ਅਖਿਲੇਸ਼ ਦੇ ਬਚਾਅ 'ਚ ਉੱਤਰੇ ਸ਼ਿਵਪਾਲ, ਕਿਹਾ— ਸਿਆਸੀ ਸਾਜਿਸ਼ ਦੇ ਤਹਿਤ ਕਰ ਰਹੇ ਹਨ ਬਦਨਾਮ
Saturday, Jun 16, 2018 - 05:35 PM (IST)

ਵਾਰਾਨਸੀ— ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਲਖਨਊ ਸਥਿਤ ਸਰਕਾਰੀ ਬੰਗਲਾ ਖਾਲ੍ਹੀ ਕਰਨ ਤੋਂ ਬਾਅਦ ਭੰਨਤੋੜ ਦੇ ਵਿਵਾਦ 'ਤੇ ਉਨ੍ਹਾਂ ਦੇ ਚਾਚਾ ਅਤੇ ਸੂਬੇ ਦੇ ਸਾਬਕਾ ਮੰਤਰੀ ਸ਼ਿਵਪਾਲ ਸਿੰਘ ਯਾਦਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਿਆਸੀ ਸਾਜ਼ਿਸ਼ ਦੇ ਤਹਿਤ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਸਾਬਕਾ ਮੰਤਰੀ ਯਾਦਵ ਨੇ ਅੱਜ ਵਾਰਾਨਸੀ 'ਚ ਕਿਹਾ ਕਿ ਅਖਿਲੇਸ਼ ਨੇ ਸਰਕਾਰੀ ਬੰਗਲੇ 'ਚ ਨਾ ਤਾਂ ਭੰਨਤੋੜ ਕੀਤੀ ਹੈ ਅਤੇ ਨਾ ਹੀ ਉੱਥੋਂ ਕੋਈ ਸਾਮਾਨ ਚੁੱਕ ਕੇ ਲੈ ਜਾਇਆ ਗਿਆ। ਇਸ ਦੇ ਪਿੱਛੇ ਬਦਨਾਮ ਕਰਨ ਦੀ ਡੂੰਘੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਸਿਆਸੀ ਲਾਭ ਲਈ ਇਸ ਪ੍ਰਕਾਰ ਦੀ ਸਾਜ਼ਿਸ਼ ਕੀਤੀ ਜਾਣੀ ਬਦਕਿਸਮਤੀ ਹੈ ਅਤੇ ਆਉਣ ਵਾਲੇ ਸਮੇਂ 'ਚ ਜਨਤਾ ਇਸ ਦਾ ਜਵਾਬ ਜ਼ਰੂਰ ਦੇਵੇਗੀ।
ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਯਾਦਵ 'ਤੇ ਲਖਨਊ ਸਥਿਤ ਆਪਣੇ ਸਰਕਾਰੀ ਬੰਗਲੇ 'ਚ ਭੰਨਤੋੜ ਅਤੇ ਉੱਥੋਂ ਸਰਕਾਰੀ ਸਾਮਾਨ ਲੈ ਜਾਣ ਦੇ ਦੋਸ਼ ਰਾਜ ਸਪੰਤੀ ਵਿਭਾਗ ਵੱਲੋਂ ਲਗਾਏ ਗਏ ਹਨ, ਜਿਸ ਦਾ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਸਮਰਥਨ ਕਰ ਰਹੇ ਹਨ। ਯਾਦਵ ਨੇ ਆਪਣੇ ਉੱਪਰ ਲੱਗੇ ਹੋਰ ਦੋਸ਼ਾਂ ਨੂੰ ਪਹਿਲਾਂ ਹੀ ਖਾਰਜ ਕਰ ਦਿੱਤਾ ਸੀ।