ਹਰਿਆਣਾ ''ਚ ਨਾਇਬ ਸੈਣੀ ਸਰਕਾਰ ਦਾ ਵਿਸਥਾਰ, ਮੰਤਰੀਆਂ ਨੂੰ ਵੰਡੇ ਗਏ ਮਹਿਕਮੇ

Monday, Oct 21, 2024 - 10:15 AM (IST)

ਚੰਡੀਗੜ੍ਹ- ਹਰਿਆਣਾ 'ਚ ਨਵੀਂ ਸਰਕਾਰ ਦੇ ਸਹੁੰ ਚੁੱਕਣ ਤੋਂ ਤਿੰਨ ਦਿਨ ਬਾਅਦ ਐਤਵਾਰ ਨੂੰ ਮੰਤਰੀਆਂ ਨੂੰ ਮਹਿਕਮਿਆਂ ਦੀ ਵੰਡ ਕਰ ਦਿੱਤੀ ਗਈ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਗ੍ਰਹਿ ਅਤੇ ਵਿੱਤ ਸਮੇਤ ਅਹਿਮ ਵਿਭਾਗ ਆਪਣੇ ਕੋਲ ਰੱਖੇ ਹਨ, ਜਦਕਿ ਅਨਿਲ ਵਿਜ ਨੂੰ ਊਰਜਾ ਅਤੇ ਟਰਾਂਸਪੋਰਟ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸੈਣੀ 12 ਵਿਭਾਗਾਂ ਦਾ ਚਾਰਜ ਸੰਭਾਲਣਗੇ। ਗ੍ਰਹਿ ਅਤੇ ਵਿੱਤ ਤੋਂ ਇਲਾਵਾ ਯੋਜਨਾ, ਆਬਕਾਰੀ ਅਤੇ ਕਰ, ਟਾਊਨ ਐਂਡ ਕੰਟਰੀ ਪਲੈਨਿੰਗ ਅਤੇ ਅਰਬਨ ਅਸਟੇਟ, ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸੱਭਿਆਚਾਰ, ਅਪਰਾਧਿਕ ਜਾਂਚ, ਕਾਨੂੰਨ ਅਤੇ ਵਿਧਾਨ ਅਤੇ ਹਾਊਸਿੰਗ ਵਰਗੇ ਵਿਭਾਗਾਂ ਦਾ ਚਾਰਜ ਸੰਭਾਲਣਗੇ। 

