ਮੱਠੀ ਪਈ ਕੋਰੋਨਾ ਦੀ ਰਫ਼ਤਾਰ; ਅਮਰਨਾਥ ਯਾਤਰਾ ਨੂੰ ਲੈ ਕੇ ਤਿਆਰੀਆਂ ਸ਼ੁਰੂ, ਲੰਗਰ ਦੀ ਆਗਿਆ
Thursday, Jun 17, 2021 - 11:19 AM (IST)
ਜੰਮੂ— ਜੰਮੂ-ਕਸ਼ਮੀਰ ਵਿਚ ਕੋਰੋਨਾ ਦਾ ਗਰਾਫ਼ ਹੇਠਾਂ ਆਉਂਦੇ ਹੀ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਇਕ ਵਾਰ ਫਿਰ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਇਸ ਦਾ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ। ਅਮਰਨਾਥ ਸ਼ਰਾਈਨ ਬੋਰਡ ਨੇ ਅਮਰਨਾਥ ਯਾਤਰਾ ’ਚ ਭੰਡਾਰਾ ਲਾਉਣ ਲਈ ਕੁਝ ਲੰਗਰ ਸੰਸਥਾਵਾਂ ਨੂੰ ਆਗਿਆ ਪੱਤਰ ਜਾਰੀ ਕੀਤਾ ਹੈ ਅਤੇ 20 ਜੂਨ ਤੱਕ ਆਧਾਰ ਕੈਂਪ ’ਤੇ ਪਹੁੰਚਣ ਲਈ ਕਿਹਾ ਹੈ। ਸ਼ਰਾਈਨ ਬੋਰਡ ਵਲੋਂ ਲੰਗਰ ਸੰਸਥਾਵਾਂ ਨੂੰ ਆਗਿਆ ਪੱਤਰ ਜਾਰੀ ਕਰਨ ਮਗਰੋਂ ਹੁਣ ਯਾਤਰਾ ਸ਼ੁਰੂ ਹੋਣ ਦੀ ਸੰਭਾਵਨਾ ਪੁਖ਼ਤਾ ਹੋ ਗਈ ਹੈ। ਅਮਰਨਾਥ ਸ਼ਰਾਈਨ ਬੋਰਡ ਨੇ ਲੰਗਰ ਸੰਸਥਾਵਾਂ ਨੂੰ ਹਾਲਾਂਕਿ ਮੰਗਲਵਾਰ ਨੂੰ ਆਗਿਆ ਪੱਤਰ ਜਾਰੀ ਕੀਤੇ, ਜਿਸ ਵਿਚ ਬਾਲਟਾਲ ਮਾਰਗ ਲਈ ਭੰਡਾਰਾ ਲਾਉਣ ਦੀ ਆਗਿਆ ਪ੍ਰਦਾਨ ਕੀਤੀ ਗਈ ਹੈ। ਲੰਗਰ ਸੰਸਥਾਵਾਂ ਨੂੰ ਲੰਗਰ ਸੇਵਾ ਲਈ ਪੂਰੇ ਨਿਯਮ ਅਤੇ ਸ਼ਰਤਾਂ ਮੰਨਣੀਆਂ ਹੋਣਗੀਆਂ।
ਇਹ ਵੀ ਪੜ੍ਹੋ: ਅਮਰਨਾਥ ਯਾਤਰਾ 28 ਜੂਨ ਤੋਂ ਸ਼ੁਰੂ ਹੋਣ ਦੀ ਸੰਭਾਵਨਾ, ਸ਼ਰਧਾਲੂ ਕਰ ਸਕਣਗੇ ਬਾਬਾ ਬਰਫ਼ਾਨੀ ਦੇ ਦਰਸ਼ਨ
ਸ਼ਰਾਈਨ ਬੋਰਡ ਨੇ ਲੰਗਰ ਸੰਸਥਾਵਾਂ ਨੂੰ ਆਪਣੇ ਸਾਰੇ ਮੈਂਬਰਾਂ ਦੇ ਨਾਂ, ਰਿਹਾਇਸ਼ੀ ਪਤੇ, ਸੰਪਰਕ ਨੰਬਰ, ਪੁਲਸ ਵੈਰੀਫ਼ੀਕੇਸ਼ਨ ਰਿਪੋਰਟ, 2 ਪਾਸਪੋਰਟ ਸਾਈਜ਼ ਫੋਟੋਆਂ ਅਤੇ ਜ਼ਰੂਰੀ ਸਿਹਤ ਸਰਟੀਫ਼ਿਕੇਟ ਅਤੇ ਕੋਵਿਡ-19 ਸਰਟੀਫ਼ਿਕੇਟ ਲਿਆਉਣ ਨੂੰ ਕਿਹਾ ਹੈ। ਇਹ ਦਸਤਾਵੇਜ਼ ਲੰਗਰ ਸੰਸਥਾਵਾਂ ਦੇ ਸਾਰੇ ਸੇਵਾਦਾਰਾਂ ਨੂੰ 19 ਜੂਨ ਤੱਕ ਪਹੁੰਚਾਉਣੇ ਹੋਣਗੇ, ਤਾਂ ਕਿ ਉਨ੍ਹਾਂ ਦੇ ਪਛਾਣ ਪੱਤਰ ਬਣਾਏ ਜਾ ਸਕਣ। ਇਸ ਤੋਂ ਬਾਅਦ 20 ਜੂਨ ਤੱਕ ਉਨ੍ਹਾਂ ਨੂੰ ਲੰਗਰ ਲਾਉਣ ਲਈ ਨਿਸ਼ਾਨਬੱਧ ਥਾਵਾਂ ’ਤੇ ਪਹੁੰਚਣਾ ਹੋਵੇਗਾ। ਸ਼ਰਾਈਨ ਬੋਰਡ ਨੇ ਸਾਰੇ ਲੰਗਰ ਸੰਗਠਨਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਯਾਤਰੀਆਂ ਨੂੰ ਪੈਕ ਕੀਤੇ ਗਏ ਭੋਜਨ ਜ਼ਰੀਏ ਬਿਹਤਰ ਭੋਜਨ ਦੀ ਸਪਲਾਈ ਕੀਤਾ ਜਾਵੇ। ਬੋਰਡ ਨੇ ਕਿਹਾ ਕਿ ਆਗਾਮੀ ਯਾਤਰਾ ਦੌਰਾਨ ਲੰਗਰ ਸੇਵਾ ਜ਼ਰੀਏ ਬੋਰਡ ਯਾਤਰੀਆਂ ਦੀ ਭਲਾਈ ਚਾਹੁੰਦਾ ਹੈ।
ਲੰਗਰ ਸੰਗਠਨਾਂ ਨੂੰ ਆਗਿਆ ਦੇਣ ਤੇ ਰੋਹ
ਓਧਰ ਅਮਰਨਾਥ ਬਰਫ਼ਾਨੀ ਲੰਗਰ ਆਗਰੇਨਾਈਜੇਸ਼ਨ (ਸਬਲੋ) ਨੇ ਲੰਗਰ ਸੇਵਾ ਲਈ ਭੰਡਾਰਾ ਸੰਗਠਨਾਂ ਨੂੰ ਆਗਿਆ ਪੱਤਰ ਭੇਜਣ ਦੇ ਸ਼ਰਾਈਨ ਬੋਰਡ ਦੇ ਫੈਸਲੇ ਦਾ ਸਖ਼ਤ ਵਿਰੋਧ ਕੀਤਾ। ਸਬਲੋ ਨੇ ਸ਼ਰਾਈਨ ਬੋਰਡ ਨੂੰ ਪਹਿਲਾਂ ਯਾਤਰਾ ਸ਼ੁਰੂ ਕਰਨ ਦੀ ਤਾਰੀਖ਼ ਦਾ ਐਲਾਨ ਕਰਨ ਦੀ ਮੰਗ ਚੁੱਕੀ। ਉਨ੍ਹਾਂ ਕਿਹਾ ਕਿ ਬੋਰਡ ਨੇ ਅਜੇ ਤੱਕ ਅਮਰਨਾਥ ਯਾਤਰਾ 2021 ਲਈ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ। ਯਾਤਰੀਆਂ ਦੀ ਰਜਿਸਟ੍ਰੇਸ਼ਨ ਨੂੰ ਵੀ ਵਿਚਾਲੇ ਹੀ ਰੋਕ ਦਿੱਤਾ ਗਿਆ। ਇਸ ਦੇ ਮੁੜ ਸ਼ੁਰੂ ਹੋਣ ਜਾਂ ਨਾ ਹੋਣ ’ਤੇ ਸ਼ੰਕਾ ਬਣੀ ਹੋਈ ਹੈ। ਲੋਕ ਬਾਬਾ ਬਰਫ਼ਾਨੀ ਦੇ ਦਰਸ਼ਨ ਕਰਨਾ ਚਾਹੁੰਦੇ ਹਨ, ਇਸ ਲਈ ਯਾਤਰਾ ਸ਼ੁਰੂ ਹੋਣੀ ਚਾਹੀਦੀ ਹੈ ਅਤੇ ਬੋਰਡ ਯਾਤਰਾ ਸ਼ੁਰੂ ਕਰਨ ਦੀ ਤਾਰੀਖ਼ ਦਾ ਬਿਨਾਂ ਕਿਸੇ ਦੇਰੀ ਐਲਾਨ ਕਰੇ।
ਇਸ ਸਾਲ ਵੀ ਆਰਤੀ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ
ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਰਾਈਨ ਬੋਰਡ ਪਵਿੱਤਰ ਅਮਰਨਾਥ ਗੁਫਾ ਤੋਂ ਆਰਤੀ ਦਾ ਸਿੱਧਾ ਪ੍ਰਸਾਰਣ ਕਰੇਗਾ। ਇਸ ਦੇ ਲਈ, 28 ਜੂਨ ਤੋਂ 22 ਅਗਸਤ ਤੱਕ ਸਵੇਰੇ 6 ਵਜੇ ਤੋਂ 6.30 ਵਜੇ ਅਤੇ ਸ਼ਾਮ 5 ਤੋਂ 5.30 ਵਜੇ ਤੱਕ ਗੁਫਾ ਤੋਂ ਆਰਤੀ ਦਾ ਸਿੱਧਾ ਪ੍ਰਸਾਰਣ ਹੋਵੇਗਾ।