‘ਇੰਡੀਆ’ ਗੱਠਜੋੜ ’ਚ ਸਭ ਠੀਕ ਨਹੀਂ ? ਸੰਸਦ ’ਚ ਕਾਂਗਰਸ ਦੇ ਏਜੰਡੇ ਤੋਂ ਸਹਿਯੋਗੀ ਪਾਰਟੀਆਂ ਨੇ ਕੀਤਾ ਕਿਨਾਰਾ

Monday, Dec 02, 2024 - 09:18 PM (IST)

‘ਇੰਡੀਆ’ ਗੱਠਜੋੜ ’ਚ ਸਭ ਠੀਕ ਨਹੀਂ ? ਸੰਸਦ ’ਚ ਕਾਂਗਰਸ ਦੇ ਏਜੰਡੇ ਤੋਂ ਸਹਿਯੋਗੀ ਪਾਰਟੀਆਂ ਨੇ ਕੀਤਾ ਕਿਨਾਰਾ

ਨਵੀਂ ਦਿੱਲੀ - ਸੰਸਦ ਦੀ ਕਾਰਵਾਈ ਦੇ ਸ਼ੁਰੂ ਹੋਣ ਤੋਂ ਪਹਿਲਾਂ ਰਾਹੁਲ ਗਾਂਧੀ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਨਾਲ ‘ਇੰਡੀਅਾ’ ਗੱਠਜੋੜ ਦੇ ਨੇਤਾਵਾਂ ਦੀ ਬੈਠਕ ’ਚ ਸ਼ਾਮਲ ਹੋਏ ਪਰ ਤ੍ਰਿਣਮੂਲ ਕਾਂਗਰਸ ਦਾ ਕੋਈ ਵੀ ਮੈਂਬਰ ਇਸ ਵਿਚ ਸ਼ਾਮਲ ਨਹੀਂ ਹੋਇਆ।

ਅਸਲ ’ਚ ਤ੍ਰਿਣਮੂਲ ਚਾਹੁੰਦੀ ਹੈ ਕਿ ਮਹਿੰਗਾਈ, ਬੇਰੋਜ਼ਗਾਰੀ, ਕਿਸਾਨ, ਖਾਦਾਂ, ਵਿਰੋਧੀ ਧਿਰ ਦੇ ਸੂਬਿਆਂ ਨੂੰ ਦਿੱਤੇ ਜਾਣ ਵਾਲੇ ਪੈਸਿਆਂ ’ਚ ਕਟੌਤੀ ਅਤੇ ਮਣੀਪੁਰ ਵਰਗੇ ਮੁੱਦਿਆਂ ’ਤੇ ਹਾਊਸ ’ਚ ਚਰਚਾ ਹੋਣੀ ਚਾਹੀਦੀ ਹੈ, ਜਦਕਿ ਕਾਂਗਰਸ ਚਾਹੁੰਦੀ ਹੈ ਕਿ ਸਿਰਫ ਅਡਾਣੀ ਮੁੱਦੇ ’ਤੇ ਹੀ ਚਰਚਾ ਹੋਵੇ।

ਇਸ ਦੇ ਨਾਲ ਹੀ ਸਪਾ ਵੀ ਕਾਂਗਰਸ ਦੇ ਸਟੈਂਡ ਤੋਂ ਦੂਰ ਹੁੰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਹੋਰ ਵਿਰੋਧੀ ਪਾਰਟੀਆਂ ਵੀ ਚਾਹੁੰਦੀਆਂ ਹਨ ਕਿ ਕਿਸਾਨ, ਸੰਭਲ ਅਤੇ ਮਣੀਪੁਰ ਵਰਗੇ ਮੁੱਦਿਆਂ ’ਤੇ ਵੀ ਚਰਚਾ ਹੋਣੀ ਚਾਹੀਦੀ ਹੈ। ਵਿਰੋਧੀ ਪਾਰਟੀਆਂ ’ਚੋਂ ਤ੍ਰਿਣਮੂਲ ਕਾਂਗਰਸ ਦਾ ਸਟੈਂਡ ਸਪੱਸ਼ਟ ਹੈ ਕਿ ਸਾਰੇ ਮੁੱਦਿਆਂ ’ਤੇ ਸੰਸਦ ’ਚ ਚਰਚਾ ਹੋਣੀ ਚਾਹੀਦੀ ਹੈ। ਸਮਾਜਵਾਦੀ ਪਾਰਟੀ ਵੀ ਕੁਝ ਅਜਿਹਾ ਹੀ ਚਾਹੁੰਦੀ ਹੈ।

ਸਪਾ ਦੇ ਸੰਸਦ ਮੈਂਬਰਾਂ ਨੇ ਸੋਮਵਾਰ ਲੋਕ ਸਭਾ ਦੇ ਸਪੀਕਰ ਨਾਲ ਮੁਲਾਕਾਤ ਕੀਤੀ ਤੇ ਸੰਭਲ ਮੁੱਦੇ ’ਤੇ ਚਰਚਾ ਲਈ ਬੇਨਤੀ ਕੀਤੀ। ਸਪਾ ਨੇਤਾਵਾਂ ਮੁਤਾਬਕ ਅਡਾਣੀ ਮੁੱਦਾ ਸੰਭਲ ਜਿੰਨਾ ਵੱਡਾ ਨਹੀਂ ਹੈ।

ਸਪਾ ਦੇ ਸੰਸਦ ਮੈਂਬਰ ਧਰਮਿੰਦਰ ਯਾਦਵ ਨੇ ਕਿਹਾ ਕਿ ਸਾਡੇ ਲਈ ਕਿਸਾਨਾਂ ਦਾ ਮੁੱਦਾ ਅਡਾਨੀ ਦੇ ਮੁੱਦੇ ਤੋਂ ਵੀ ਵੱਡਾ ਹੈ। ਕਾਂਗਰਸ ਭਾਵੇਂ ਅਡਾਣੀ-ਅਡਾਣੀ ਦੀ ਰੱਟ ਲਾਈ ਬੈਠੀ ਹੈ ਪਰ ਕਈ ਵਿਰੋਧੀ ਪਾਰਟੀਆਂ ਹੋਰ ਮੁੱਦਿਆਂ ’ਤੇ ਵੀ ਬਹਿਸ ਕਰਨਾ ਚਾਹੁੰਦੀਆਂ ਹਨ।


author

Inder Prajapati

Content Editor

Related News