ਰਾਜਸਥਾਨ ’ਚ 300 ਸਾਲ ਪੁਰਾਣੇ ਮੰਦਰ ’ਤੇ ਚੱਲਿਆ ਬੁਲਡੋਜ਼ਰ
Saturday, Apr 23, 2022 - 10:19 AM (IST)
 
            
            ਅਲਵਰ (ਅਸ਼ੋਕ)– ਰਾਜਸਥਾਨ ਦੇ ਅਲਵਰ ’ਚ ਸਰਾਏ ਗੋਲ ਚੱਕਰ ’ਚ ਸੜਕ ਚੌੜੀ ਕਰਨ ਲਈ ਨਾਜਾਇਜ਼ ਕਬਜ਼ਾ ਹਟਾਉਣ ’ਤੇ ਵਿਵਾਦ ਸ਼ੁਰੂ ਹੋ ਗਿਆ ਹੈ। ਰਸਤੇ ’ਚ ਆਏ 300 ਸਾਲ ਪੁਰਾਣੇ ਮੰਦਰ ’ਤੇ ਵੀ ਬੁਲਡੋਜ਼ਰ ਚਲਾ ਦਿੱਤਾ ਗਿਆ। ਸ਼ਿਵਾਲਿਆ ਕੰਪਲੈਕਸ ’ਚ ਜੁੱਤੀਆਂ ਪਾ ਕੇ ਪਹੁੰਚੇ ਅਧਿਕਾਰੀਆਂ ਵੱਲੋਂ ਮੂਰਤੀਆਂ ਨੂੰ ਕਟਰ ਮਸ਼ੀਨ ਨਾਲ ਕੱਟਣ ਦਾ ਹਿੰਦੂਵਾਦੀ ਸੰਗਠਨ ਭੜਕ ਗਏ। ਇਸ ਦੇ ਵਿਰੋਧ ’ਚ ਨਗਰ ਪਾਲਿਕਾ ਦੇ ਐੱਸ. ਡੀ. ਐੱਮ., ਈ. ਓ. ਅਤੇ ਰਾਜਗੜ੍ਹ ਦੇ ਵਿਧਾਇਕ ਵਿਰੁੱਧ ਥਾਣੇ ’ਚ ਮੁਕੱਦਮਾ ਦਰਜ ਕਰਵਾਉਣ ਲਈ ਸ਼ਿਕਾਇਤ ਦਿੱਤੀ ਗਈ ਹੈ।

ਇਸ ਕਾਰਵਾਈ ’ਤੇ ਭਾਜਪਾ ਨੇ ਰਾਜਸਥਾਨ ਦੀ ਕਾਂਗਰਸ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕਰ ਦਿੱਤਾ ਹੈ। ਭਾਜਪਾ ਦਾ ਕਹਿਣਾ ਹੈ ਕਿ ਵਿਕਾਸ ਦੇ ਨਾਂ ’ਤੇ ਮੰਦਰ ਨੂੰ ਤੋੜਨਾ ਸਹੀ ਨਹੀਂ ਹੈ। ਕਾਂਗਰਸ ਬਦਲੇ ਦੀ ਸਿਆਸਤ ਕਰ ਰਹੀ ਹੈ। ਉੱਧਰ ਕਾਂਗਰਸ ਨੇ ਪਲਟਵਾਰ ਕਰਦੇ ਹੋਏ ਕਿਹਾ ਹੈ ਕਿ ਰਾਜਗੜ੍ਹ ਨਗਰ ਪਾਲਿਕਾ ’ਚ ਭਾਜਪਾ ਦਾ ਬੋਰਡ ਹੈ ਅਤੇ ਉਸੇ ਨੇ ਇਹ ਕਾਰਵਾਈ ਕੀਤੀ ਹੈ। ਮੰਦਰ ਤੋੜਨ ਦਾ ਵਿਵਾਦ ਵਧਣ ਤੋਂ ਬਾਅਦ ਅਲਵਰ ਦੇ ਕਲੈਕਟਰ ਸ਼ਿਵਪ੍ਰਸਾਦ ਐੱਮ. ਨਕਾਤੇ ਨੇ ਇਕ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਅਨੁਸਾਰ ਮਾਸਟਰ ਪਲਾਨ ਅਨੁਸਾਰ ਰਾਜਗੜ੍ਹ ’ਚ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਕੀਤੀ ਗਈ ਹੈ। ਵਰ੍ਹਿਆਂ ਤੋਂ ਇਥੇ ਬਹੁਤ ਜ਼ਿਆਦਾ ਨਾਜਾਇਜ਼ ਕਬਜ਼ੇ ਹੋ ਗਏ ਸਨ। ਇਸ ਕਾਰਨ ਜੇ. ਸੀ. ਬੀ. ਚਲਾਈ ਗਈ।

ਇਸ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਸਤੀਸ਼ ਪੂਨੀਆ ਨੇ ਕਿਹਾ ਕਿ 300 ਸਾਲ ਪੁਰਾਣਾ ਮੰਦਰ ਨਾਜਾਇਜ਼ ਕਬਜ਼ਾ ਕਿਵੇਂ ਹੋ ਸਕਦਾ ਹੈ? ਉੱਧਰ ਕਾਂਗਰਸ ਦੇ ਸੂਬਾ ਪ੍ਰਧਾਨ ਡੋਟਾਸਰਾ ਨੇ ਕਿਹਾ ਕਿ 2018 ’ਚ ਭਾਜਪਾ ਮੰਡਲ ਪ੍ਰਧਾਨ ਨੇ ਕਲੈਕਟਰ ਨੂੰ ਚਿੱਠੀ ਲਿਖ ਕੇ ਇਹ ਨਾਜਾਇਜ਼ ਕਬਜ਼ਾ ਹਟਾਉਣ ਦੀ ਸਿਫਾਰਿਸ਼ ਕੀਤੀ ਸੀ। ਇਸ ਦੌਰਾਨ ਪ੍ਰਸ਼ਾਸਨ ਨੇ 2 ਹੋਰ ਮੰਦਰਾਂ ਨੂੰ ਵੀ ਤੋੜ ਦਿੱਤਾ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            