ਸਬਰੀਮਾਲਾ ਮੰਦਰ 'ਚ ਸਾਰੀਆਂ ਔਰਤਾਂ ਨੂੰ ਜਾਣ ਦੀ ਆਗਿਆ ਹੋਵੇ: ਰਾਹੁਲ ਗਾਂਧੀ
Wednesday, Oct 31, 2018 - 11:57 AM (IST)

ਇੰਦੌਰ-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਸਾਰੀ ਉਮਰ ਵਰਗ ਦੀਆਂ ਔਰਤਾਂ ਨੂੰ ਸਬਰੀਮਾਲਾ ਮੰਦਰ 'ਚ ਜਾਣ ਦੀ ਆਗਿਆ ਹੋਣੀ ਚਾਹੀਦੀ ਹੈ। ਰਾਹੁਲ ਦੀ ਇਹ ਟਿੱਪਣੀ ਉਨ੍ਹਾਂ ਦੀ ਪਾਰਟੀ ਦੀ ਕੇਰਲ ਇਕਾਈ ਦੁਆਰਾ ਅਪਣਾਏ ਗਏ ਰਵੱਈਏ ਤੋਂ ਉਲਟ ਹੈ ਪਰ ਰਾਹੁਲ ਗਾਂਧੀ ਨੇ ਮੰਨਿਆ ਹੈ ਕਿ ਇਸ ''ਭਾਵਾਤਮਕ ਮੁੱਦੇ'' 'ਤੇ ਉਨ੍ਹਾਂ ਦੀ ਸੋਚ ਉਨ੍ਹਾਂ ਦੀ ਪਾਰਟੀ ਦੀ ਕੇਰਲ ਇਕਾਈ ਤੋਂ ਵੱਖਰੀ ਹੈ।
ਸੁਪਰੀਮ ਕੋਰਟ ਨੇ ਪਿਛਲੇ ਮਹੀਨੇ ਕੇਰਲ ਦੇ ਭਗਵਾਨ ਅਯੱਪਾ ਦੇ ਮੰਦਰ 'ਚ ਮਹਾਂਵਾਰੀ ਉਮਰ ਵਾਲੀਆਂ ਔਰਤਾਂ ਦੇ ਦਾਖਲ ਹੋਣ 'ਤੇ ਲੱਗੀ ਪਾਬੰਦੀ ਹਟਾ ਦਿੱਤੀ ਸੀ। ਉਨ੍ਹਾਂ ਨੇ ਚੋਣਾਵੀਂ ਰਾਜ ਮੱਧ ਪ੍ਰਦੇਸ਼ ਦੇ ਇੰਦੌਰ 'ਚ ਚੋਣਵੇਂ ਸੰਪਾਦਕਾਂ ਅਤੇ ਪੱਤਰਕਾਰਾਂ ਨੂੰ ਕਿਹਾ,'' ਸਬਰੀਮਾਲਾ ਮਾਮਲੇ 'ਚ ਮੇਰਾ ਨਿੱਜੀ ਦ੍ਰਿਸ਼ਟੀਕੋਣ ਇਹ ਹੈ ਕਿ ਔਰਤਾਂ ਅਤੇ ਪੁਰਖ ਬਰਾਬਰ ਹਨ।'' ਸਾਰੀਆਂ ਉਮਰ ਦੀਆਂ ਔਰਤਾਂ ਨੂੰ ਸਬਰੀਮਾਲਾ ਮੰਦਰ 'ਚ ਜਾਣ ਦੀ ਆਗਿਆ ਮਿਲਣੀ ਚਾਹੀਦੀ ਹੈ ਪਰ ਕੇਰਲ 'ਚ ਮੇਰੀ ਪਾਰਟੀ ਦਾ ਦ੍ਰਿਸ਼ਟੀਕੋਣ ਹੈ ਕਿ ਸਬਰੀਮਾਲਾ ਮੰਦਰ ਮਾਮਲਾ ਉੱਥੇ ਔਰਤਾਂ ਅਤੇ ਪੁਰਖ ਦੋਵਾਂ ਦੇ ਲਈ ਇਕ ਬੇਹੱਦ ਭਾਵਨਾਤਮਕ ਮੁੱਦਾ ਹੈ।'' ਰਾਹੁਲ ਨੇ ਕਿਹਾ,''.. ਤਾਂ ਮੇਰਾ ਨਿੱਜੀ ਮੱਤ ਅਤੇ ਕੇਰਲ 'ਚ ਮੇਰੀ ਪਾਰਟੀ ਦੇ ਵਿਚਾਰ ਇਸ ਮਾਮਲੇ 'ਚ ਵੱਖਰੇ-ਵੱਖਰੇ ਹਨ। ਮੇਰੀ ਪਾਰਟੀ ਕੇਰਲ 'ਚ ਉੱਥੋਂ ਦੇ ਮੂਲ ਨਿਵਾਸੀਆਂ ਦੀਆਂ ਭਾਵਨਾਵਾਂ ਦੀ ਨੁਮਾਇੰਦਗੀ ਕਰਦੀ ਹੈ।''
