ਖੇਤੀ ਕਾਨੂੰਨਾਂ ਦਾ ਇਕ ਸਾਲ : ਅਕਾਲੀ ਦਲ ਦਾ ਪ੍ਰਦਰਸ਼ਨ, ਸੁਖਬੀਰ ਬਾਦਲ ਨੇ ਪਾਰਟੀ ਨੇਤਾਵਾਂ ਨਾਲ ਦਿੱਤੀ ਗ੍ਰਿਫ਼ਤਾਰੀ
Friday, Sep 17, 2021 - 02:10 PM (IST)
![ਖੇਤੀ ਕਾਨੂੰਨਾਂ ਦਾ ਇਕ ਸਾਲ : ਅਕਾਲੀ ਦਲ ਦਾ ਪ੍ਰਦਰਸ਼ਨ, ਸੁਖਬੀਰ ਬਾਦਲ ਨੇ ਪਾਰਟੀ ਨੇਤਾਵਾਂ ਨਾਲ ਦਿੱਤੀ ਗ੍ਰਿਫ਼ਤਾਰੀ](https://static.jagbani.com/multimedia/2021_9image_14_23_414661628badal3.jpg)
ਨਵੀਂ ਦਿੱਲੀ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਸਾਰੀਆਂ ਪ੍ਰਮੁੱਖ ਫਸਲਾਂ ਦੀ ਘੱਟੋ ਘੱਟ ਸਮਰਥਨ ਮੁੱਲ ’ਤੇ ਯਕੀਨੀ ਖਰੀਦ ਦੀ ਕਾਨੂੰਨੀ ਗਾਰੰਟੀ ਦੀ ਮੰਗ ਕਰਦਿਆਂ ਸੀਨੀਅਰ ਲੀਡਰਸ਼ਿਪ ਨਾਲ ਇਥੇ ਗ੍ਰਿਫ਼ਤਾਰੀ ਦਿੱਤੀ। ਸਰਦਾਰ ਸੁਖਬੀਰ ਸਿੰਘ ਬਾਦਲ ਨੇ 3 ਕਾਲੇ ਕਾਨੂੰਨ ਬਣਾਉਣ ਦਾ ਇਕ ਸਾਲ ਪੂਰਾ ਹੋਣ ’ਤੇ ਇਥੇ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਸੰਸਦ ਤੱਕ ਵਿਸ਼ਾਲ ਰੋਸ ਮਾਰਚ ਦੀ ਅਗਵਾਈ ਕੀਤੀ। ਦਿੱਲੀ ਪੁਲਸ ਵੱਲੋਂ ਲਾਈਆਂ ਅਣਕਿਆਸੀਆਂ ਰੁਕਾਵਟਾਂ ਦੇ ਬਾਵਜੂਦ ਹਜ਼ਾਰਾਂ ਪਾਰਟੀ ਵਰਕਰ ਗੁਰਦੁਆਰਾ ਸਾਹਿਬ ਪਹੁੰਚੇ ਅਤੇ ਅਰਦਾਸ ਕਰਨ ਉਪਰੰਤ ਸੰਸਦ ਵੱਲ ਰੋਸ ਮਾਰਚ ਕੀਤਾ। ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਸੰਸਦ ਵੱਲ ਮਾਰਚ ਕਰਦਿਆਂ ਕਾਲਾ ਦਿਵਸ ਮਨਾ ਕੇ ਗ੍ਰਿਫ਼ਤਾਰੀਆਂ ਦਿੱਤੀਆਂ।
ਪਾਰਟੀ ਨੇ ਕਾਰਜਕਾਰੀ ਮੈਜਿਸਟਰੇਟ ਰਾਹੀਂ ਪ੍ਰਧਾਨ ਮੰਤਰੀ ਦੇ ਨਾਂ ਮੈਮੋਰੰਡਮ ਵੀ ਸੌਂਪਿਆ। ਇਸ ਵਿਚ ਕਾਲੇ ਕਾਨੂੰਨ ਰੱਦ ਕਰਨ ਤੋਂ ਇਲਾਵਾ ਕੇਂਦਰ ਸਰਕਾਰ ਤੋਂ ਇਹ ਵਾਅਦਾ ਕਰਨ ਦੀ ਮੰਗ ਕੀਤੀ ਗਈ ਹੈ ਕਿ ਕੇਂਦਰ ਸਰਕਾਰ ਉਹਨਾਂ ਦੇ ਜੀਵਨ ਨੁੰ ਪ੍ਰਭਾਵਤ ਕਰਨ ਵਾਲਾ ਕੋਈ ਵੀ ਕਾਨੂੰਨ ਬਣਾਉਣ ਤੋਂ ਪਹਿਲਾਂ ਕਿਸਾਨਾਂ ਨਾਲ ਸਲਾਹ ਮਸ਼ਵਰਾ ਕਰੇਗੀ। ਇਸ ਤੋਂ ਪਹਿਲਾਂ ਵਿਸ਼ਾਲ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਤਿੰਨ ਖੇਤੀ ਕਾਨੂੰਨ ਰੱਦ ਹੋਣੇ ਯਕੀਨੀ ਬਣਾਉਣ ਵਾਸਤੇ ਡੱਟ ਕੇ ਲੜਾਈ ਲੜੇਗੀ। ਉਨ੍ਹਾਂ ਨੇ ਪੰਜਾਬੀਆਂ ਨੁੰ ਭਰੋਸਾ ਦੁਆਇਆ ਕਿ ਇਕ ਵਾਰ ਪੰਜਾਬ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਸਰਕਾਰ ਬਣਨ ’ਤੇ ਇਹ ਕਾਨੂੰਨ ਸੂਬੇ ਵਿਚ ਲਾਗੂ ਨਹੀਂ ਹੋਣ ਦਿੱਤੇ ਜਾਣਗੇ।
