ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਦਾ ਹੋਇਆ ਦਿਹਾਂਤ ! 55 ਸਾਲ ਦੀ ਉਮਰ 'ਚ ਲਿਆ ਆਖ਼ਰੀ ਸਾਹ
Monday, Jun 08, 2026 - 12:08 PM (IST)
ਬੈਂਗਲੁਰੂ- ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ ਸਕੱਤਰ ਅਤੇ ਕਰਨਾਟਕ ਸਰਕਾਰ ਦੀ ਗਾਰੰਟੀ ਕਮੇਟੀ ਦੇ ਉਪ-ਚੇਅਰਮੈਨ ਸੂਰਜ ਹੇਗੜੇ ਦਾ ਬੀਤੀ ਰਾਤ ਦਿਹਾਂਤ ਹੋ ਗਿਆ। ਪਾਰਟੀ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਅਨੁਸਾਰ, ਹੇਗੜੇ ਲਗਭਗ 55 ਸਾਲ ਦੇ ਸਨ। ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਬੈਂਗਲੁਰੂ ਦੇ ਇਕ ਨਿੱਜੀ ਹਸਪਤਾਲ 'ਚ ਉਨ੍ਹਾਂ ਨੂੰ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਭਾਰਤੀ ਯੁਵਾ ਕਾਂਗਰਸ ਦੇ ਸਾਬਕਾ ਇੰਚਾਰਜ ਹੇਗੜੇ, ਸਾਬਕਾ ਮੁੱਖ ਮੰਤਰੀ ਦੇਵਰਾਜ ਉਰਸ ਦੇ ਪੋਤੇ ਸਨ। ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਹੇਗੜੇ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ। ਸ਼ਿਵਕੁਮਾਰ ਨੇ 'ਐਕਸ' 'ਤੇ ਪੋਸਟ ਕੀਤਾ,"ਮੈਨੂੰ ਆਪਣੇ ਪਿਆਰੇ ਸਾਥੀ ਸੂਰਜ ਹੇਗੜੇ ਦੇ ਅਚਾਨਕ ਦਿਹਾਂਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ ਹੈ। ਉਨ੍ਹਾਂ ਨੇ ਏ.ਆਈ.ਸੀ.ਸੀ. (ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ) ਦੇ ਉਪ-ਪ੍ਰਧਾਨ ਅਤੇ ਰਾਜ ਗਾਰੰਟੀ ਕਮੇਟੀ ਦੇ ਉਪ-ਚੇਅਰਮੈਨ ਵਜੋਂ ਸੇਵਾ ਨਿਭਾਈ।"

ਉਨ੍ਹਾਂ ਕਿਹਾ ਕਿ ਸੰਗਠਨਾਤਮਕ ਹੁਨਰ ਅਤੇ ਲੋਕ ਭਲਾਈ ਰਾਹੀਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ 'ਚ ਉਨ੍ਹਾਂ ਦਾ ਯੋਗਦਾਨ ਬੇਮਿਸਾਲ ਸੀ। ਮੁੱਖ ਮੰਤਰੀ ਨੇ ਕਿਹਾ,"ਅੱਜ ਅਸੀਂ ਇਕ ਅਜਿਹੇ ਸਰਗਰਮ ਨੇਤਾ ਨੂੰ ਗੁਆ ਦਿੱਤਾ ਹੈ ਜਿਸ ਦਾ ਹਮੇਸ਼ਾ ਪਾਰਟੀ ਵਰਕਰਾਂ ਨਾਲ ਸ਼ਾਨਦਾਰ ਸਬੰਧ ਰਿਹਾ।" ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਸੂਰਜ ਹੇਗੜੇ ਦੇ ਦਿਹਾਂਤ 'ਤੇ ਦੁੱਖ ਜ਼ਾਹਰ ਕੀਤਾ ਹੈ। ਸੂਬਾ ਕਾਂਗਰਸ ਪ੍ਰਧਾਨ ਬੀ.ਕੇ. ਹਰੀਪ੍ਰਸਾਦ ਨੇ ਕਿਹਾ ਕਿ ਹੇਗੜੇ ਨੇ ਆਪਣਾ ਪੂਰਾ ਜੀਵਨ ਪਛੜੇ ਭਾਈਚਾਰਿਆਂ, ਦਲਿਤਾਂ ਅਤੇ ਸਮਾਜ ਦੇ ਹੋਰ ਹਾਸ਼ੀਏ 'ਤੇ ਧੱਕੇ ਵਰਗਾਂ ਦੇ ਉਥਾਨ ਲਈ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਹੇਗੜੇ ਸੱਚਮੁੱਚ ਦੇਵਰਾਜ ਉਰਸ ਦੁਆਰਾ ਚਲਾਈ ਗਈ ਸਮਾਨਤਾ ਅਤੇ ਸਮਾਜਿਕ ਨਿਆਂ ਦੀ ਵਿਰਾਸਤ ਦੇ ਸੱਚੇ ਵਾਰਸ ਸਨ। ਉਨ੍ਹਾਂ ਕਿਹਾ, "ਉਹ ਹਮੇਸ਼ਾ ਜਨਤਕ ਸੇਵਾ ਲਈ ਸਮਰਪਿਤ ਸਨ। ਉਨ੍ਹਾਂ ਨੇ ਜਨਤਾ ਨੂੰ ਗਾਰੰਟੀ ਯੋਜਨਾਵਾਂ ਪਹੁੰਚਾਉਣ ਵਿੱਚ ਮੁੱਖ ਭੂਮਿਕਾ ਨਿਭਾਈ।" ਉਨ੍ਹਾਂ ਨੇ ਹੇਗੜੇ ਦੀ ਮੌਤ ਨੂੰ ਰਾਜ ਅਤੇ ਕਾਂਗਰਸ ਪਾਰਟੀ ਲਈ ਇੱਕ ਵੱਡਾ ਘਾਟਾ ਦੱਸਿਆ। ਸਾਬਕਾ ਮੁੱਖ ਮੰਤਰੀ ਸਿੱਧਰਮਈਆ ਨੇ ਵੀ ਹੇਗੜੇ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
