ਫੌਜ ਨਾਲ ਖਿਲਵਾੜ ਕਰ ਰਹੀ ਹੈ ਭਾਜਪਾ : ਅਖਿਲੇਸ਼ ਯਾਦਵ

Tuesday, Mar 05, 2019 - 06:03 PM (IST)

ਫੌਜ ਨਾਲ ਖਿਲਵਾੜ ਕਰ ਰਹੀ ਹੈ ਭਾਜਪਾ : ਅਖਿਲੇਸ਼ ਯਾਦਵ

ਲਖਨਊ— ਸਪਾ ਮੁਖੀ ਅਖਿਲੇਸ਼ ਯਾਦਵ ਨੇ ਭਾਜਪਾ 'ਤੇ ਚੋਣਾਵੀ ਵਾਅਦੇ ਲਈ ਫੌਜ ਨਾਲ ਖਿਲਵਾੜ ਕਰਨ ਦਾ ਦੋਸ਼ ਲਗਾਉਂਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਫੌਜ ਦੇਸ਼ ਦੀ ਹੈ, ਨਾ ਕਿ ਕਿਸੇ ਸਿਆਸੀ ਪਾਰਟੀ ਦੀ। ਅਖਿਲੇਸ਼ ਨੇ ਕਿਹਾ,''ਇਹ (ਭਾਜਪਾ) ਫੌਜ ਨਾਲ ਖਿਲਵਾੜ ਕਰ ਰਹੀ ਹੈ। ਇਹ ਸਿਲਸਿਲਾ ਰੁਕਣਾ ਚਾਹੀਦਾ। ਫੌਜ ਤਾਂ ਦੇਸ਼ ਦੀ ਹੁੰਦੀ ਹੈ, ਕਿਸੇ ਸਿਆਸੀ ਪਾਰਟੀ ਦੀ ਨਹੀਂ।'' ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਨੇ ਚੋਣ ਪ੍ਰਚਾਰ ਦੌਰਾਨ ਫੌਜ ਦੀ ਵਰਦੀ ਪਾਉਣ ਵਾਲੇ ਦਿੱਲੀ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ 'ਤੇ ਵਾਰ ਕਰਦੇ ਹੋਏ ਉਨ੍ਹਾਂ ਦਾ ਨਾਂ ਲਏ ਬਿਨਾਂ ਕਿਹਾ,''ਜੇਕਰ ਕੋਈ ਨਾਗਰਿਕ ਫੌਜ ਦੀ ਵਰਦੀ ਪਾਉਂਦਾ ਹੈ ਤਾਂ ਉਸ ਨੂੰ ਸਜ਼ਾ ਮਿਲਦੀ ਹੈ, ਕੀ ਕਿਸੇ ਨੇ ਕੋਈ ਸ਼ਿਕਾਇਤ ਦਰਜ ਕਰਵਾਈ ਹੈ?'' ਪਿਛਲੇ ਮਹੀਨੇ ਪੁਲਵਾਮਾ 'ਚ ਹੋਏ ਹਮਲੇ ਬਾਰੇ ਅਖਿਲੇਸ਼ ਨੇ ਕਿਹਾ ਕਿ ਪੂਰਾ ਦੇਸ਼ ਇਸ ਮਾਮਲੇ ਦੀ ਸੱਚਾਈ ਜਾਣਨਾ ਚਾਹੁੰਦਾ ਹੈ। ਨਾਲ ਹੀ ਦੇਸ਼ ਇਸ ਵਾਰਦਾਤ 'ਚ ਮਾਰੇ ਗਏ ਜਵਾਨਾਂ ਨੂੰ 'ਸ਼ਹੀਦ' ਦਾ ਦਰਜਾ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਕ-ਇਕ ਕਰੋੜ ਰੁਪਏ ਮੁਆਵਜ਼ਾ ਦੇਣ ਦੀ ਵੀ ਮੰਗ ਕਰ ਰਿਹਾ ਹੈ।

ਉਨ੍ਹਾਂ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਵੋਟਿੰਗ ਕੇਂਦਰਾਂ 'ਤੇ ਸਰਜੀਕਲ ਸਟਰਾਈਕ ਹੋਵੇਗੀ ਅਤੇ ਜਨਤਾ ਭਾਜਪਾ ਨੂੰ ਉਸ ਦੇ ਝੂਠ ਲਈ ਸਬਕ ਸਿਖਾਏਗੀ। ਅਖਿਲੇਸ਼ ਨੇ ਰਾਸ਼ਟਰੀ ਲੋਕਦਲ (ਰਾਲੋਦ) ਦੇ ਜਨਰਲ ਸਕੱਤਰ ਜਯੰਤ ਚੌਧਰੀ ਨਾਲ ਇਸ ਸਾਂਝੀ ਪ੍ਰੈੱਸ ਕਾਨਫਰੰਸ 'ਚ ਸਪਾ-ਬਸਪਾ ਨਾਲ ਗਠਜੋੜ 'ਚ ਰਾਲੋਦ ਦੇ ਸ਼ਾਮਲ ਹੋਣ ਦਾ ਰਸਮੀ ਐਲਾਨ ਵੀ ਕੀਤਾ। ਰਾਲੋਦ ਪ੍ਰਦੇਸ਼ ਦੀ ਮਥੁਰਾ, ਬਾਗਪਤ ਅਤੇ ਮੁਜ਼ੱਫਰਨਗਰ ਲੋਕ ਸਭਾ ਸੀਟਾਂ 'ਤੇ ਚੋਣਾਂ ਲੜੇਗਾ। ਅਖਿਲੇਸ਼ ਨੇ ਇਕ ਸਵਾਲ 'ਤੇ ਕਿਹਾ ਕਿ ਕਾਂਗਰਸ ਵੀ ਉਨ੍ਹਾਂ ਦਾ ਗਠਜੋੜ 'ਚ ਸ਼ਾਮਲ ਹੈ। ਇਸ ਦੇ ਅਧੀਨ ਉਸ ਲਈ ਅਮੇਠੀ ਅਤੇ ਰਾਏਬਰੇਲੀ ਸੀਟਾਂ ਛੱਡੀਆਂ ਗਈਆਂ ਹਨ। ਸਪਾ ਮੁਖੀ ਨੇ ਕਿਹਾ ਕਿ ਗਠਜੋੜ ਦੇ ਸਾਰੇ ਸਾਥੀ ਮਿਲ ਕੇ ਭਾਜਪਾ ਨੂੰ ਹਰਾਉਣਗੇ। ਗਠਜੋੜ ਦੇ ਅਧੀਨ ਹੁਣ ਪ੍ਰਦੇਸ਼ ਦੀਆਂ 80 ਲੋਕ ਸਭਾ ਸੀਟਾਂ 'ਚੋਂ 38 'ਤੇ ਬਸਪਾ, 37 'ਤੇ ਸਪਾ ਅਤੇ ਤਿੰਨ ਸੀਟਾਂ 'ਤੇ ਰਾਲੋਦ ਚੋਣਾਂ ਲੜੇਗੀ। ਉੱਥੇ ਹੀ 2 ਸੀਟਾਂ ਕਾਂਗਰਸ ਲਈ ਛੱਡੀਆਂ ਗਈਆਂ ਹਨ।


author

DIsha

Content Editor

Related News