ਸਭ ਦੀਆਂ ਨਜ਼ਰਾਂ ਸੰਘ-ਭਾਜਪਾ ਦੀ ਮੀਟਿੰਗ ’ਤੇ
Saturday, Aug 31, 2024 - 06:15 PM (IST)
ਨਵੀਂ ਦਿੱਲੀ- ਕੇਰਲ ਦੇ ਪਲੱਕੜ ਵਿਚ ਭਲਕੇ ਸ਼ੁਰੂ ਹੋ ਰਹੀ ਸੰਘ ਅਤੇ ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਦਰਮਿਆਨ ਅਹਿਮ ‘ਤਾਲਮੇਲ ਮੀਟਿੰਗ’ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਹਾਲਾਂਕਿ 3 ਦਿਨਾਂ ‘ਤਾਲਮੇਲ ਮੀਟਿੰਗ’ ’ਚ ਸੰਘ ਦੇ 32 ਸਹਿਯੋਗੀ ਸੰਗਠਨਾਂ ਦੇ ਉੱਚ ਅਹੁਦੇਦਾਰ ਸ਼ਾਮਲ ਹੋਣਗੇ।
ਸੂਤਰਾਂ ਦਾ ਕਹਿਣਾ ਹੈ ਕਿ ਰਵਾਇਤ ਮੁਤਾਬਕ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅਤੇ ਜਨਰਲ ਸਕੱਤਰ (ਸੰਗਠਨ) ਬੀ. ਐੱਲ. ਸੰਤੋਸ਼ ਵਾਲੀ ਭਾਜਪਾ ਦੀ ਟੀਮ ਦੀ ਅਗਵਾਈ ਜੇ. ਪੀ. ਨੱਡਾ ਕਰਨਗੇ। ਇਸ ਸਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਟੀਮ ਦਾ ਹਿੱਸਾ ਬਣ ਸਕਦੇ ਹਨ।
ਇਹ ਮੀਟਿੰਗ ਇਸ ਲਈ ਵੀ ਅਹਿਮ ਹੈ ਕਿਉਂਕਿ ਇਹ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਤੋਂ ਬਾਅਦ ਪੈਦਾ ਹੋਏ ਮਤਭੇਦਾਂ ਤੋਂ ਬਾਅਦ ਹੋ ਰਹੀ ਹੈ। ਭਾਜਪਾ ਅਤੇ ਆਰ. ਐੱਸ. ਐੱਸ. ਦੇ ਚੋਟੀ ਦੇ ਨੇਤਾਵਾਂ ਨੇ ਦੱਖਣੀ ਸੂਬਿਆਂ ਵਿਚ ਭਾਜਪਾ ਨੂੰ ਮਜ਼ਬੂਤ ਕਰਨ ਅਤੇ ਜ਼ਮੀਨੀ ਪੱਧਰ ’ਤੇ ਤਾਲਮੇਲ ਬਣਾਉਣ ਲਈ ਪਿਛਲੇ ਇਕ ਮਹੀਨੇ ਦੌਰਾਨ ਦਿੱਲੀ ਵਿਚ 3 ਦੌਰ ਦੀ ਗੱਲਬਾਤ ਕੀਤੀ।
ਜੇ. ਪੀ. ਨੱਡਾ ਦੀ ਥਾਂ ’ਤੇ ਨਵੇਂ ਭਾਜਪਾ ਪ੍ਰਧਾਨ ਦੀ ਨਿਯੁਕਤੀ ਦਾ ਮੁੱਦਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਗਲੇ ਸਾਲ ਤੱਕ ਟਾਲ ਦਿੱਤਾ ਗਿਆ ਹੈ। ਪਲੱਕੜ ਮੀਟਿੰਗ ਮੁੱਖ ਤੌਰ ’ਤੇ ਵੱਖ-ਵੱਖ ਸ਼ਾਖਾਵਾਂ ਵਿਚਕਾਰ ਤਾਲਮੇਲ ਨੂੰ ਬਿਹਤਰ ਬਣਾਉਣ ’ਤੇ ਕੇਂਦਰਿਤ ਹੋਵੇਗੀ।
ਬੈਠਕ ’ਚ 2025 ’ਚ ਵਿਜੇਦਸ਼ਮੀ ’ਤੇ ਆਰ. ਐੱਸ. ਐੱਸ. ਦੇ ਸਾਲ ਭਰ ਚੱਲਣ ਵਾਲੇ ਸ਼ਤਾਬਦੀ ਸਮਾਰੋਹ ’ਤੇ ਵੀ ਵਿਚਾਰ ਕੀਤਾ ਜਾਵੇਗਾ ਕਿਉਂਕਿ ਦੁਨੀਆ ਦਾ ਸਭ ਤੋਂ ਵੱਡਾ ਰਾਸ਼ਟਰਵਾਦੀ ਸਵੈਮ-ਸੇਵੀ ਸੰਗਠਨ 100 ਸਾਲ ਦਾ ਹੋ ਜਾਏਗਾ। ਮੀਟਿੰਗ ਵਿਚ ਆਰ. ਐੱਸ. ਐੱਸ. ਦੇ ਮੁਖੀ ਮੋਹਨ ਭਾਗਵਤ, ਜਨਰਲ ਸਕੱਤਰ ਦੱਤਾਤ੍ਰੇਯ ਹੋਸਬੋਲੇ, ਸਾਰੇ 6 ਸੰਯੁਕਤ ਜਨਰਲ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀ ਹਿੱਸਾ ਲੈਣਗੇ। ਹੋਰ ਪ੍ਰਮੁੱਖ ਫਰੰਟਲ ਸੰਗਠਨਾਂ ਵਿਚ ਵੀ. ਐੱਚ. ਪੀ., ਏ. ਬੀ. ਵੀ. ਪੀ., ਰਾਸ਼ਟਰ ਸੇਵਿਕਾ ਸਮਿਤੀ, ਵਨਵਾਸੀ ਕਲਿਆਣ ਆਸ਼ਰਮ, ਭਾਰਤੀ ਕਿਸਾਨ ਸੰਘ, ਵਿਦਿਆ ਭਾਰਤੀ ਅਤੇ ਭਾਰਤੀ ਮਜ਼ਦੂਰ ਸੰਘ ਸ਼ਾਮਲ ਹੋਣਗੇ।