ਚੋਣ ਯੁੱਧ ’ਚ ‘ਵਰਚੁਅਲ ਵਾਰ’ ਲਈ ਤਿਆਰ ਸਿਆਸੀ ਪਾਰਟੀਆਂ

Tuesday, Jan 11, 2022 - 11:33 AM (IST)

ਚੋਣ ਯੁੱਧ ’ਚ ‘ਵਰਚੁਅਲ ਵਾਰ’ ਲਈ ਤਿਆਰ ਸਿਆਸੀ ਪਾਰਟੀਆਂ

ਨਵੀਂ ਦਿੱਲੀ– 5 ਸੂਬਿਆਂ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਐਲਾਨ ਦੇ ਨਾਲ ਹੀ ਚੋਣ ਕਮਿਸ਼ਨ ਨੇ ਹੁਕਮ ਜਾਰੀ ਕੀਤੇ ਹਨ, ਜਿਸ ਨਾਲ ਸਪੱਸ਼ਟ ਹੈ ਕਿ ਸਿਆਸੀ ਪਾਰਟੀਆਂ ਦਾ ਭਵਿੱਖ ਹੁਣ ਜ਼ਮੀਨੀ ਨਹੀਂ ਸਗੋਂ ਡਿਜੀਟਲ ਸਕ੍ਰੀਨ ਨਾਲ ਤੈਅ ਹੋਵੇਗਾ, ਜਿਸ ਕਾਰਨ ਸਾਰੀਆਂ ਪਾਰਟੀਆਂ ਨੇ ਸੋਸ਼ਲ ਮੀਡੀਆ ’ਤੇ ਪ੍ਰਚਾਰ ਦੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਚੋਣ ਯੁੱਧ ’ਚ ਸਿਆਸੀ ਪਾਰਟੀਆਂ ਵਰਚੁਅਲ ਵਾਰ ਲਈ ਤਿਆਰ ਹੋ ਗਈਆਂ ਹਨ। ਜਾਣਕਾਰਾਂ ਦਾ ਮੰਨਣਾ ਹੈ ਕਿ ਵਰਚੁਅਲ ਦੁਨੀਆ ’ਚ ਬਦਲ ਬੇਸ਼ੁਮਾਰ ਹਨ ਅਤੇ ਹਰ ਪਾਰਟੀ ਆਪਣੇ ਟਾਰਗੇਟ ਅਤੇ ਰਣਨੀਤੀ ਦੇ ਹਿਸਾਬ ਨਾਲ ਪਲੇਟਫਾਰਮ ਦੀ ਚੋਣ ਕਰਨ ਲਈ ਆਜ਼ਾਦ ਹੈ। ਇਸ ਮਾਮਲੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 74.2 ਮਿਲੀਅਨ ਤੋਂ ਜ਼ਿਆਦਾ ਫਾਲੋਅਰਸ ਦੇ ਨਾਲ ਸਭ ਤੋਂ ਅੱਗੇ ਹਨ। ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਵੀ 19.5 ਮਿਲੀਅਨ ਲੋਕ ਫਾਲੋ ਕਰਦੇ ਹਨ। ਉੱਥੇ ਹੀ, ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ ਨੂੰ 15.3 ਮਿਲੀਅਨ ਅਤੇ ਮਾਇਆਵਤੀ ਨੂੰ 2.3 ਮਿਲੀਅਨ ਲੋਕ ਫਾਲੋ ਕਰਦੇ ਹਨ। ‘ਆਪ’ ਦੇ 5.8 ਮਿਲੀਅਨ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ 23.7 ਮਿਲੀਅਨ ਫਾਲੋਅਰਸ ਹਨ।

ਇਨ੍ਹਾਂ ਤੋਂ ਇਲਾਵਾ ਯੂ. ਪੀ. ਦੀ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਨੂੰ 1.12 ਮਿਲੀਅਨ ਅਤੇ ਰਾਸ਼ਟਰੀ ਲੋਕ ਦਲ ਨੂੰ 4.16 ਮਿਲੀਅਨ ਲੋਕ ਫਾਲੋ ਕਰਦੇ ਹਨ। ਟਵਿੱਟਰ ਤੋਂ ਇਲਾਵਾ ਦੂਜੇ ਪਲੇਟਫਾਰਮਸ ’ਤੇ ਵੀ ਸਿਆਸੀ ਪਾਰਟੀਆਂ ਦੀ ਮੌਜੂਦਗੀ ਲਗਭਗ ਅਜਿਹੀ ਹੀ ਹੈ।