ਰਾਹੁਲ ਗਾਂਧੀ ਦੀਆਂ ਇਹ ਟਿੱਪਣੀਆਂ ਅਜਿਹੇ ਦਿਨ੍ਹਾਂ ਦੀਆਂ ਹਨ, ਜਦੋਂ ਭਾਜਪਾ ਦੇ ਸੈਂਕੜੇ ਕਰਮਚਾਰੀਆਂ ਨੇ ਸੁਪਰੀਮ ਕੋਰਟ ਦੇ ਸਬਰੀਮਾਲਾ ਮੰਦਰ 'ਚ ਸਾਰੀਆਂ ਔਰਤਾਂ ਦੇ ਦਾਖਲ ਹੋਣ ਸੰਬੰਧੀ ਆਦੇਸ਼ ਨੂੰ ਲਾਗੂ ਕਰਨ ਦੇ ਐੱਲ. ਡੀ. ਐੱਫ. ਸਰਕਾਰ ਦੇ ਫੈਸਲੇ ਅਤੇ ਪ੍ਰਦਰਸ਼ਨਕਾਰੀਆਂ ਦੀਆਂ ਪੁਲਸ ਦੁਆਰਾ ਗ੍ਰਿਫਤਾਰੀ ਦੇ ਵਿਰੋਧ 'ਚ ਤਿਰੂਵੰਤਪੁਰਮ 'ਚ ਪ੍ਰਦੇਸ਼ ਪੁਲਸ ਦਫਤਰ ਦੇ ਸਾਹਮਣੇ ''ਭੁੱਖ ਹੜਤਾਲ'' ਕੀਤੀ ਸੀ। ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜੈਯਨ ਨੇ ਗਾਂਧੀ ਦੇ ਬਿਆਨ ਦਾ ਸਵਾਗਤ ਕੀਤਾ ਅਤੇ ਕਾਂਗਰਸ ਪ੍ਰਦੇਸ਼ ਇਕਾਈ ਨੂੰ ਕਿਹਾ ਹੈ ਕਿ ''ਮੰਦਭਾਗ'' ਕਾਂਗਰਸ ਪਾਰਟੀ ਦੀ ਸੂਬਾ ਇਕਾਈ ਸਬਰੀਮਾਲਾ ਮੁੱਦੇ 'ਤੇ ਆਪਣੀ ਕੌਮੀ ਲੀਡਰਸ਼ਿਪ ਦੇ ਪੱਖ 'ਚ ਨਹੀਂ ਹੈ।
ਮੁੱਖ ਮੰਤਰੀ ਨੇ ਕਿਹਾ ਹੈ ਕਿ ਕਾਂਗਰਸੀ ਨੇਤਾਵਾਂ ਦਾ ਇਕ ਧੜਾ ਇਸ ਮੁੱਦੇ 'ਤੇ ''ਰੂੜ੍ਹੀਵਾਦੀ'' ਰਵੱਈਆ ਅਪਣਾ ਰਿਹਾ ਹੈ, ਜਿਸ ਤੋਂ ਕੇਰਲ ਭਾਜਪਾ ਨੂੰ ਮਦਦ ਮਿਲੇਗੀ। ਕੇਰਲ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਚੇਨੰਥਾਲਾ ਨੇ ਕਿਹਾ ਹੈ ਕਿ ਰਾਜ 'ਚ ਕਾਂਗਰਸ ਅਤੇ ਪਾਰਟੀ ਨੀਤ ਯੂ. ਡੀ. ਐੱਫ. ਭਗਵਾਨ ਅਯੱਪਾ ਦੇ ਸ਼ਰਧਾਲੂਆਂ ਦੇ ਨਾਲ ਹਨ, ਜੋ ਚਾਹੁੰਦੇ ਹਨ ਕਿ ਮਾਸਿਕ ਧਰਮ ਦੀ ਉਮਰ ਵਾਲੀਆਂ ਔਰਤਾਂ ਅਤੇ ਲੜਕੀਆਂ ਦੇ ਦਾਖਲ 'ਤੇ ਪਾਬੰਦੀ ਫਿਰ ਤੋਂ ਲੱਗੇ।