23 ਜੂਨ ਤੋਂ ਸ਼ੁਰੂ ਹੋਵੇਗੀ ਅਮਰਨਾਥ ਯਾਤਰਾ, ਸ਼ਰਧਾਲੂ ਕਰ ਸਕਣਗੇ ''ਬਾਬਾ ਬਰਫ਼ਾਨੀ'' ਦੇ ਦਰਸ਼ਨ

Saturday, Feb 15, 2020 - 04:35 PM (IST)

23 ਜੂਨ ਤੋਂ ਸ਼ੁਰੂ ਹੋਵੇਗੀ ਅਮਰਨਾਥ ਯਾਤਰਾ, ਸ਼ਰਧਾਲੂ ਕਰ ਸਕਣਗੇ ''ਬਾਬਾ ਬਰਫ਼ਾਨੀ'' ਦੇ ਦਰਸ਼ਨ

ਜਲੰਧਰ/ਜੰਮੂ- ਅਮਰਨਾਥ ਯਾਤਰਾ ਸ਼ਰਾਈਨ ਬੋਰਡ ਨੇ ਇਸ ਸਾਲ ਹੋਣ ਵਾਲੀ ਅਮਰਨਾਥ ਯਾਤਰਾ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਕੁੱਲ 42 ਦਿਨਾਂ ਤਕ ਚੱਲਣ ਵਾਲੀ ਯਾਤਰਾ 23 ਜੂਨ ਤੋਂ ਸ਼ੁਰੂ ਹੋ ਕੇ 3 ਅਗਸਤ ਤਕ ਚੱਲੇਗੀ। ਸ਼ੁੱਕਰਵਾਰ ਨੂੰ ਹੋਈ ਅਮਰਨਾਥ ਯਾਤਰਾ ਸ਼ਰਾਈਨ ਬੋਰਡ ਦੀ ਮੀਟਿੰਗ 'ਚ ਇਹ ਫੈਸਲਾ ਕੀਤਾ ਗਿਆ। ਦਰਅਸਲ ਪਿਛਲੇ ਸਾਲ ਯਾਤਰਾ 1 ਜੁਲਾਈ ਨੂੰ ਸ਼ੁਰੂ ਹੋਈ ਸੀ ਪਰ ਜੰਮੂ ਕਸ਼ਮੀਰ 'ਚ ਆਰਟੀਕਲ-370 ਹਟਾਏ ਜਾਣ ਤੋਂ ਬਾਅਦ ਪੈਦਾ ਹੋਈ ਸਥਿਤੀ ਕਾਰਨ ਯਾਤਰਾ ਨੂੰ ਵਿਚਾਲੇ ਹੀ ਰੋਕ ਦਿੱਤਾ ਗਿਆ ਸੀ। ਸ਼ਰਾਈਨ ਬੋਰਡ ਦੀ ਮੀਟਿੰਗ ਦੌਰਾਨ ਯਾਤਰਾ ਮਾਰਗ ਤੋਂ ਬਰਫ ਹਟਾਉਣ ਦੇ ਨਾਲ-ਨਾਲ ਯਾਤਰਾ ਦੀਆਂ ਹੋਰ ਤਿਆਰੀਆਂ ਅਤੇ ਸੁਰੱਖਿਆ ਦੀ ਸਥਿਤੀ ਨੂੰ ਲੈ ਕੇ ਵੀ ਚਰਚਾ ਹੋਈ ਅਤੇ ਯਾਤਰਾ ਨਾਲ ਜੁੜੇ ਸਾਰੇ ਸਰਕਾਰੀ ਵਿਭਾਗਾਂ ਦੇ ਨਾਲ ਤਾਲਮੇਲ ਬਿਠਾ ਕੇ ਕੰਮ ਸ਼ੁਰੂ ਕਰਨ ਬਾਰੇ ਵੀ ਫੈਸਲਾ ਹੋਇਆ।ਅਮਰਨਾਥ ਯਾਤਰਾ ਸ਼ਰਾਈਨ ਬੋਰਡ ਵੈੱਬਸਾਈਟ ਦੇ ਅਧਿਕਾਰਤ ਅੰਕੜਿਆਂ ਮੁਤਾਬਕ ਪਿਛਲੇ ਸਾਲ ਯਾਤਰਾ 32 ਦਿਨਾਂ ਤਕ ਚੱਲੀ ਸੀ ਅਤੇ 3, 42, 883 ਲੱਖ ਸ਼ਰਧਾਲੂਆਂ ਨੇ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ ਸਨ।

ਲੰਗਰ ਕਮੇਟੀਆਂ ਨੇ ਸ਼ੁਰੂ ਕੀਤੀ ਤਿਆਰੀ
ਯਾਤਰਾ ਦੇ ਐਲਾਨ ਦੇ ਨਾਲ ਹੀ ਅਮਰਨਾਥ ਯਾਤਰਾ ਭੰਡਾਰਾ ਆਰਗੇਨਾਈਜੇਸ਼ਨ ਨੇ 21 ਮੈਂਬਰੀ ਕਮੇਟੀ ਦੀ ਸਥਾਪਨਾ ਕਰ ਦਿੱਤੀ ਹੈ। ਆਰਗੇਨਾਈਜੇਸ਼ਨ ਦੇ ਪ੍ਰਧਾਨ ਰਾਜਨ ਕਪੂਰ ਨੇ ਕਿਹਾ ਕਿ ਜਲਦੀ ਹੀ ਕਮੇਟੀ ਦੀ ਮੀਟਿੰਗ ਬੁਲਾ ਕੇ ਲੰਗਰ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਕਮੇਟੀ 'ਚ ਕਟੜਾ ਤੋਂ ਮਹੰਤ ਵਰਿੰਦਰਦਾਸ, ਦਿੱਲੀ ਤੋਂ ਰਾਜੀਵ ਸੇਠੀ, ਰਾਜੇਸ਼ ਰਾਵਲ, ਕਪਿਲ ਕਸ਼ਯਪ, ਬਟਾਲਾ ਤੋਂ ਵਿਜੇ ਪ੍ਰਭਾਕਰ, ਖੰਨਾ ਤੋਂ ਅਮਿਤ ਸ਼ਰਮਾ ਆਦਿ ਸ਼ਾਮਲ ਹਨ।


author

Tanu

Content Editor

Related News