ਆਫ਼ ਦਿ ਰਿਕਾਰਡ : ਅਖਿਲੇਸ਼ ਦੀ ਅਜੀਬ ‘ਥੀਸਿਸ’

Thursday, Nov 05, 2026 - 10:09 AM (IST)

ਆਫ਼ ਦਿ ਰਿਕਾਰਡ : ਅਖਿਲੇਸ਼ ਦੀ ਅਜੀਬ ‘ਥੀਸਿਸ’

ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੂੰ ਆਮ ਤੌਰ ’ਤੇ ਭਾਰਤੀ ਸਿਆਸਤ ਦੇ ਸਭ ਤੋਂ ਸਮਝਦਾਰ ਨੇਤਾਵਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਉਨ੍ਹਾਂ ਦਾ ਸੈਂਸ ਆਫ਼ ਹਿਊਮਰ ਚੰਗਾ ਹੈ ਅਤੇ ਉਹ ਰਾਜਨੀਤਿਕ ਵਿਰੋਧੀਆਂ ’ਤੇ ਆਪਣੇ ਤਿੱਖੇ ਅਤੇ ਮਜ਼ੇਦਾਰ ਹਮਲਿਆਂ ਲਈ ਜਾਣੇ ਜਾਂਦੇ ਹਨ ਪਰ ਪਿਛਲੇ ਕੁਝ ਦਿਨਾਂ ਤੋਂ ਉਹ ਕੁਝ ਅਜੀਬ ਗੱਲਾਂ ਕਹਿੰਦੇ ਦਿਸ ਰਹੇ ਹਨ।

ਅਖਿਲੇਸ਼ ਨੇ ਹਾਲ ਹੀ ਵਿਚ ਇਕ ਅਜੀਬ ਥੀਸਿਸ ਦਿੱਤੀ ਕਿ ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਆਪਣੇ ਹੀ ਪਰਿਵਾਰ ਦੇ 5 ਜੀਆਂ ਨੂੰ ਲੋਕ ਸਭਾ ਟਿਕਟਾਂ ਨਾ ਦਿੱਤੀਆਂ ਹੁੰਦੀਆਂ ਤਾਂ ਪਾਰਟੀ ਟੁੱਟ ਸਕਦੀ ਸੀ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਪਾਰਲੀਮੈਂਟ ਵਿਚ ਪਰਿਵਾਰ ਦੇ 5 ਜੀਆਂ ਦੀ ਮੌਜੂਦਗੀ ਨੇ ਪਾਰਟੀ ਨੂੰ ਇਕਜੁੱਟ ਰੱਖਣ ਵਿਚ ਮਦਦ ਕੀਤੀ। ਉਨ੍ਹਾਂ ਨੇ ਇਸ ਰਾਊਂਡ ਵਿਚ ਆਪਣੇ ਚਾਚਾ ਰਾਮ ਗੋਪਾਲ ਯਾਦਵ ਨੂੰ ਵੀ ਰਾਜ ਸਭਾ ਲਈ ਫਿਰ ਤੋਂ ਨਾਮਜ਼ਦ ਕੀਤਾ।

ਪਰ ਕੀ ਸੱਚਮੁੱਚ ਇਕ ਰਾਜਨੀਤਿਕ ਪਰਿਵਾਰ ਹੋਣ ਨਾਲ ਪਾਰਟੀ ਟੁੱਟਣ ਤੋਂ ਬਚ ਜਾਂਦੀ ਹੈ? ਉਨ੍ਹਾਂ ਦੇ ਆਪਣੇ ਚਾਚਾ ਸ਼ਿਵਪਾਲ ਯਾਦਵ ਸਪਾ ਤੋਂ ਵੱਖ ਹੋ ਗਏ ਸਨ। ਚੌਟਾਲਾ ਤੋਂ ਲੈ ਕੇ ਠਾਕਰੇ ਅਤੇ ਪਵਾਰ, ਕਰੁਣਾਨਿਧੀ, ਪਾਸਵਾਨ ਅਤੇ ਬਾਦਲ ਤੱਕ, ਅਜਿਹਾ ਕੋਈ ਵੱਡਾ ਰਾਜਨੀਤਿਕ ਪਰਿਵਾਰ ਲੱਭਣਾ ਔਖਾ ਹੋਵੇਗਾ ਜੋ ਪੂਰੀ ਤਰ੍ਹਾਂ ਨਾਲ ਇਕਜੁੱਟ ਰਿਹਾ ਹੋਵੇ। ਫਿਰ ਵੀ ਅਖਿਲੇਸ਼ ਫੈਮਿਲੀ ਪਾਲਿਟਿਕਸ ਨੂੰ ਸਹੀ ਠਹਿਰਾਉਣ ਲਈ ਪਾਰਟੀ ਨੂੰ ਇਕਜੁੱਟ ਰੱਖਣ ਦੀ ਇਕ ਅਜੀਬ ਦਲੀਲ ਦਿੰਦੇ ਦਿਸ ਰਹੇ ਹਨ।


author

Harpreet SIngh

Content Editor

Related News