇਸ ਕੈਂਪ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ 54 ਸਾਲਾ ਬਵਿੰਦਲ ਤਾਇਲ ਪੁੱਤਰ ਰਾਮ ਗੋਪਾਲ ਤਾਇਲ ਵਾਸੀ ਬਰੇਲੀ, ਉੱਤਰ ਪ੍ਰਦੇਸ਼ ਬਾਲਟਾਲ ’ਚ ਬੇਹੋਸ਼ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸ਼ਰਧਾਲੂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਦੱਸ ਦਈਏ ਕਿ ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਨੇ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਕਿ ਮੁਸ਼ਕਲ ਯਾਤਰਾ ’ਚ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ। ਹਾਲਾਂਕਿ ਸਿਰਫ ਉਨ੍ਹਾਂ ਸ਼ਰਧਾਲੂਆਂ ਨੂੰ ਹੀ ਯਾਤਰਾ ਲਈ ਮਨਜ਼ੂਰੀ ਦਿੱਤੀ ਜਾਂਦੀ ਹੈ ਜੋ ਜ਼ਰੂਰੀ ਸਿਹਤ ਸਰਟੀਫਿਕੇਟ ਪ੍ਰਦਾਨ ਕਰਦੇ ਹਨ ਅਤੇ ਉਸੇ ਅਧਾਰ ’ਤੇ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ।
11 ਹਜ਼ਾਰ ਤੋਂ ਵੱਧ ਸ਼ਰਧਾਲੂ ਕਰ ਚੁੱਕੇ ਹਨ ਦਰਸ਼ਨ
ਇਸ ਸਾਲ ਦੀ ਅਮਰਨਾਥ ਯਾਤਰਾ ਦੇ ਹੁਣ ਤਕ 11 ਹਜ਼ਾਰ ਤੋਂ ਵੱਧ ਸ਼ਰਧਾਲੂ ਦਰਸ਼ਨ ਕਰ ਚੁੱਕੇ ਹਨ। ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਤੋਂ ਸ਼ਰਧਾਲੂ ਕਾਫੀ ਖੁਸ਼ ਨਜ਼ਰ ਆਏ ਹਨ। ਅਧਿਕਾਰੀਆਂ ਦੇ ਅਨੁਸਾਰ ਵੀਰਵਾਰ ਨੂੰ ਤੀਰਥ ਯਾਤਰਾ ਸ਼ੁਰੂ ਹੋਣ ਤੋਂ ਬਾਅਦ ਹੁਣ ਤਕ 11,000 ਤੋਂ ਵੱਧ ਸ਼ਰਧਾਲੂ ਪਵਿੱਤਰ ਗੁਫਾ ਮੰਦਰ ਦੇ ਦਰਸ਼ਨ ਕਰ ਚੁੱਕੇ ਹਨ, ਜਦੋਂਕਿ 23,214 ਹੋਰ ਵਾਦੀ ਵੱਲ ਵਧ ਚੁੱਕੇ ਹਨ।
ਸੁਰੱਖਿਆ ’ਚ ਜੁਟੀ ਹੈ ਭਾਰਤੀ ਫੌਜ ਦੀ ਚਿਨਾਰ ਕੋਰ
ਸ਼੍ਰੀ ਅਮਰਨਾਥ ਯਾਤਰਾ 30 ਜੂਨ ਤੋਂ ਸ਼ੁਰੂ ਹੋਈ ਹੈ। ਇਸ ਦੀ ਸੁਰੱਖਿਆ ਤੇ ਸੰਚਾਲਨ ਦੇ ਮਾਮਲੇ ’ਚ ਭਾਰਤੀ ਫੌਜ ਦੀ ਚਿਨਾਰ ਕੋਰ ਪ੍ਰਸ਼ਾਸਨ ਦੀ ਮਦਦ ਕਰ ਰਹੀ ਹੈ। ਪ੍ਰਸ਼ਾਸਨ ਨੇ ਤਬਾਹ ਹੋਏ ਪੁਲਾਂ ਦੀ ਬਹਾਲੀ ਲਈ ਚਿਨਾਰ ਕੋਰ ਦੀ ਮੰਗ ਕੀਤੀ ਸੀ, ਜਿਸ ਦੀ ਤੁਰੰਤ ਪ੍ਰਤੀਕਿਰਿਆ ’ਚ ਚਿਨਾਰ ਕੋਰ ਦੇ ਕਿਲੋ ਫੋਰਸ ਨੇ ਪੂਰੇ ਯਤਨ ਕੀਤੇ ਅਤੇ ਹੈਲੀਕਾਪਟਰਾਂ, ਖੱਚਰਾਂ, ਪੋਰਟਰਸ ਤੇ ਮੈਨੁਅਲ ਢੰਗ ਨਾਲ ਇੰਜੀਨੀਅਰ ਰੈਜੀਮੈਂਟ ਵੱਲੋਂ ਬ੍ਰਿਜਿੰਗ ਸਟੋਰਸ ਨੂੰ ਸ਼ਾਮਲ ਕਰਨ ਸਮੇਤ ਸਾਧਨ ਜੁਟਾਏ ਅਤੇ ਹਾਲ ਦਰੁਸਤ ਕੀਤੇ। ਹੁਣ ਇਹ 2 ਸਾਲ ਦੇ ਵਕਫੇ ਤੋਂ ਬਾਅਦ ਵੱਡੇ ਖਤਰੇ ਵਿਚਕਾਰ ਸ਼ੁਰੂ ਹੋਈ ਹੈ, ਇਸ ਲਈ ਸੁਰੱਖਿਅਤ ਤੀਰਥ ਯਾਤਰਾ ਯਕੀਨੀ ਬਣਾਉਣ ਲਈ ਵਿਸਫੋਟਕਾਂ ਦਾ ਪਤਾ ਲਾਉਣ ਦੇ ਨਾਲ-ਨਾਲ ਹੋਰ ਕੰਮਾਂ ਲਈ ਸੁਰੱਖਿਆ ਫੋਰਸਾਂ ਦੇ ਨਾਲ-ਨਾਲ 200 ਉੱਚ ਸ਼ਕਤੀ ਵਾਲੇ ਬੁਲੇਟ ਪਰੂਫ ਵਾਹਨ ਸੰਵੇਦਨਸ਼ੀਲ ਥਾਵਾਂ ’ਤੇ ਰੱਖੇ ਗਏ ਹਨ।
ਇਹ ਵੀ ਪੜ੍ਹੋ : ਬਾਬਾ ਬਰਫ਼ਾਨੀ ਦੇ ਦਰਸ਼ਨਾਂ ਦੀ ਤਾਂਘ, ਸ਼ਰਧਾਲੂਆਂ ਦਾ 5ਵਾਂ ਜਥਾ ਅਮਰਨਾਥ ਯਾਤਰਾ ਲਈ ਰਵਾਨਾ
ਨੈਸ਼ਨਲ ਹਾਈਵੇ ’ਤੇ ਸਮੇਂ ਦੀਆਂ ਪਾਬੰਦੀਆਂ
ਅਮਰਨਾਥ ਯਾਤਰੀਆਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਯਾਤਰੀਆਂ ਲਈ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇ ’ਤੇ ਯਾਤਰਾ ਸਬੰਧੀ ਸਮੇਂ ਦੀਆਂ ਪਾਬੰਦੀਆਂ ਲਾ ਦਿੱਤੀਆਂ ਹਨ। ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਆਉਣ ਵਾਲੇ ਯਾਤਰੀਆਂ ਨੂੰ ਹੁਣ ਸਾਢੇ 3 ਵਜੇ ਤੋਂ ਬਾਅਦ ਬਨਿਹਾਲ-ਕਾਜੀਕੁੰਡ ਟਨਲ ਨੂੰ ਪਾਰ ਨਹੀਂ ਕਰਨ ਦਿੱਤਾ ਜਾਵੇਗਾ। ਪੁਲਸ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਅਮਰਨਾਥ ਯਾਤਰਾ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਕੋਲ ਮੌਜੂਦ ਇਨਪੁੱਟ ਦੇ ਆਧਾਰ ’ਤੇ ਲਿਆ ਗਿਆ ਹੈ, ਜਿਸ ਦੀ ਹਾਈਵੇ ’ਤੇ ਸਖਤੀ ਨਾਲ ਪਾਲਣਾ ਵੀ ਸ਼ੁਰੂ ਹੋ ਗਈ ਹੈ। ਰਾਮਬਨ ਦੀ ਐੱਸ. ਐੱਸ. ਪੀ. ਮੋਹਿਤਾ ਸ਼ਰਮਾ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਜੇ ਕੋਈ ਯਾਤਰੀ ਰਜਿਸਟ੍ਰੇਸ਼ਨ ਪਰਚੀ ਜਾਂ ਆਰ. ਐੱਫ. ਆਈ. ਡੀ. ਕਾਰਡ ਨਾਲ ਡੇਢ ਵਜੇ ਤੋਂ ਬਾਅਦ ਰਾਮਬਨ ਦੇ ਚੰਦਰਕੋਟ ਨੂੰ ਕ੍ਰਾਸ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਚੰਦਰਕੋਟ ’ਚ ਹੀ ਰੋਕ ਲਿਆ ਜਾਵੇਗਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