''ਬਾਬਾ ਬਰਫਾਨੀ'' ਦੇ ਦਰਸ਼ਨਾਂ ਨੂੰ ਜਾਣਗੇ ਸ਼ਰਧਾਲੂ, ਅਮਰਨਾਥ ਯਾਤਰਾ ਦੀ ਤਿਆਰੀ ਸ਼ੁਰੂ

02/04/2020 10:26:50 AM

ਜਲੰਧਰ/ਜੰਮੂ (ਨਰੇਸ਼)— ਪਿਛਲੇ ਸਾਲ ਜੰਮੂ-ਕਸ਼ਮੀਰ ਵਿਚੋਂ ਧਾਰਾ-370 ਹਟਾਏ ਜਾਣ ਤੋਂ ਬਾਅਦ ਪੈਦਾ ਹੋਈ ਸਥਿਤੀ ਕਾਰਨ ਰੱਦ ਕੀਤੀ ਗਈ ਅਮਰਨਾਥ ਯਾਤਰਾ ਇਸ ਸਾਲ ਤੈਅ ਪ੍ਰੋਗਰਾਮ ਦੇ ਤਹਿਤ ਹੋਵੇਗੀ। ਇਸ ਦੇ ਲਈ ਅਮਰਨਾਥ ਯਾਤਰਾ ਸ਼ਰਾਈਨ ਬੋਰਡ ਨੇ 14 ਫਰਵਰੀ ਨੂੰ ਬੈਠਕ ਸੱਦੀ ਹੈ, ਜਿਸ ਵਿਚ ਯਾਤਰਾ ਦੀ ਤਰੀਕ ਨੂੰ ਲੈ ਕੇ ਅੰਤਿਮ ਫੈਸਲਾ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਯਾਤਰਾ 29 ਜੂਨ ਤੋਂ ਸ਼ੁਰੂ ਹੋ ਕੇ ਰੱਖੜੀ ਵਾਲੇ ਦਿਨ 3 ਅਗਸਤ ਤੱਕ ਚੱਲੇਗੀ। ਇਸ ਸਾਲ ਯਾਤਰਾ 37 ਦਿਨਾਂ ਦੀ ਰਹਿ ਸਕਦੀ ਹੈ। ਅਮਰਨਾਥ ਯਾਤਰਾ ਸ਼ਰਾਈਨ ਬੋਰਡ ਨੇ ਯਾਤਰਾ ਦੀ ਤਿਆਰੀ ਲਈ ਬੈਠਕਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ ਅਤੇ ਯਾਤਰਾ ਮਾਰਗ 'ਤੇ ਲੰਗਰ ਲਾਉਣ ਵਾਲੀਆਂ ਕਮੇਟੀਆਂ ਨੂੰ ਪੱਤਰ ਭੇਜਣੇ ਸ਼ੁਰੂ ਕਰ ਦਿੱਤੇ। 

ਪੰਜਾਬ ਵਿਚ ਕਈ ਯਾਤਰਾ ਕਮੇਟੀਆਂ ਨੂੰ ਸ਼ਰਾਈਨ ਬੋਰਡ ਵਲੋਂ ਪੱਤਰ ਭੇਜ ਕੇ ਉਨ੍ਹਾਂ ਦੀ ਡਿਟੇਲ ਮੰਗੀ ਗਈ ਹੈ। ਸ਼ਰਾਈਨ ਬੋਰਡ ਨੇ 3 ਪੇਜਾਂ ਦੇ ਇਕ ਪੱਤਰ ਵਿਚ ਸਾਰੀਆਂ ਲੰਗਰ ਕਮੇਟੀਆਂ ਨੂੰ 25 ਫਰਵਰੀ ਤੱਕ ਆਪਣੀ ਡਿਟੇਲ ਭੇਜਣ ਲਈ ਕਿਹਾ ਹੈ। ਲੰਗਰ ਕਮੇਟੀਆਂ ਨੂੰ ਆਪਣੀ ਪੂਰੀ ਜਾਣਕਾਰੀ ਇਕ ਫਾਰਮ ਵਿਚ ਭਰ ਕੇ 10,000 ਰੁਪਏ ਦੀ ਸਕਿਓਰਿਟੀ ਰਕਮ ਸਪੀਡ ਪੋਸਟ ਜਾਂ ਰਜਿਸਟਰ ਪੋਸਟ ਜ਼ਰੀਏ ਭੇਜਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਲੰਗਰ ਵਿਚ ਸ਼ਾਮਲ ਹੋਣ ਵਾਲੇ ਸੇਵਾਦਾਰਾਂ ਅਤੇ ਰਸੋਈਆਂ ਦੀ ਪੂਰੀ ਜਾਣਕਾਰੀ ਅਤੇ ਪੁਲਸ ਰਿਪੋਰਟ 15 ਮਈ ਤੱਕ ਸ਼ਰਾਈਨ ਬੋਰਡ ਨੂੰ ਜਮ੍ਹਾ ਕਰਵਾਉਣੀ ਪਵੇਗੀ। ਯਾਤਰਾ ਮਾਰਗ 'ਤੇ ਹਰ ਸਾਲ ਤਕਰੀਬਨ 115 ਲੰਗਰ ਲੱਗਦੇ ਹਨ ਅਤੇ ਪੰਜਾਬ, ਹਰਿਆਣਾ ਦੇ ਨਾਲ-ਨਾਲ ਦਿੱਲੀ ਦੀਆਂ ਲੰਗਰ ਕਮੇਟੀਆਂ ਵੀ ਯਾਤਰਾ ਮਾਰਗ 'ਤੇ ਲੰਗਰ ਲਾਉਂਦੀਆਂ ਹਨ।

ਅਮਰਨਾਥ ਯਾਤਰਾ ਸ਼ਰਾਈਨ ਬੋਰਡ ਵਲੋਂ ਭੇਜੇ ਗਏ ਪੱਤਰ ਤੋਂ ਬਾਅਦ ਸ਼੍ਰੀ ਅਮਰਨਾਥ ਯਾਤਰਾ ਭੰਡਾਰਾ ਆਰਗੇਨਾਈਜ਼ੇਸ਼ਨ (ਸਾਇਬੋ) ਦੇ ਮੈਂਬਰ ਕਾਫੀ ਉਤਸ਼ਾਹਿਤ ਹਨ, ਕਿਉਂਕਿ ਪਿਛਲੀ ਵਾਰ ਯਾਤਰਾ ਵਿਚਾਲੇ ਹੀ ਰੋਕਣੀ ਪਈ ਸੀ। ਲਿਹਾਜ਼ਾ ਇਸ ਸਾਲ ਯਾਤਰਾ ਸਬੰਧੀ ਸ਼ਸ਼ੋਪੰਜ ਵਾਲਾ ਮਾਹੌਲ ਸੀ ਪਰ ਸ਼ਰਾਈਨ ਬੋਰਡ ਦੀ ਤਿਆਰੀ ਤੋਂ ਬਾਅਦ ਲੰਗਰ ਕਮੇਟੀਆਂ ਹੁਣ ਯਾਤਰਾ ਦੀ ਤਰੀਕ ਦੇ ਐਲਾਨ ਦੀ ਉਡੀਕ ਕਰ ਰਹੀਆਂ ਹਨ ਅਤੇ 14 ਫਰਵਰੀ ਤੋਂ ਬਾਅਦ ਲੰਗਰ ਕਮੇਟੀਆਂ ਆਪਣੀ ਤਿਆਰੀ ਸ਼ੁਰੂ ਕਰ ਦੇਣਗੀਆਂ।


Tanu

Content Editor

Related News