ਇਸ ਤੋਂ ਪਹਿਲਾਂ ਧਰਨੇ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੁੰ ਕਿਸਾਨ ਹਮਾਇਤੀ ਹੋਣ ਲਈ ਕਿਸੇ ਤੋਂ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੇ। ਸਾਡੀ ਇਕਲੌਤੀ ਪਾਰਟੀ ਹੈ ਜੋ ਕਿਸਾਨਾਂ ਅਤੇ ਉਹਨਾਂ ਦੇ ਹੱਕਾਂ ਵਾਸਤੇ ਲੜਦੀ ਹੈ। ਅਸੀਂ ਕਿਸਾਨਾਂ ਨੁੰ ਖੇਤੀਬਾੜੀ ਲਈ ਮੁਫਤ ਬਿਜਲੀ, ਪੱਕੀਆਂ ਨਹਿਰਾਂ ਤੇ ਖਾਲਾਂ ਅਤੇ ਨਹਿਰਾਂ ਤੋਂ ਪਾਣੀ ਕਿਸਾਨਾਂ ਤੱਕ ਪਹੁੰਚਣਾ ਯਕੀਨੀ ਬਣਾਇਆ। ਸਰਦਾਰ ਬਾਦਲ ਨੇ ਦਿੱਲੀ ਪੁਲਿਸ ਅਤੇ ਆਪ ਸਰਕਾਰ ਵੱਲੋਂ ਭਾਰੀ ਰੁਕਾਵਟਾਂ ਲਾਉਣ ਦੇ ਬਾਵਜੂਦ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਯਤਨਾਂ ਦਾ ਵੀ ਧੰਨਵਾਦ ਕੀਤਾ। ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸਤਲੁਜ ਯਮੁਨਾ ਲਿੰਕ ਨਹਿਰ ਸਮੇਤ ਪੰਜਾਬ ਦੇ ਸਾਰੇ ਮੁੱਦਿਆਂ ’ਤੇ ਦੋਗਲੀ ਰਾਜਨੀਤੀ ਅਪਣਾਉਣ ਅਤੇ ਪੰਜਾਬ ਦੇ ਥਰਮਲ ਪਲਾਂਟਾਂ ਦਾ ਵਿਰੋਧ ਕਰਨ ਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਕਾਰਵਾਈ ਦੀ ਮੰਗ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ।
ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੇਕਰ ਐਨ.ਡੀ.ਏ. ਸਰਕਾਰ ਨੇ ਤਿੰਨ ਕਾਲੇ ਕਾਨੂੰਨ ਰੱਦ ਨਾ ਕੀਤੇ ਤਾਂ ਇਸ ਨਾਲ ਉਹ ਨਾ ਸਿਰਫ਼ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਹਾਰੇਗੀ ਬਲਕਿ 2024 ਦੀਆਂ ਕੌਮ ਚੋਣਾਂ ਵੀ ਹਾਰ ਜਾਵੇਗੀ। ਸਰਦਾਰ ਭੂੰਦੜ ਤੇ ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਕਿਵੇਂ ਅਕਾਲੀ ਦਲ ਨੇ ਕਿਸਾਨਾਂ ਦੇ ਖਦਸ਼ੇ ਸਰਵਉਚ ਪੱਧਰ ਤੱਕ ਪਹੁੰਚ ਕੇ ਤਿੰਨ ਬਿੱਲ ਪਾਸ ਨਾ ਕੀਤੇ ਜਾਣ ਵਾਸਤੇ ਹਰ ਯਤਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੋਬਿੰਦ ਸਿੰਘ ਲੌਂਗੋਵਾਲ, ਮਹੇਸ਼ਇੰਦਰ ਸਿੰ ਗਰੇਵਾਲ, ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ ਰਣੀਕੇ, ਸੁਰਜੀਤ ਸਿੰਘ ਰੱਖੜਾ, ਜਗਮੀਤ ਸਿੰਘ ਬਰਾੜ, ਅਨਿਲ ਜੋਸ਼ੀ ਤੇ ਹਰਮੀਤ ਕਾਲਕਾ ਵੀ ਸ਼ਾਮਲ ਸਨ।