ਅਮਰਨਾਥ ਯਾਤਰਾ : ਬਮ-ਬਮ ਭੋਲੇ ਦੇ ਜੈਕਾਰੇ ਲਾਉਂਦੇ 6,537 ਸ਼ਰਧਾਲੂਆਂ ਦਾ 5ਵਾਂ ਜੱਥਾ ਰਵਾਨਾ
Wednesday, Jul 03, 2024 - 09:33 AM (IST)

ਜੰਮੂ (ਕਮਲ)- ਜੰਮੂ ਤੋਂ ਅਮਰਨਾਥ ਗੁਫਾ ਵਿਚ ਬਿਰਾਜਮਾਨ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ 6,537 ਸ਼ਰਧਾਲੂਆਂ ਦਾ 5ਵਾਂ ਜੱਥਾ ਭਗਵਤੀ ਨਗਰ ਯਾਤਰੀ ਨਿਵਾਸ ਬੇਸ ਕੈਂਪ ਤੋਂ ਬਮ-ਬਮ ਭੋਲੇ ਦੇ ਜੈਕਾਰੇ ਲਗਾਉਂਦੇ ਹੋਏ ਰਵਾਨਾ ਹੋਇਆ। ਸ਼ਰਧਾਲੂ ਸਵੇਰੇ 261 ਵਾਹਨਾਂ ਦੇ ਕਾਫਲੇ ’ਚ ਬੇਸ ਕੈਂਪ ਤੋਂ ਦੱਖਣੀ ਕਸ਼ਮੀਰ ਦੇ ਬਾਲਟਾਲ ਅਤੇ ਪਹਿਲਗਾਮ ਬੇਸ ਕੈਂਪ ਲਈ ਰਵਾਨਾ ਹੋਏ।
ਜੰਮੂ ਤੋਂ ਬਾਲਟਾਲ ਭੇਜੇ ਗਏ ਜਥੇ ’ਚ 1568 ਮਰਦ, 422 ਔਰਤਾਂ, 14 ਬੱਚੇ, 91 ਸਾਧੂ ਅਤੇ 11 ਸਾਧਵੀਆਂ ਸ਼ਾਮਲ ਸਨ, ਜਿਨ੍ਹਾਂ ਨੂੰ 105 ਛੋਟੇ-ਵੱਡੇ ਵਾਹਨਾਂ ਵਿਚ ਰਵਾਨਾ ਕੀਤਾ ਗਿਆ। ਇਸੇ ਤਰ੍ਹਾਂ ਪਹਿਲਗਾਮ ਬੇਸ ਕੈਂਪ ਲਈ ਭੇਜੇ ਗਏ ਯਾਤਰੀਆਂ ਵਿਚ 3523 ਮਰਦ, 680 ਔਰਤਾਂ, 5 ਬੱਚੇ, 210 ਸਾਧੂ ਅਤੇ 13 ਸਾਧਵੀਆਂ ਸ਼ਾਮਲ ਸਨ, ਜਿਨ੍ਹਾਂ 156 ਹਲਕੇ ਅਤੇ ਭਾਰੀ ਵਾਹਨਾਂ ਰਾਹੀਂ ਸਵੇਰੇ 3.50 ਵਜੇ ਜੰਮੂ ਤੋਂ ਰਵਾਨਾ ਕੀਤਾ ਗਿਆ।
ਯਾਤਰੀ ਵਾਹਨਾਂ ਦੇ ਕਾਫਲੇ ਦੇ ਅਗਲੇ ਅਤੇ ਪਿਛਲੇ ਦੋਵੇਂ ਪਾਸੇ ਸੀ. ਆਰ. ਪੀ. ਐੱਫ. ਦੀਆਂ 33ਵੀਂ ਬਟਾਲੀਅਨ ਦੀਆਂ ਗੱਡੀਆਂ ਸੁਰੱਖਿਆ ਐਸਕਾਰਟ ਕਰਦੀਆਂ ਹੋਈਆਂ ਚਲ ਰਹੀਆਂ ਸਨ। ਇਹ ਸਾਰੇ ਸ਼ਰਧਾਲੂ ਸ਼ਾਮ ਤੱਕ ਆਪਣੇ-ਆਪਣੇ ਬੇਸ ਕੈਂਪ ਵਿਚ ਪਹੁੰਚ ਗਏ ਜਿਥੋਂ ਉਹ ਬੁੱਧਵਾਰ ਨੂੰ ਸਖਤ ਸੁਰੱਖਿਆ ਹੇਠ ਪਵਿੱਤਰ ਗੁਫਾ ਵੱਲ ਰਵਾਨਾ ਹੋ ਗਏ। ਯਾਤਰਾ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੁਲਸ, ਕੇਂਦਰੀ ਰਿਜ਼ਰਵ ਪੁਲਸ ਬਲ, ਇੰਡੋ-ਤਿੱਬਤੀਅਨ ਬਾਰਡਰ ਪੁਲਸ ਅਤੇ ਹੋਰ ਅਰਧ ਸੈਨਿਕ ਬਲਾਂ ਦੇ ਹਜ਼ਾਰਾਂ ਸੁਰੱਖਿਆ ਕਰਮਚਾਰੀ ਰਸਤੇ ’ਤੇ ਤਾਇਨਾਤ ਕੀਤੇ ਗਏ ਹਨ। ਹਵਾਈ ਨਿਗਰਾਨੀ ਵੀ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਅਮਰਨਾਥ ਯਾਤਰਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 51,981 ਸ਼ਰਧਾਲੂ ਕੁਦਰਤੀ ਤੌਰ ’ਤੇ ਬਣੇ ਬਰਫ਼ ਵਾਲੇ ਸ਼ਿਵਲਿੰਗ ਦੇ ਦਰਸ਼ਨ ਕਰ ਚੁੱਕੇ ਹਨ ਅਤੇ 52 ਦਿਨਾਂ ਦੀ ਅਮਰਨਾਥ ਯਾਤਰਾ ਇਸ ਸਾਲ 19 ਅਗਸਤ ਨੂੰ ਸ਼ਰਾਵਣ ਪੂਰਨਿਮਾ ਦੇ ਸ਼ੁੱਭ ਮੌਕੇ ’ਤੇ ਸੰਪੰਨ ਹੋਵੇਗੀ।