ਬੁੱਧਵਾਰ ਤੱਕ ਬੰਦ ਰਹਿਣਗੇ ਸਾਰੇ ਸਕੂਲ ! ਸਿੱਖਿਆ ਮੰਤਰੀ ਸਕੀਨਾ ਇਟੂ ਨੇ ਕੀਤਾ ਐਲਾਨ

Sunday, Jul 19, 2026 - 08:08 PM (IST)

ਬੁੱਧਵਾਰ ਤੱਕ ਬੰਦ ਰਹਿਣਗੇ ਸਾਰੇ ਸਕੂਲ ! ਸਿੱਖਿਆ ਮੰਤਰੀ ਸਕੀਨਾ ਇਟੂ ਨੇ ਕੀਤਾ ਐਲਾਨ

ਨੈਸ਼ਨਲ ਡੈਸਕ : ਭਿਆਨਕ ਗਰਮੀ ਅਤੇ ਹੁੰਮਸ ਨੂੰ ਮੁੱਖ ਰੱਖਦਿਆਂ ਜੰਮੂ-ਕਸ਼ਮੀਰ ਸਰਕਾਰ ਨੇ ਵਿਦਿਆਰਥੀਆਂ ਲਈ ਇੱਕ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਸਕੂਲਾਂ ਵਿੱਚ ਚੱਲ ਰਹੀਆਂ ਗਰਮੀ ਦੀਆਂ ਛੁੱਟੀਆਂ ਵਿੱਚ 3 ਦਿਨਾਂ ਦਾ ਹੋਰ ਵਾਧਾ ਕਰ ਦਿੱਤਾ ਹੈ, ਜਿਸ ਕਾਰਨ ਹੁਣ ਸਕੂਲ 22 ਜੁਲਾਈ ਤੱਕ ਬੰਦ ਰਹਿਣਗੇ। ਪਹਿਲਾਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸਕੂਲ 20 ਜੁਲਾਈ ਨੂੰ ਖੁੱਲ੍ਹਣੇ ਸਨ ਪਰ ਮੌਸਮ ਦੇ ਮਿਜਾਜ਼ ਨੂੰ ਦੇਖਦੇ ਹੋਏ ਹੁਣ ਇਹ 22 ਜੁਲਾਈ ਤੱਕ ਬੰਦ ਰਹਿਣਗੇ। ਜੇਕਰ ਸਰਕਾਰ ਵੱਲੋਂ ਕੋਈ ਹੋਰ ਨਵਾਂ ਹੁਕਮ ਜਾਰੀ ਨਹੀਂ ਕੀਤਾ ਜਾਂਦਾ, ਤਾਂ ਕਲਾਸਾਂ 23 ਜੁਲਾਈ ਤੋਂ ਮੁੜ ਸ਼ੁਰੂ ਹੋਣਗੀਆਂ। ਇਹ ਫੈਸਲਾ ਕਸ਼ਮੀਰ ਡਿਵੀਜ਼ਨ ਅਤੇ ਜੰਮੂ ਡਿਵੀਜ਼ਨ ਦੇ ਸਰਦੀਆਂ ਵਾਲੇ ਖੇਤਰਾਂ ਦੇ ਸਾਰੇ ਸਰਕਾਰੀ ਅਤੇ ਮਾਨਤਾ ਪ੍ਰਾਪਤ ਨਿੱਜੀ ਸਕੂਲਾਂ 'ਤੇ ਲਾਗੂ ਹੋਵੇਗਾ।

ਇਸ ਸਬੰਧੀ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਸਿੱਖਿਆ ਮੰਤਰੀ ਸਕੀਨਾ ਇਟੂ ਨੇ ਕਿਹਾ ਕਿ ''ਮੌਜੂਦਾ ਮੌਸਮੀ ਹਾਲਾਤਾਂ ਦੇ ਮੱਦੇਨਜ਼ਰ, ਕਸ਼ਮੀਰ ਡਿਵੀਜ਼ਨ ਅਤੇ ਜੰਮੂ ਡਿਵੀਜ਼ਨ ਦੇ ਸਰਦੀਆਂ ਵਾਲੇ ਖੇਤਰਾਂ ਦੇ ਸਾਰੇ ਸਰਕਾਰੀ ਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਲਈ ਗਰਮੀਆਂ ਦੀਆਂ ਛੁੱਟੀਆਂ 22 ਜੁਲਾਈ (ਬੁੱਧਵਾਰ) ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।'' ਇਸਦੇ ਨਾਲ ਹੀ ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਗਾਤਾਰ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਵਿਦਿਆਰਥੀਆਂ, ਅਧਿਆਪਕਾਂ ਤੇ ਸਕੂਲ ਸਟਾਫ ਦੀ ਸੁਰੱਖਿਆ ਅਤੇ ਭਲਾਈ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ।

PunjabKesari

ਇਸੇ ਲਈ ਸਾਵਧਾਨੀ ਵਜੋਂ ਇਹ ਛੁੱਟੀਆਂ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਦੂਜੇ ਪਾਸੇ ਜੰਮੂ ਤੇ ਕਸ਼ਮੀਰ ਵਿੱਚ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਪੁੰਛ ਅਤੇ ਰਾਜੌਰੀ ਜ਼ਿਲ੍ਹਿਆਂ ਵਿੱਚ ਅਚਾਨਕ ਹੜ੍ਹਾਂ ਨੇ ਵਿਆਪਕ ਤਬਾਹੀ ਮਚਾਈ ਹੈ, ਜਿਸ ਨਾਲ ਘੱਟੋ-ਘੱਟ 10 ਲੋਕ ਮਾਰੇ ਗਏ ਹਨ ਅਤੇ ਕਈ ਲਾਪਤਾ ਹਨ। ਮੌਸਮ ਵਿਭਾਗ ਦੀ ਚਿਤਾਵਨੀ ਦੇ ਵਿਚਕਾਰ, ਪ੍ਰਸ਼ਾਸਨ ਨੇ ਐਤਵਾਰ ਨੂੰ ਸਾਵਧਾਨੀ ਦੇ ਤੌਰ 'ਤੇ ਅਮਰਨਾਥ ਯਾਤਰਾ ਦੇ ਨਾਲ-ਨਾਲ ਮਾਤਾ ਵੈਸ਼ਨੋ ਦੇਵੀ ਅਤੇ ਸ਼੍ਰੀ ਸ਼ਿਵ ਖੋਰੀ ਤੀਰਥ ਸਥਾਨਾਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਪਹਿਲਗਾਮ ਅਤੇ ਬਾਲਟਾਲ ਦੋਵਾਂ ਰਸਤਿਆਂ ਤੋਂ ਅਮਰਨਾਥ ਯਾਤਰਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਕਸ਼ਮੀਰ ਦੇ ਬਾਲਟਾਲ ਅਤੇ ਨੂਨਵਾਨ/ਚੰਦਨਵਾੜੀ ਬੇਸ ਕੈਂਪਾਂ ਤੇ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਸ਼ਰਧਾਲੂਆਂ ਨੂੰ ਅੱਗੇ ਵਧਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। 


author

Shubam Kumar

Content Editor

Related News