ਇਲਾਹਾਬਾਦ ਹਾਈਕੋਰਟ ਨੇ ਯੂ.ਪੀ. ''ਚ ਹੁੱਕਾ ਬਾਰ ''ਤੇ ਲਗਾਈ ਪਾਬੰਦੀ
Tuesday, Sep 01, 2020 - 11:37 PM (IST)
ਲਖਨਊ - ਉੱਤਰ ਪ੍ਰਦੇਸ਼ 'ਚ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਇਲਾਹਾਬਾਦ ਹਾਈਕੋਰਟ ਨੇ ਸਖ਼ਤ ਕਦਮ ਚੁੱਕਦੇ ਹੋਏ ਸੂਬੇ 'ਚ ਹੁੱਕਾ ਬਾਰ 'ਤੇ ਪਾਬੰਦੀ ਲਗਾ ਦਿੱਤੀ ਹੈ। ਕੋਰਟ ਨੇ ਯੂਪੀ ਦੇ ਮੁੱਖ ਸਕੱਤਰ ਨੂੰ ਆਦੇਸ਼ ਦਿੱਤਾ ਹੈ ਕਿ ਉਹ ਕਿਸੇ ਵੀ ਰੈਸਟੋਰੈਂਟ ਅਤੇ ਕੈਫੇ 'ਚ ਹੁੱਕਾ ਬਾਰ ਚਲਾਉਣ ਦੀ ਮਨਜ਼ੂਰੀ ਨਾ ਦਿਓ। ਮੁੱਖ ਸਕੱਤਰ ਨੂੰ ਇਸ ਆਦੇਸ਼ ਦਾ ਸਖ਼ਤੀ ਨਾਲ ਪਾਲਣ ਕਰਵਾ ਕੇ 30 ਸਤੰਬਰ ਤੱਕ ਇਸ ਆਦੇਸ਼ ਦੀ ਪਾਲਣ ਦੀ ਰਿਪੋਰਟ ਕੋਰਟ 'ਚ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਹੈ।
ਜਸਟਿਸ ਸ਼ਸ਼ੀਕਾਂਤ ਗੁਪਤਾ ਅਤੇ ਜਸਟਿਸ ਸ਼ਮੀਮ ਅਹਿਮਦ ਦੀ ਡਿਵੀਜ਼ਨ ਬੈਂਚ ਨੇ ਲਖਨਊ ਯੂਨੀਵਰਸਿਟੀ ਦੇ ਐੱਲ.ਐੱਲ.ਬੀ. ਵਿਦਿਆਰਥੀ ਹਰਗੋਵਿੰਦ ਪਾਂਡੇ ਦੀ ਚਿੱਠੀ 'ਤੇ ਕਾਇਮ ਜਨਹਿਤ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਕਿਹਾ ਹੈ ਕਿ ਪ੍ਰਦੇਸ਼ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਹਰ ਦਿਨ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਰਹੀ ਹੈ। ਹਾਈਕੋਰਟ ਨੇ ਇਸ ਦੇ ਫੈਲਾਅ ਨੂੰ ਰੋਕਣ ਲਈ ਮੁੱਖ ਸਕੱਤਰ ਨੂੰ ਰੋਡਮੈਪ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਹੈ ਅਤੇ ਟਿੱਪਣੀ ਵੀ ਕੀਤੀ ਹੈ ਕਿ ਬਿਨਾਂ ਲਾਕਡਾਊਨ ਦੇ ਕੋਈ ਮਦਦ ਨਹੀਂ ਮਿਲਣ ਵਾਲੀ। ਕੋਰਟ ਨੇ ਇਸ ਮਾਮਲੇ 'ਚ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਜੇਕਰ ਹੁੱਕਾ ਬਾਰ 'ਤੇ ਤੁਰੰਤ ਪਾਬੰਦੀ ਨਹੀਂ ਲਗਾਈ ਗਈ ਤਾਂ ਸੂਬੇ 'ਚ ਕੋਰੋਨਾ ਵਾਇਰਸ ਦਾ ਕਮਊਨਿਟੀ ਇਨਫੈਕਸ਼ਨ ਹੋ ਸਕਦਾ ਹੈ। ਡਿਵੀਜ਼ਨ ਬੈਂਚ ਨੇ ਹਾਈਕੋਰਟ ਦੇ ਰਜਿਸਟਰਾਰ ਜਨਰਲ ਨੂੰ ਇਸ ਆਦੇਸ਼ ਦੀ ਕਾਪੀ ਮੁੱਖ ਸਕੱਤਰ ਦੇ ਨਾਲ ਹੀ ਸਾਰੇ ਜ਼ਿਲ੍ਹਿਆਂ ਦੇ ਡੀ.ਐੱਮ. ਨੂੰ ਵੀ ਭੇਜਣ ਨੂੰ ਕਿਹਾ ਹੈ, ਤਾਂਕਿ ਇਸ ਆਦੇਸ਼ 'ਤੇ ਤੱਤਕਾਲ ਪ੍ਰਭਾਵ ਨਾਲ ਹੀ ਅਮਲ ਵੀ ਕਰਵਾਇਆ ਜਾ ਸਕੇ।