''ਆਪ'' ''ਚ ਕਲੇਸ਼, ਅਲਕਾ ਲਾਂਬਾ ਨੇ ਕਿਹਾ- 2020 ''ਚ ਛੱਡ ਦੇਵਾਂਗੀ ਪਾਰਟੀ

05/26/2019 3:22:56 PM

ਨਵੀਂ ਦਿੱਲੀ (ਭਾਸ਼ਾ)— ਆਮ ਆਦਮੀ ਪਾਰਟੀ (ਆਪ) ਦੀ ਅਸੰਤੁਸ਼ਟ ਵਿਧਾਇਕ ਅਲਕਾ ਲਾਂਬਾ ਨੇ ਅਗਲੇ ਸਾਲ ਪਾਰਟੀ ਛੱਡਣ ਦਾ ਐਲਾਨ ਕੀਤਾ ਹੈ। ਚਾਂਦਨੀ ਚੌਕ ਤੋਂ ਵਿਧਾਇਕ ਅਲਕਾ ਲਾਂਬਾ ਨੇ ਟਵੀਟ ਕੀਤਾ, ''2013 ਵਿਚ 'ਆਪ' ਨਾਲ ਸ਼ੁਰੂ ਹੋਇਆ ਮੇਰਾ ਸਫਰ 2020 'ਚ ਖਤਮ ਹੋ ਜਾਵੇਗਾ। ਮੇਰੀਆਂ ਸ਼ੁੱਭਕਾਮਨਾਵਾਂ ਪਾਰਟੀ ਦੇ ਸਮਰਪਿਤ ਕ੍ਰਾਂਤੀਕਾਰੀ ਜ਼ਮੀਨੀ ਵਰਕਰਾਂ ਨਾਲ ਹਮੇਸ਼ਾ ਰਹਿਣਗੀਆਂ। ਆਸ ਕਰਦੀ ਹਾਂ ਕਿ ਤੁਸੀਂ ਦਿੱਲੀ ਵਿਚ ਇਕ ਮਜ਼ਬੂਤ ਬਦਲ ਬਣੇ ਰਹੋਗੇ। 'ਆਪ' ਨਾਲ ਪਿਛਲੇ 6 ਸਾਲ ਯਾਦਗਾਰ ਰਹੇ ਅਤੇ ਤੁਹਾਡੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਧੰਨਵਾਦ।'' ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਉਹ ਅਗਲੇ ਸਾਲ ਦਿੱਲੀ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਛੱਡੇਗੀ ਜਾਂ ਬਾਅਦ ਵਿਚ।

 

PunjabKesari


ਦੱਸਣਯੋਗ ਹੈ ਕਿ ਲਾਂਬਾ ਦੇ ਰਿਸ਼ਤੇ ਕੁਝ ਸਮੇਂ ਤੋਂ ਪਾਰਟੀ ਲੀਡਰਸ਼ਿਪ ਨਾਲ ਚੰਗੇ ਨਹੀਂ ਚੱਲ ਰਹੇ ਹਨ। ਸ਼ਨੀਵਾਰ ਨੂੰ ਵਿਧਾਇਕ ਨੇ ਰਾਸ਼ਟਰੀ ਰਾਜਧਾਨੀ ਦੀਆਂ 7 ਸੀਟਾਂ 'ਤੇ 'ਆਪ' ਦੀ ਕਰਾਰੀ ਹਾਰ ਲਈ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਜਵਾਬਦੇਹੀ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਪਾਰਟੀ ਵਿਧਾਇਕਾਂ ਦੇ ਵਟਸਐਪ ਗਰੁੱਪ ਤੋਂ ਉਨ੍ਹਾਂ ਨੂੰ ਬਾਹਰ ਕਰ ਦਿੱਤਾ ਗਿਆ। ਲਾਂਬਾ ਨੇ ਟਵਿੱਟਰ 'ਤੇ ਸਕ੍ਰੀਨਸ਼ਾਟ ਸ਼ੇਅਰ ਕੀਤੇ ਹਨ, ਜਿਸ ਵਿਚ ਨਜ਼ਰ ਆ ਰਿਹਾ ਹੈ ਕਿ ਉਨ੍ਹਾਂ ਨੂੰ ਉੱਤਰੀ-ਪੂਰਬੀ ਦਿੱਲੀ ਤੋਂ 'ਆਪ' ਦੇ ਹਾਰੇ ਉਮੀਦਵਾਰ ਦਿਲੀ ਪਾਂਡੇ ਨੇ ਗਰੁੱਪ 'ਚੋਂ ਕੱਢਿਆ ਹੈ।

ਕੇਜਰੀਵਾਲ ਨੂੰ ਲੰਬੇ ਹੱਥੀਂ ਲੈਂਦੇ ਹੋਏ ਲਾਂਬਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਹਾਰ ਲਈ ਉਨ੍ਹਾਂ ਨੂੰ ਕਿਉਂ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਲਾਂਬਾ ਨੇ ਇਸ ਦੇ ਨਾਲ ਹੀ ਕਿਹਾ ਕਿ ਕਾਰਵਾਈ ਉਨ੍ਹਾਂ ਲੋਕਾਂ ਵਿਰੁੱਧ ਹੋਣੀ ਚਾਹੀਦੀ ਹੈ, ਜਿਨ੍ਹਾਂ ਨੇ ਬੰਦ ਕਮਰਿਆਂ 'ਚ ਬੈਠ ਕੇ ਸਾਰੇ ਫੈਸਲੇ ਲਏ। ਮੈਂ ਤਾਂ ਇਹ ਪਹਿਲੇ ਦਿਨ ਤੋਂ ਹੀ ਕਹਿ ਰਹੀ ਹਾਂ ਜੋ ਅੱਜ ਹਾਰ ਤੋਂ ਬਾਅਦ ਕੇਜਰੀਵਾਲ ਕਹਿ ਰਹੇ ਹਨ। ਕਦੇ ਗਰੁੱਪ ਵਿਚ ਜੋੜਦੇ ਹੋ ਅਤੇ ਕਦੇ ਕੱਢਦੇ ਹੋ। ਬਿਹਤਰ ਹੁੰਦਾ ਇਸ ਤੋਂ ਉੱਪਰ ਉੱਠ ਕੇ ਕੁਝ ਸੋਚਦੇ, ਬੁਲਾਉਂਦੇ, ਗੱਲ ਕਰਦੇ, ਗਲਤੀਆਂ ਅਤੇ ਕਮੀਆਂ 'ਤੇ ਚਰਚਾ ਕਰਦੇ, ਸੁਧਾਰ ਕਰ ਕੇ ਅੱਗੇ ਵਧਦੇ। ਇੱਥੇ ਦੱਸ ਦੇਈਏ ਕਿ ਲਾਂਬਾ ਨੇ ਪਾਰਟੀ ਲਈ ਪ੍ਰਚਾਰ ਨਹੀਂ ਕੀਤਾ ਅਤੇ ਕੇਜਰੀਵਾਲ ਦੇ ਰੋਡ ਸ਼ੋਅ ਵਿਚ ਹਿੱਸਾ ਲੈਣ ਤੋਂ ਵੀ ਪਰਹੇਜ਼ ਕੀਤਾ, ਕਿਉਂਕਿ ਉਨ੍ਹਾਂ ਨੂੰ ਕੇਜਰੀਵਾਲ ਦੀ ਕਾਰ ਦੇ ਪਿੱਛੇ ਚੱਲਣ ਨੂੰ ਕਿਹਾ ਗਿਆ ਸੀ।


Tanu

Content Editor

Related News