2 ਲੱਖ ਸ਼ਰਧਾਲੂਆਂ ਨੇ ਕਰਵਾਈ ਸ੍ਰੀ ਅਮਰਨਾਥ ਯਾਤਰਾ ਲਈ ਰਜਿਸਟਰੇਸ਼ਨ
Wednesday, Jun 27, 2018 - 10:22 AM (IST)

ਜੰਮੂ— ਸਾਲਾਨਾ ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦਾ ਪਹਿਲਾ ਜਥਾ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਬੁੱਧਵਾਰ ਨੂੰ ਸਥਾਨਕ ਭਗਵਤੀ ਨਗਰ ਦੇ ਆਧਾਰ ਕੈਂਪ ਤੋਂ ਰਵਾਨਾ ਹੋਵੇਗਾ। ਮੰਗਲਵਾਰ ਰਾਤ ਤੱਕ ਸਮੁੱਚੇ ਦੇਸ਼ ਵਿਚੋਂ ਲਗਭਗ 2 ਲੱਖ ਸ਼ਰਧਾਲੂਆਂ ਨੇ ਦੱਖਣੀ ਕਸ਼ਮੀਰ ਦੇ ਹਿਮਾਲਿਆ ਖੇਤਰ ਵਿਚ ਸਥਿਤ ਅਮਰਨਾਥ ਗੁਫਾ ਦੀ ਪਵਿੱਤਰ ਯਾਤਰਾ ਲਈ ਆਪਣੀ ਰਜਿਸਟਰੇਸ਼ਨ ਕਰਵਾਈ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਸ਼ਰਧਾਲੂਆਂ ਵਿਚ ਸਾਧੂ ਵੀ ਸ਼ਾਮਲ ਹਨ।
ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਜੰਮੂ ਪਹੁੰਚ ਚੁੱਕੇ ਹਨ। ਪਹਿਲਾ ਜਥਾ ਕਸ਼ਮੀਰ ਦੇ 2 ਆਧਾਰ ਕੈਂਪਾਂ ਬਾਲਟਾਲ ਅਤੇ ਪਹਿਲਗਾਮ ਲਈ ਬੁੱਧਵਾਰ ਰਵਾਨਾ ਹੋਵੇਗਾ। ਇਹ ਸ਼ਰਧਾਲੂ 27 ਜੂਨ ਨੂੰ ਤੜਕੇ ਵੱਖ-ਵੱਖ ਮੋਟਰ ਗੱਡੀਆਂ ਵਿਚ ਸਵਾਰ ਹੋ ਕੇ ਰਵਾਨਾ ਹੋਣਗੇ। ਉਹ ਕਸ਼ਮੀਰ ਦੇ ਗੰਦਰਬਲ ਸਥਿਤ ਬਾਲਟਾਲ ਅਤੇ ਅਨੰਤਨਾਗ ਸਥਿਤ ਨੁਨਵਾਨ-ਪਹਿਲਗਾਮ ਆਧਾਰ ਕੈਂਪ ਵਿਖੇ ਪੁੱਜਣਗੇ। ਅਗਲੇ ਦਿਨ ਪੈਦਲ ਹੀ 3880 ਮੀਟਰ ਦੀ ਉਚਾਈ 'ਤੇ ਸਥਿਤ ਗੁਫਾ ਲਈ ਰਵਾਨਾ ਹੋਣਗੇ। ਯਾਤਰਾ ਦੀ ਸਮਾਪਤੀ 26 ਅਗਸਤ ਨੂੰ ਰੱਖੜੀ ਵਾਲੇ ਦਿਨ ਹੋਵੇਗੀ।
ਸ਼ਰਧਾਲੂਆਂ ਦੀ ਸੁਰੱਖਿਆ ਲਈ ਸੀ. ਆਰ. ਪੀ. ਐੱਫ. ਦੇ ਮੋਟਰਸਾਈਕਲ ਦਸਤੇ ਤਿਆਰ : ਪੁਲਸ ਮਹਾਨਿਰੀਖਕ
ਜੰਮੂ ਦੇ ਪੁਲਸ ਮਹਾਨਿਰੀਖਕ ਐੱਸ. ਡੀ. ਸਿੰਘ ਜਮਵਾਲ ਨੇ ਦੱਸਿਆ ਕਿ ਸੁਚਾਰੂ ਅਤੇ ਸ਼ਾਂਤਮਈ ਤੀਰਥ ਯਾਤਰਾ ਲਈ ਹਰ ਤਰ੍ਹਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸੁਰੱਖਿਆ ਫੋਰਸਾਂ ਦੇ ਜਵਾਨ ਪੂਰੀ ਤਰ੍ਹਾਂ ਚੌਕਸ ਹਨ। ਦੇਸ਼ ਵਿਰੋਧੀ ਅਨਸਰਾਂ ਅਤੇ ਸਰਹੱਦ ਪਾਰ ਬੈਠੇ ਉਨ੍ਹਾਂ ਦੇ ਆਕਾਵਾਂ ਦੇ ਨਾਪਾਕ ਇਰਾਦਿਆਂ ਨੂੰ ਨਾਕਾਮ ਕਰਨ ਲਈ ਸਭ ਢੁਕਵੇਂ ਕਦਮ ਚੁੱਕੇ ਗਏ ਹਨ। ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ 2 ਲੱਖ ਦੇ ਲਗਭਗ ਸ਼ਰਧਾਲੂਆਂ ਨੇ ਯਾਤਰਾ ਲਈ ਰਜਿਸਟਰੇਸ਼ਨ ਕਰਵਾਈ ਹੈ। ਇਸ ਵਾਰ ਅਮਰਨਾਥ ਜਾਣ ਵਾਲੀਆਂ ਮੋਟਰ ਗੱਡੀਆਂ ਵਿਚ ਰੇਡੀਓ ਫ੍ਰੀਕੁਐਂਸੀ ਟੈਗ ਦੀ ਵਰਤੋਂ ਕੀਤੀ ਜਾਏਗੀ। ਸੀ. ਆਰ. ਪੀ. ਐੱਫ. ਦੇ ਮੋਟਰਸਾਈਕਲ ਦਸਤੇ ਵੀ ਸਰਗਰਮ ਰਹਿਣਗੇ। ਆਧਾਰ ਕੈਂਪਾਂ, ਮੰਦਰਾਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਅਤੇ ਹੋਰ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਆਲੇ-ਦੁਆਲੇ ਸੁਰੱਖਿਆ ਦੇ ਭਾਰੀ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਸਦੇ ਨਾਲ ਹੀ ਸ਼ਰਧਾਲੂਆਂ ਵਲੋਂ ਲਏ ਗਏ ਪ੍ਰੀਪੇਡ ਮੋਬਾਇਲ ਨੰਬਰਾਂ ਦੀ ਵੈਲੇਡਿਟੀ 7 ਦਿਨ ਤੋਂ ਵਧਾ ਕੇ 10 ਦਿਨ ਤੱਕ ਕਰ ਦਿੱਤੀ ਗਈ ਹੈ। ਇਸ ਸਾਲ ਦੀ ਤੀਰਥ ਯਾਤਰਾ ਲਈ ਜੰਮੂ-ਕਸ਼ਮੀਰ ਪੁਲਸ, ਨੀਮ-ਸੁਰੱਖਿਆ ਫੋਰਸਾਂ, ਐੱਨ. ਡੀ. ਆਰ. ਐੱਫ. ਅਤੇ ਫੌਜ ਦੇ ਲਗਭਗ 40 ਹਜ਼ਾਰ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਯਾਤਰਾ ਦੀ ਸੁਰੱਖਿਆ ਲਈ ਸੀ. ਆਰ. ਪੀ. ਐੱਫ. ਨੇ ਅਜਿਹੇ ਮੋਟਰਸਾਈਕਲ ਦਸਤੇ ਤਿਆਰ ਕੀਤੇ ਹਨ ਜੋ ਯਾਤਰਾ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਦੇ ਨਾਲ-ਨਾਲ ਲੋੜ ਪੈਣ 'ਤੇ ਮਿੰਨੀ ਐਂਬੂਲੈਂਸ ਦਾ ਕੰਮ ਵੀ ਕਰਨਗੇ।