ਕੁਲਗਾਮ ਵਿਚ ਅਮਰਨਾਥ ਯਾਤਰੀਆਂ ''ਤੇ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਆਈ ਸਾਹਮਣੇ

07/03/2018 1:51:23 AM

ਸ਼੍ਰੀਨਗਰ— ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਖਤਰਨਾਕ ਇਰਾਦਿਆਂ ਦਾ ਅੱਤਵਾਦੀਆਂ ਦੀਆਂ ਕੁਝ ਕਾਲਸ ਨੂੰ ਇੰਟਰਸੈਪਟ ਕਰਨ ਤੋਂ ਪਤਾ ਲੱਗਾ ਹੈ, ਜਿਸ ਵਿਚ ਅਮਰਨਾਥ ਯਾਤਰੀਆਂ ਨੂੰ ਮਾਰਨ ਦੀ ਜ਼ਿੰਮੇਵਾਰੀ ਅੱਤਵਾਦੀਆਂ ਦੇ ਨਾਂ ਨਾਲ ਤੈਅ ਕੀਤੀ ਗਈ ਹੈ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਅਮਰਨਾਥ ਯਾਤਰੀਆਂ ਨੂੰ ਆਪਣੇ ਮਹਿਮਾਨ ਦੱਸਣ ਵਾਲੇ ਲਸ਼ਕਰ ਦੇ ਅੱਤਵਾਦੀ ਹੁਣ ਆਪਣੇ ਮਹਿਮਾਨਾਂ ਦਾ ਖੂਨ ਵਹਾਉਣਾ ਚਾਹੁੰਦੇ ਹਨ। ਸਾਜ਼ਿਸ਼ ਤਹਿਤ ਲਸ਼ਕਰ ਦੇ ਅੱਤਵਾਦੀ ਕੁਲਗਾਮ ਦੇ ਮੀਰ ਬਾਜ਼ਾਰ ਇਲਾਕੇ ਵਿਚ ਅਮਰਨਾਥ ਯਾਤਰੀਆਂ 'ਤੇ ਵੱਡੇ ਹਮਲੇ ਨੂੰ ਅੰਜਾਮ ਦੇਣ ਦੀ ਤਾਕ ਵਿਚ ਹਨ। ਇਸ ਤੋਂ ਪਹਿਲਾਂ ਕਿ ਲਸ਼ਕਰ ਦੇ ਅੱਤਵਾਦੀ ਆਪਣੇ ਇਰਾਦਿਆਂ ਵਿਚ ਸਫਲ ਹੁੰਦੇ, ਇਸ ਤੋਂ ਪਹਿਲਾਂ ਹੀ ਸੁਰੱਖਿਆ ਫੋਰਸਾਂ ਨੂੰ ਉਨ੍ਹਾਂ ਦੇ ਖਤਰਨਾਕ ਇਰਾਦਿਆਂ ਬਾਰੇ ਪਤਾ ਲੱਗ ਗਿਆ।
ਹਾਲਾਂਕਿ ਅਮਰਨਾਥ ਯਾਤਰਾ ਨੂੰ ਲੈ ਕੇ ਪਹਿਲਾਂ ਤੋਂ ਹੀ ਕਾਫੀ ਸੁਰੱਖਿਆ ਵਰਤੀ ਗਈ ਹੈ ਪਰ ਹੁਣ ਇਸ ਤਰ੍ਹਾਂ ਦੀ ਸਾਜ਼ਿਸ਼ ਦਾ ਪਤਾ ਲੱਗਣ ਤੋਂ ਬਾਅਦ ਲਸ਼ਕਰ ਦੇ ਕਿਸੇ ਵੀ ਹਮਲੇ ਨੂੰ ਨਾਕਾਮ ਕਰਨ ਲਈ ਸੁਰੱਖਿਆ ਫੋਰਸਾਂ ਨੇ ਆਪਣੀਆਂ ਤਿਆਰੀਆਂ ਨੂੰ ਹੋਰ ਵਧਾ ਦਿੱਤਾ। ਉਥੇ ਹੀ ਕੁਲਗਾਮ ਇਲਾਕੇ ਵਿਚ ਵਾਧੂ ਸੁਰੱਖਿਆ ਫੋਰਸਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਸੁਰੱਖਿਆ ਫੋਰਸਾਂ ਦੀ ਕੋਸ਼ਿਸ਼ ਹੈ ਕਿ ਅੱਤਵਾਦੀ ਕਿਸੇ ਵੀ ਕੀਮਤ 'ਤੇ ਜੰਗਲ ਦਾ ਰਸਤਾ ਪਾਰ ਕਰਕੇ ਅਮਰਨਾਥ ਯਾਤਰੀਆਂ ਤੱਕ ਪਹੁੰਚਣ ਵਿਚ ਸਫਲ ਨਾ ਹੋ ਸਕਣ। ਸੁਰੱਖਿਆ ਫੋਰਸ ਦੇ ਸੀਨੀਅਰ ਅਧਿਕਾਰੀ ਮੁਤਾਬਕ ਕਸ਼ਮੀਰ ਵਿਚ ਸਰਗਰਮ ਅੱਤਵਾਦੀਆਂ ਦੀਆਂ ਕੁਝ ਕਾਲਸ ਨੂੰ ਇਟੈਲੀਜੈਂਸ ਏਜੰਸੀਆਂ ਨੇ ਇੰਟਰਸੈਪਟ ਕੀਤਾ ਹੈ। 
ਮੀਡੀਆ ਰਿਪੋਰਟਸ ਮੁਤਾਬਕ ਅੱਤਵਾਦੀਆਂ ਵਿਚਾਲੇ ਹੋਈ ਗੱਲਬਾਤ ਵਿਚ ਕੁਲਗਾਮ ਇਲਾਕੇ ਦੇ ਅਧੀਨ ਆਉਣ ਵਾਲੇ ਮੀਰ ਬਾਜ਼ਾਰ ਇਲਾਕੇ ਵਿਚ ਅਮਰਨਾਥ ਯਾਤਰੀਆਂ ਨੂੰ ਨਿਸ਼ਾਨਾ ਬਣਾਉਣ ਦਾ ਜ਼ਿਕਰ ਹੈ। ਖੁਫੀਆ ਏਜੰਸੀਆਂ ਨੇ ਸੁਰੱਖਿਆ ਫੋਰਸਾਂ ਨੂੰ ਇਹ ਵੀ ਦੱਸਿਆ ਹੈ ਕਿ ਲਸ਼ਕਰ ਵਲੋਂ ਅਮਰਨਾਥ ਯਾਤਰੀਆਂ 'ਤੇ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਨਵੀਦ ਜੱਟ ਅਤੇ ਉਸ ਦੇ ਸਾਥੀਆਂ ਨੂੰ ਦਿੱਤੀ ਗਈ ਹੈ। ਨਵੀਦ ਜੱਟ ਮੂਲ ਰੂਪ ਨਾਲ ਪਾਕਿਸਤਾਨ ਦਾ ਰਹਿਣ ਵਾਲਾ ਹੈ। ਅੱਤਵਾਦੀ ਨਵੀਦ ਜੱਟ 2009 ਤੋਂ ਲਸ਼ਕਰ ਲਈ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ। ਲਸ਼ਕਰ ਦਾ ਅੱਤਵਾਦੀ ਨਵੀਦ ਭੱਟ ਫਰਵਰੀ 2018 ਵਿਚ ਜੰਮੂ-ਕਸ਼ਮੀਰ ਪੁਲਸ ਦੇ ਜਵਾਨਾਂ ਦੀਆਂ ਅੱਖਾਂ ਵਿਚ ਮਿੱਟੀ ਪਾ ਕੇ ਸ਼੍ਰੀਨਗਰ ਦੇ ਹਸਪਤਾਲ ਤੋਂ ਫਰਾਰ ਹੋ ਗਿਆ ਸੀ।


Related News