ਭਾਜਪਾ ਦੇ ਡਿਜੀਟਲ ਪ੍ਰਚਾਰ ’ਚ ਸਰਗਰਮ ਨੇਤਾ ਨੇ ਦੱਸਿਆ ਕਿ 2020 ਦੀਆਂ ਬਿਹਾਰ ਚੋਣਾਂ ਦੌਰਾਨ ਪਾਰਟੀ ਨੇ ਪਹਿਲੀ ਵਾਰ ਡਿਜੀਟਲ ਰੈਲੀਆਂ ਦਾ ਆਯੋਜਨ ਕੀਤਾ ਸੀ। ਜੋ ਪਾਰਟੀਆਂ ਹੁਣ ਤੱਕ ਇਸ ਮਾਮਲੇ ’ਚ ਝਿੱਜਕ ਰਹੀਆਂ ਸਨ, ਉਨ੍ਹਾਂ ਲਈ ਵੀ ਹੁਣ ਖੁਦ ਨੂੰ ਬਦਲਣਾ ਬੇਹੱਦ ਜ਼ਰੂਰੀ ਹੋ ਗਿਆ ਹੈ। ਸਰਕਾਰੀ ਅੰਕੜਿਆਂ ਅਨੁਸਾਰ ਦੇਸ਼ ਭਰ ’ਚ 1.18 ਅਰਬ ਮੋਬਾਇਲ, 70 ਕਰੋਡ਼ ਇੰਟਰਨੈੱਟ ਯੂਜ਼ਰ ਅਤੇ 60 ਕਰੋਡ਼ ਤੋਂ ਜ਼ਿਆਦਾ ਸਮਾਰਟਫੋਨ ਹਨ।

ਆਨਲਾਈਨ ਪ੍ਰਚਾਰ ’ਚ ਭਾਜਪਾ ਸਭ ਤੋਂ ਅੱਗੇ
ਆਨਲਾਈਨ ਪ੍ਰਚਾਰ ਦੇ ਮਾਮਲੇ ’ਚ ਭਾਜਪਾ ਸਭ ਤੋਂ ਅੱਗੇ ਹੈ। ਪਲੇਅ ਸਟੋਰ ’ਚ ਭਾਜਪਾ ਅਤੇ ਨਰਿੰਦਰ ਮੋਦੀ ਨਾਲ ਜੁਡ਼ੇ ਐਪਸ ਦੀ ਗਿਣਤੀ ਸੈਂਕੜਿਆਂ ’ਚ ਹੈ। ਕਈ ਐਪਸ ’ਤੇ ਤਾਂ ਨਰਿੰਦਰ ਮੋਦੀ ਦੇ ਬਿਆਨਾਂ ਅਤੇ ਸ਼ਾਰਟ ਵੀਡੀਓਜ਼ ਦੀ ਕੁਲੈਕਸ਼ਨ ਵੀ ਮੌਜੂਦ ਹੈ। ਹਾਲਾਂਕਿ ਇਨ੍ਹਾਂ ’ਚੋਂ ਭਾਜਪਾ ਦਾ ਅਧਿਕਾਰਕ ਰੂਪ ’ਚ ਸਿਰਫ ਇਕ ਐਪ ਹੈ। ਇਸ ਤੋਂ ਇਲਾਵਾ ਪਾਰਟੀ ਦੇ ਹੋਰ ਸਰੋਤਾਂ ਅਤੇ ਸੂਬਿਆਂ ਦੀਆਂ ਇਕਾਈਆਂ ਦੇ ਵੀ ਐਪ ਮੌਜੂਦ ਹਨ। ਕਾਂਗਰਸ ਦੇ ਅਧਿਕਾਰਕ ਰੂਪ ਨਾਲ ਏ. ਆਈ. ਸੀ. ਸੀ. ਵੱਲੋਂ ਪਲੇਅ ਸਟੋਰ ’ਤੇ 7 ਐਪ ਚਲਾਏ ਜਾ ਰਹੇ ਹਨ। ਇਸੇ ਤਰ੍ਹਾਂ ਕੁਝ ਐਪ ਸਮਾਜਵਾਦੀ ਪਾਰਟੀ ਦੇ ਲਗਦੇ ਹਨ ਅਤੇ ਇਕ ਐਪ ਬੀ. ਐੱਸ. ਪੀ. ਆਫਿਸ਼ੀਅਲ ਦੇ ਨਾਂ ਨਾਲ ਵੀ ਮੌਜੂਦ ਹੈ।


author

Rakesh

Content Editor

Related News