ਰਾਜਗ ਸਹਿਯੋਗੀ ਅਜੀਤ ਪਵਾਰ ਦਿੱਲੀ ’ਚ ਵਿਖਾ ਰਹੇ ਹਨ ਤਾਕਤ, ਭਾਜਪਾ ਚੁੱਪ

Saturday, Jan 11, 2025 - 01:00 AM (IST)

ਰਾਜਗ ਸਹਿਯੋਗੀ ਅਜੀਤ ਪਵਾਰ ਦਿੱਲੀ ’ਚ ਵਿਖਾ ਰਹੇ ਹਨ ਤਾਕਤ, ਭਾਜਪਾ ਚੁੱਪ

ਨੈਸ਼ਨਲ ਡੈਸਕ- ਜੇ ਕੋਈ ਇਹ ਸੋਚ ਰਿਹਾ ਹੈ ਕਿ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ’ਚ ਸਿਰਫ਼ ‘ਇੰਡੀਆ’ ਗੱਠਜੋੜ ਦੀਆਂ ਪਾਰਟੀਆਂ ਹੀ ਇਕ-ਦੂਜੇ ਦੇ ਵਿਰੁੱਧ ਲੜ ਰਹੀਆਂ ਹਨ ਤਾਂ ਉਹ ਗਲਤ ਹੋ ਸਕਦਾ ਹੈ।

ਪਤਾ ਲੱਗਾ ਹੈ ਕਿ ਮਹਾਰਾਸ਼ਟਰ ’ਚ ਰਾਜਗ ਦੀ ਸਹਿਯੋਗੀ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਅਗਵਾਈ ਵਾਲੀ ਐੱਨ. ਸੀ. ਪੀ. ਨੇ ਰਾਸ਼ਟਰੀ ਰਾਜਧਾਨੀ ’ਚ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ਜੇ ਪਹਿਲਾਂ ਇਸ ਦੇ ਉਮੀਦਵਾਰਾਂ ਦੀ ਗਿਣਤੀ 11 ਸੀ ਤਾਂ ਸੂਤਰਾਂ ਅਨੁਸਾਰ ਹੁਣ ਇਹ 20 ਤੱਕ ਜਾ ਸਕਦੀ ਹੈ।

ਅਜੀਤ ਪਵਾਰ ਦੀ ਪਾਰਟੀ ਆਪਣੇ ਉਮੀਦਵਾਰਾਂ ਦੀ ਸੂਚੀ ’ਚ ਤਬਦੀਲੀ ਕਰੇਗੀ। ਪਹਿਲਾਂ ਉਸ ਨੇ ਐਲਾਨ ਕੀਤਾ ਸੀ ਕਿ ਉਹ 11 ਸੀਟਾਂ ’ਤੇ ਚੋਣ ਲੜੇਗੀ। ਐੱਨ. ਸੀ. ਪੀ. ਦੀ ਨਵੀਂ ਸੂਚੀ ਅਗਲੇ ਕੁਝ ਦਿਨਾਂ ’ਚ ਜਾਰੀ ਕੀਤੀ ਜਾ ਸਕਦੀ ਹੈ।

ਭਾਜਪਾ ਆਪਣੀਆਂ ਸਿਆਸੀ ਮਜਬੂਰੀਆਂ ਕਾਰਨ ਇਸ ਮੁੱਦੇ ’ਤੇ ਚੁੱਪ ਹੈ ਪਰ ਉਸ ਨੇ ਪਹਿਲਾਂ ਜਨਤਾ ਦਲ (ਯੂ) ਨੂੰ ਦਿੱਲੀ ਵਿਧਾਨ ਸਭਾ ਚੋਣਾਂ ’ਚ ਕੋਈ ਵੀ ਉਮੀਦਵਾਰ ਨਾ ਖੜ੍ਹਾ ਕਰਨ ਲਈ ਮਨਾ ਲਿਆ ਸੀ।

ਅਜੀਤ ਪਵਾਰ ਨੇ ਆਪਣੇ ਉਮੀਦਵਾਰ ਬਦਲਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਕੋਈ ਕਾਰਨ ਨਹੀਂ ਦੱਸਿਆ ਗਿਆ। ਹੁਣ ਨਵੇਂ ਨਾਵਾਂ ’ਤੇ ਮੁੜ ਵਿਚਾਰ ਕਰ ਕੇ ਨਵੀਂ ਸੂਚੀ ਤਿਆਰ ਕੀਤੀ ਜਾ ਰਹੀ ਹੈ।

ਦਿੱਲੀ ’ਚ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਪੁਰਾਣੇ ਉਮੀਦਵਾਰਾਂ ਦੀ ਥਾਂ ਨਵੇਂ ਉਮੀਦਵਾਰ ਉਤਾਰੇ ਜਾਣਗੇ।

ਅਜੀਤ ਪਵਾਰ ਦੂਜੇ ਸੂਬਿਆਂ ’ਚ ਆਪਣੀ ਪਾਰਟੀ ਦੀ ਮੌਜੂਦਗੀ ਦਾ ਪਸਾਰ ਕਰਨਾ ਚਾਹੁੰਦੇ ਹਨ । ਉਹ ਇਸ ਨੂੰ ਇਕ ਸੱਚੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਵਜੋਂ ਸਥਾਪਤ ਕਰਨਾ ਚਾਹੁੰਦੇ ਹਨ। ਭਾਜਪਾ ਨੂੰ ਉਮੀਦ ਹੈ ਕਿ ਇਸ ਨਾਲ ਰਾਜਧਾਨੀ ’ਚ ਗੈਰ-ਭਾਜਪਾ ਵੋਟਾਂ ਵੀ ਵੰਡੀਆਂ ਜਾ ਸਕਦੀਆਂ ਹਨ ਤੇ ਪਾਰਟੀ ਨੂੰ ਮਦਦ ਮਿਲ ਸਕਦੀ ਹੈ।


author

Rakesh

Content Editor

Related News