ਜੰਮੂ : ਰਾਹਤ ਪੈਕੇਜ ਦੀ ਮੰਗ ਕਰ ਰਹੇ ਟਰਾਂਸਪੋਰਟ ਕੰਪਨੀਆਂ ਦੇ ਮਾਲਕਾਂ ਨੇ ਕੀਤੀ ਭੁੱਖ ਹੜਤਾਲ
Tuesday, Jun 02, 2020 - 05:54 PM (IST)
ਜੰਮੂ (ਭਾਸ਼ਾ)— ਤਾਲਾਬੰਦੀ ਕਾਰਨ ਪੈਦਾ ਹੋਏ ਹਾਲਾਤ ਤੋਂ ਉੱਭਰਨ ਲਈ ਰਾਹਤ ਪੈਕੇਜ ਸਮੇਤ ਕਈ ਪ੍ਰਕਾਰ ਦੀਆਂ ਮੰਗਾਂ ਦੇ ਸਮਰਥਨ 'ਚ ਦਰਜਨਾਂ ਨਿਜੀ ਟਰਾਂਸਪੋਰਟ ਕੰਪਨੀਆਂ ਦੇ ਮਾਲਕ ਮੰਗਲਵਾਰ ਨੂੰ ਇੱਥੇ ਭੁੱਖ ਹੜਤਾਲ 'ਤੇ ਚੱਲੇ ਗਏ। ਪ੍ਰਦਰਸ਼ਨ ਕਰਦੇ ਟਰਾਂਸਪੋਰਟ ਕੰਪਨੀਆਂ ਦੇ ਮਾਲਕਾਂ ਨੇ ਸੰਘ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਨ ਨੂੰ ਦੋ ਦਿਨ ਦੀ ਮੋਹਲਤ ਦਿੱਤੀ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ 'ਤੇ ਗੌਰ ਨਾ ਕੀਤਾ ਗਿਆ ਤਾਂ ਜੰਮੂ-ਕਸ਼ਮੀਰ ਵਿਚ ਜ਼ਰੂਰੀ ਵਸਤੂਆਂ ਦੀ ਸਪਲਾਈ ਕਰ ਰਹੇ ਟਰੱਕਾਂ ਅਤੇ ਟੈਂਕਰਾਂ ਨੂੰ ਰੋਕ ਦਿੱਤਾ ਜਾਵੇਗਾ। ਅਖਿਲ ਜੰਮੂ-ਕਸ਼ਮੀਰ ਟਰਾਂਸਪੋਰਟ ਕਲਿਆਣ ਸੰਘ ਦੇ ਬੈਨਰ ਹੇਠ ਪ੍ਰਦਰਸ਼ਨਕਾਰੀ ਇੱਥੇ ਪ੍ਰੈੱਸ ਕਲੱਬ ਨੇੜੇ ਇਕੱਠੇ ਹੋਏ ਅਤੇ ਬਾਅਦ ਵਿਚ ਤਵੀ ਪੁਲ ਨੇੜੇ ਭੁੱਖ ਹੜਤਾਲ 'ਤੇ ਬੈਠ ਗਏ।
ਅਖਿਲ ਜੰਮੂ-ਕਸ਼ਮੀਰ ਟਰਾਂਸਪੋਰਟ ਕਲਿਆਣ ਸੰਘ ਦੇ ਪ੍ਰਧਾਨ ਟੀ. ਐੱਸ. ਵਜ਼ੀਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਦੇ ਢਿੱਲੇ ਰਵੱਈਏ ਕਾਰਨ ਸਾਨੂੰ ਸੜਕਾਂ 'ਤੇ ਆਉਣਾ ਪਿਆ। ਸਰਕਾਰ ਸਾਡੀਆਂ ਚਿੰਤਾਵਾਂ ਅਤੇ ਮੁੱਦਿਆਂ 'ਤੇ ਧਿਆਨ ਦੇਣ ਵਿਚ ਫੇਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪ੍ਰਸ਼ਾਸਨ ਵਲੋਂ ਸਕਾਰਾਤਮਕ ਜਵਾਬ ਮਿਲਣ ਦੀ ਦੋ ਦਿਨ ਤੱਕ ਉਡੀਕ ਕਰਨਗੇ। ਜੇਕਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਅਸੀਂ ਜ਼ਰੂਰੀ ਸੇਵਾਵਾਂ ਦੀ ਸਪਲਾਈ ਕਰਾਉਣ ਵਾਲੇ ਟਰੱਕਾਂ ਅਤੇ ਟੈਂਕਰਾਂ ਨੂੰ ਰੋਕ ਦੇਵਾਂਗੇ ਅਤੇ ਉਨ੍ਹਾਂ ਨੂੰ ਮੁੱਖ ਸੜਕ 'ਤੇ ਖੜ੍ਹਾ ਕਰ ਦੇਵਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀ ਸਥਿਤੀ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ। ਵਜ਼ੀਰ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਸਮੇਂ ਪਹਿਲਾਂ ਟਰਾਂਸਪੋਰਟ ਕੰਪਨੀਆਂ ਦੇ ਮਾਲਕਾਂ ਦੀ ਸਮੱਸਿਆ ਬਾਰੇ ਰਾਜਪਾਲ ਜੀ. ਸੀ. ਮੁਰਮੂ ਨੂੰ ਚਿੱਠੀ ਲਿਖੀ ਸੀ ਪਰ ਉਸ ਦਾ ਕੋਈ ਜਵਾਬ ਨਹੀਂ ਮਿਲਿਆ ਸੀ।