ਅਮਰਨਾਥ ਯਾਤਰਾ ਲਈ 3.5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕਰਵਾਇਆ ਰਜਿਸਟਰੇਸ਼ਨ
Saturday, May 17, 2025 - 12:20 PM (IST)

ਜੰਮੂ- ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਹੌਲੀ-ਹੌਲੀ ਆਮ ਹੋਣ ਅਤੇ ਸਰਹੱਦ 'ਤੇ ਗੋਲੀਬਾਰੀ ਬੰਦ ਹੋਣ 'ਤੇ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ 3 ਜੁਲਾਈ ਤੋਂ 9 ਅਗਸਤ ਤੱਕ ਚੱਲਣ ਵਾਲੀ ਸ਼੍ਰੀ ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦੇ ਸਵਾਗਤ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਹੁਣ ਤੱਕ ਦੇਸ਼ ਭਰ ਤੋਂ 3.5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਆਨਲਾਈਨ ਰਜਿਸਟਰੇਸ਼ਨ ਕਰਵਾਈ ਹੈ। ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ 2,000 ਸ਼ਰਧਾਲੂਆਂ ਦੀ ਸਮਰੱਥਾ ਵਾਲੇ ਜੰਮੂ ਦੇ ਯਾਤਰੀ ਨਿਵਾਸ ਦਾ ਨਵੀਨੀਕਰਨ ਕੀਤਾ ਜਾਵੇਗਾ ਅਤੇ ਜੂਨ ਦੇ ਅੱਧ ਤੱਕ ਸ਼ਰਧਾਲੂਆਂ ਲਈ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ। ਅਧਿਕਾਰੀਆਂ ਨੇ ਕਿਹਾ,"ਸਰਹੱਦਾਂ 'ਤੇ ਸਥਿਤੀ ਸ਼ਾਂਤੀਪੂਰਨ ਹੈ ਅਤੇ ਆਮ ਸਥਿਤੀ ਬਹਾਲ ਹੋ ਗਈ ਹੈ।" ਉਨ੍ਹਾਂ ਕਿਹਾ ਕਿ ਬਹੁਤ ਜਲਦੀ ਹੀ ਭਗਵਤੀ ਨਗਰ ਦੇ ਯਾਤਰੀ ਨਿਵਾਸ 'ਚ ਮੁਰੰਮਤ ਦਾ ਕੰਮ ਸ਼ੁਰੂ ਹੋ ਜਾਵੇਗਾ, ਜੋ ਕਿ ਜੰਮੂ 'ਚ ਸ਼੍ਰੀ ਅਮਰਨਾਥ ਯਾਤਰਾ ਦਾ ਅਧਾਰ ਕੈਂਪ ਹੈ ਅਤੇ ਇਸ ਨੂੰ 20 ਜੂਨ ਤੱਕ ਸੈਰ-ਸਪਾਟਾ ਵਿਭਾਗ ਨੂੰ ਸੌਂਪ ਦਿੱਤਾ ਜਾਵੇਗਾ। ਉਨ੍ਹਾਂ ਕਿਹਾ,"ਜੰਮੂ ਯਾਤਰੀ ਨਿਵਾਸ ਤੋਂ ਸ਼ਰਧਾਲੂਆਂ ਦਾ ਪਹਿਲਾ ਜੱਥਾ 2 ਜੁਲਾਈ ਨੂੰ ਪਹਿਲਗਾਮ ਅਤੇ ਬਾਲਟਾਲ ਦੇ ਰਵਾਇਤੀ ਰਸਤੇ ਰਾਹੀਂ ਸ਼੍ਰੀ ਅਮਰਨਾਥ ਲਈ ਰਵਾਨਾ ਹੋਵੇਗਾ।" ਉਨ੍ਹਾਂ ਕਿਹਾ ਕਿ 14 ਅਪ੍ਰੈਲ ਤੋਂ ਹੁਣ ਤੱਕ ਦੇਸ਼ ਭਰ ਤੋਂ ਸਾਢੇ ਤਿੰਨ ਲੱਖ ਤੋਂ ਵੱਧ ਸ਼ਰਧਾਲੂਆਂ ਨੇ ਯਾਤਰਾ ਲਈ ਆਨਲਾਈਨ ਰਜਿਸਟਰੇਸ਼ਨ ਕਰਵਾਈ ਹੈ।
ਉਨ੍ਹਾਂ ਕਿਹਾ,''ਸ਼ਰਧਾਲੂਆਂ 'ਚ ਕਾਫ਼ੀ ਉਤਸ਼ਾਹ ਹੈ ਅਤੇ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਉਹ ਯਾਤਰਾ ਦੌਰਾਨ ਗੁਫ਼ਾ ਮੰਦਰ 'ਚ ਜਾਣ ਲਈ ਤਿਆਰ ਹਾਂ।'' ਡਿਵੀਜ਼ਨਲ ਅਤੇ ਜ਼ਿਲ੍ਹਾ ਪੱਧਰ 'ਤੇ ਪ੍ਰਸ਼ਾਸਨ ਨੇ ਸੰਬੰਧਤ ਅਧਿਕਾਰੀਆਂ ਨੂੰ ਯਾਤਰਾ ਦੀਆਂ ਤਿਆਰੀਆਂ 'ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਅਧਿਕਾਰੀਆਂ ਨੇ ਕਿਹਾ,''ਸ਼ਰਧਾਲੂਆਂ ਨੂੰ ਜੰਮੂ ਕਸ਼ਮੀਰ-ਪੰਜਾਬ ਸਰਹੱਦ ਦੇ ਲਖਨਪੁਰ 'ਚ ਪ੍ਰਵੇਸ਼ ਦੁਆਰ ਤੋਂ ਲੈ ਕੇ ਸ਼੍ਰੀ ਅਮਰਨਾਥ ਦੀ ਪਵਿੱਤਰ ਗੁਫ਼ਾ ਤੱਕ ਉਨ੍ਹਾਂ ਦੀ ਯਾਤਰਾ ਨੂੰ ਸਹੂਲਤਜਨਕ ਬਣਾਉਣ ਲਈ ਸਾਰੀਆਂ ਸਹੂਲਤਾਂ ਮਿਲਣਗੀਆਂ। ਯਾਤਰੀ ਨਿਵਾਸ ਦੇ ਨਵੀਨੀਕਰਨ ਦਾ ਕੰਮ ਜੰਮੂ ਕਸ਼ਮੀਰ ਲੋਕ ਨਿਰਮਾਣ ਵਿਭਾਗ ਨੂੰ ਸੌਂਪਿਆ ਗਿਆ ਹੈ ਅਤੇ ਮੁਰੰਮਤ ਬਹੁਤ ਜਲਦ ਸ਼ੁਰੂ ਹੋਵੇਗੀ, ਕਿਉਂਕਿ ਭਾਰਤ-ਪਾਕਿਸਤਾਨ ਤਣਾਅ ਤੋਂ ਬਾਅਦ ਡਿਊਟੀ 'ਤੇ ਤਾਇਨਾਤ ਐਡੀਸ਼ਨਲ ਸੁਰੱਖਿਆ ਕਰਮੀਆਂ ਦੇ ਰੁਕਣ ਲਈ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।'' ਜੰਮੂ ਦੇ ਸੈਰ-ਸਪਾਟਾ ਨਿਰਦੇਸ਼ਕ ਵਿਕਾਸ ਗੁਪਤਾ ਨੇ ਸ਼ੁੱਕਰਵਾਰ ਨੂੰ ਯਾਤਰੀ ਨਿਵਾਸ ਦਾ ਵਿਆਪਕ ਨਿਰੀਖਣ ਕੀਤਾ ਅਤੇ ਤੀਰਥ ਯਾਤਰੀਆਂ ਦੀ ਚੰਗੀ ਸਹੂਲਤ ਲਈ ਤਿਆਰੀਆਂ ਅਤੇ ਬੁਨਿਆਦੀ ਢਾਂਚੇ ਦੀ ਵਿਵਸਥਾ ਦਾ ਮੁਲਾਂਕਣ ਕੀਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e