ਦੇਰ ਰਾਤ ਜਾਰੀ ਇਕ ਸਰਕਾਰੀ ਹੁਕਮ ਵਿਚ ਕਿਹਾ ਗਿਆ ਹੈ ਕਿ ਖੱਟੜ ਦੀ ਅਗਵਾਈ ਵਾਲੀ ਸਰਕਾਰ ਵਿਚ ਵਿਜ ਕੋਲ ਸਿਹਤ ਵਿਭਾਗ ਸੀ, ਹੁਣ ਆਰਤੀ ਸਿੰਘ ਰਾਓ ਨੂੰ ਅਲਾਟ ਕੀਤਾ ਗਿਆ ਹੈ, ਜੋ ਮੈਡੀਕਲ ਸਿੱਖਿਆ ਅਤੇ ਖੋਜ ਅਤੇ ਆਯੂਸ਼ ਵਿਭਾਗਾਂ ਦਾ ਵੀ ਚਾਰਜ ਸੰਭਾਲਣਗੇ। ਸੈਣੀ (54) ਨੇ ਵੀਰਵਾਰ ਨੂੰ ਪੰਚਕੂਲਾ 'ਚ ਇਕ ਸ਼ਾਨਦਾਰ ਸਮਾਰੋਹ ਵਿਚ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਈ ਰਾਸ਼ਟਰੀ ਜਮਹੂਰੀ ਗਠਜੋੜ (ਐਨ.ਡੀ. ਏ) ਦੇ ਨੇਤਾਵਾਂ ਅਤੇ ਰਾਜ ਭਰ ਦੇ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ। ਸੈਣੀ ਤੋਂ ਇਲਾਵਾ ਦੋ ਔਰਤਾਂ ਸਮੇਤ 13 ਵਿਧਾਇਕਾਂ ਨੇ ਸਹੁੰ ਚੁੱਕੀ ਸੀ। ਰਾਓ ਨਰਬੀਰ ਸਿੰਘ ਨੂੰ ਉਦਯੋਗ ਅਤੇ ਵਣਜ, ਵਾਤਾਵਰਣ, ਜੰਗਲਾਤ ਅਤੇ ਜੰਗਲੀ ਜੀਵ ਵਿਭਾਗ, ਮਹੀਪਾਲ ਢਾਂਡਾ ਨੂੰ ਸਕੂਲ ਸਿੱਖਿਆ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਵਿਪੁਲ ਗੋਇਲ ਨੂੰ ਮਾਲ ਅਤੇ ਆਫ਼ਤ ਪ੍ਰਬੰਧਨ, ਸ਼ਹਿਰੀ ਸਥਾਨਕ ਸਰਕਾਰਾਂ ਅਤੇ ਸ਼ਹਿਰੀ ਹਵਾਬਾਜ਼ੀ ਵਿਭਾਗ ਅਲਾਟ ਕੀਤੇ ਗਏ ਹਨ ਜਦਕਿ ਅਰਵਿੰਦ ਸ਼ਰਮਾ ਜੇਲ੍ਹ ਅਤੇ ਸਹਿਕਾਰਤਾ ਵਿਭਾਗ ਨੂੰ ਸੰਭਾਲਣਗੇ। ਸ਼ਿਆਮ ਸਿੰਘ ਰਾਣਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸੰਭਾਲਣਗੇ ਜਦਕਿ ਰਣਬੀਰ ਗੰਗਵਾ ਨੂੰ ਪਬਲਿਕ ਹੈਲਥ ਇੰਜੀਨੀਅਰਿੰਗ ਵਿਭਾਗ ਅਲਾਟ ਕੀਤਾ ਗਿਆ ਹੈ। ਕ੍ਰਿਸ਼ਨ ਕੁਮਾਰ ਬੇਦੀ ਕੋਲ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਅਨੁਸੂਚਿਤ ਜਾਤੀ ਤੇ ਪੱਛੜੀਆਂ ਸ਼੍ਰੇਣੀਆਂ ਭਲਾਈ ਵਿਭਾਗ ਦਾ ਚਾਰਜ ਹੈ ਜਦਕਿ ਸ਼ਰੂਤੀ ਚੌਧਰੀ ਮਹਿਲਾ ਤੇ ਬਾਲ ਵਿਕਾਸ ਵਿਭਾਗ ਦਾ ਚਾਰਜ ਸੰਭਾਲਣਗੇ।

ਹੋਰਨਾਂ ਮੰਤਰੀਆਂ 'ਚ ਕ੍ਰਿਸ਼ਨ ਲਾਲ ਪੰਵਾਰ ਨੂੰ ਵਿਕਾਸ ਅਤੇ ਪੰਚਾਇਤ ਅਤੇ ਖਾਣਾਂ ਅਤੇ ਭੂ-ਵਿਗਿਆਨ ਵਿਭਾਗ ਅਲਾਟ ਕੀਤੇ ਗਏ ਹਨ। ਰਾਜ ਮੰਤਰੀ (ਸੁਤੰਤਰ ਚਾਰਜ) ਰਾਜੇਸ਼ ਨਾਗਰ ਨੂੰ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦਾ ਵਿਭਾਗ ਅਲਾਟ ਕੀਤਾ ਗਿਆ ਹੈ, ਜਦੋਂ ਕਿ ਰਾਜ ਮੰਤਰੀ ਗੌਰਵ ਗੌਤਮ (ਸੁਤੰਤਰ ਚਾਰਜ) ਯੁਵਾ ਸਸ਼ਕਤੀਕਰਨ ਅਤੇ ਉੱਦਮਤਾ ਅਤੇ ਖੇਡਾਂ ਦਾ ਵਿਭਾਗ ਸੰਭਾਲਣਗੇ। ਹੁਕਮਾਂ 'ਚ ਕਿਹਾ ਗਿਆ ਹੈ ਕਿ ਹਰਿਆਣਾ ਦੇ ਰਾਜਪਾਲ ਨੇ ਮੁੱਖ ਮੰਤਰੀ ਦੀ ਸਲਾਹ 'ਤੇ ਮੰਤਰੀ ਮੰਡਲ ਦੇ ਮੈਂਬਰਾਂ ਨੂੰ ਵਿਭਾਗ ਅਲਾਟ ਕੀਤੇ ਹਨ। ਦੱਸ ਦੇਈਏ ਕਿ ਹਰਿਆਣਾ ਵਿਚ 5 ਅਕਤੂਬਰ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 90 ਵਿੱਚੋਂ 48 ਸੀਟਾਂ ਜਿੱਤੀਆਂ ਸਨ।


Tanu

Content Editor

Related News