ਛੱਤੀਸਗੜ੍ਹ ਦੇ ਸਾਬਕਾ CM ਅਜੀਤ ਜੋਗੀ ਦੀ ਸਥਿਤੀ ਗੰਭੀਰ
05/10/2020 2:19:41 PM

ਰਾਏਪੁਰ-ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦੀ ਸਥਿਤੀ ਗੰਭੀਰ ਬਣੀ ਹੋਈ ਅਤੇ ਉਹ ਕੋਮਾ 'ਚ ਹੈ।ਰਾਏਪੁਰ ਸਥਿਤ ਸ਼੍ਰੀ ਨਰਾਇਣ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾਕਟਰ ਸੁਨੀਲ ਖੇਮਕਾ ਨੇ ਦੱਸਿਆ ਹੈ ਕਿ ਅਜੀਤ ਜੋਗੀ ਦੀ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ। ਉਨ੍ਹਾਂ ਦਾ ਇਲਾਜ ਡਾਕਟਰ ਪੰਕਜ ਓਮਰ ਦੀ ਅਗਵਾਈ 'ਚ 8 ਡਾਕਟਰਾਂ ਦੀ ਟੀਮ ਕਰ ਰਹੀ ਹੈ।
ਖੇਮਕਾ ਨੇ ਦੱਸਿਆ, "ਹੁਣ ਉਨ੍ਹਾਂ ਦੀ ਦਿਲ ਦੀ ਧੜਕਣ ਆਮ ਹੈ ਅਤੇ ਬਲੱਡ ਪ੍ਰੈਸ਼ਰ ਦਵਾਈਆਂ ਨਾਲ ਕੰਟਰੋਲ ਕੀਤਾ ਗਿਆ ਹੈ ਪਰ ਸ਼ਨੀਵਾਰ ਨੂੰ ਉਨ੍ਹਾਂ ਨੂੰ ਸਾਹ ਰੁਕਣ ਤੋਂ ਬਾਅਦ ਦਿਮਾਗ 'ਚ ਆਕਸੀਜਨ ਦੀ ਘਾਟ ਕਾਰਨ ਉਨ੍ਹਾਂ ਦੇ ਦਿਮਾਗ ਨੂੰ ਸੰਭਾਵਿਤ ਨੁਕਸਾਨ ਹੋਇਆ ਹੈ, ਜਿਸ ਨੂੰ ਹਾਈਪੌਕਸਿਆ ਕਿਹਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਜੋਗੀ ਦੀ ਨਿਊਰੋਲਾਜੀਕਲ ਗਤੀਵਿਧੀਆ ਲਗਭਗ ਨਾ ਦੇ ਬਰਾਬਰ ਹੈ। ਅਜੀਤ ਜੋਗੀ ਕੋਮਾ 'ਚ ਹਨ। ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ।" ਡਾਕਟਰ ਨੇ ਇਹ ਦੱਸਿਆ ਹੈ ਕਿ ਉਨ੍ਹਾਂ ਦੀ ਸਿਹਤ 'ਚ ਸੁਧਾਰ ਦਾ ਯਤਨ ਕੀਤਾ ਜਾ ਰਿਹਾ ਹੈ ਪਰ ਸਥਿਤੀ ਹੁਣ ਵੀ ਚਿੰਤਾਜ਼ਨਕ ਹੈ।ਉਨ੍ਹਾਂ ਨੇ ਕਿਹਾ ਹੈ ਕਿ ਅਗਲੇ 48 ਘੰਟਿਆਂ 'ਚ ਪਤਾ ਲੱਗੇਗਾ ਕਿ ਉਨ੍ਹਾਂ ਦੇ ਸਰੀਰ 'ਤੇ ਦਵਾਈਆਂ ਦਾ ਕਿੰਨਾ ਅਸਰ ਹੋ ਰਿਹਾ ਹੈ।
ਦੱਸਣਯੋਗ ਹੈ ਕਿ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਜਨਤਾ ਕਾਂਗਰਸ ਛੱਤੀਸਗੜ੍ਹ (ਜੇ) ਦੇ ਮੁਖੀ ਅਜੀਤ ਜੋਗੀ ਦੀ ਤਬੀਅਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਸ਼ਨੀਵਾਰ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਪਰਿਵਾਰਿਕ ਮੈਂਬਰਾ ਨੇ ਦੱਸਿਆ ਹੈ ਕਿ ਸ਼ਨੀਵਾਰ ਨੂੰ ਜਦੋਂ ਅਜੀਤ ਜੋਗੀ ਵਹੀਲਚੇਅਰ 'ਤੇ ਗਾਰਡਨ 'ਚ ਘੁੰਮ ਰਹੇ ਸੀ ਤਾਂ ਇਸ ਦੌਰਾਨ ਉਹ ਬੇਹੋਸ਼ ਹੋ ਗਏ ਸੀ।
ਜ਼ਿਕਰਯੋਗ ਹੈ ਕਿ ਭਾਰਤੀ ਪ੍ਰਸ਼ਾਸਨਿਕ ਸੇਵਾ ਤੋਂ ਰਾਜਨੀਤੀ 'ਚ ਆਏ ਅਜੀਤ ਜੋਗੀ ਮੌਜੂਦਾ ਸਮੇਂ 'ਚ ਮਾਰਵਾਹੀ ਖੇਤਰ ਤੋਂ ਵਿਧਾਇਕ ਹਨ। ਉਨ੍ਹਾਂ ਦੀ ਪਤਨੀ ਰੇਨੂ ਜੋਗੀ ਕੋਟਾ ਖੇਤਰ ਤੋਂ ਵਿਧਾਇਕ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਜੋਗੀ ਸਾਲ 2000 'ਚ ਛੱਤੀਸਗੜ੍ਹ ਸੂਬਾ ਨਿਰਮਾਣ ਦੌਰਾਨ ਇੱਥੇ ਪਹਿਲੇ ਮੁੱਖ ਮੰਤਰੀ ਬਣੇ ਅਤੇ ਸਾਲ 2003 ਤੱਕ ਮੁੱਖ ਮੰਤਰੀ ਰਹੇ। ਸੂਬੇ 'ਚ 2003 ਦੌਰਾਨ ਹੋਈਆਂ ਵਿਧਾਨ ਸਭਾ ਦੀ ਪਹਿਲੀ ਚੋਣ 'ਚ ਕਾਂਗਰਸ, ਭਾਰਤੀ ਜਨਤਾ ਪਾਰਟੀ ਤੋਂ ਜਿੱਤ ਸੀ। ਸੂਬੇ 'ਚ ਕਾਂਗਰਸ ਨੇਤਾਵਾਂ ਨਾਲ ਮਤਭੇਦ ਦੇ ਚਲਦਿਆਂ ਜੋਗੀ ਨੇ ਸਾਲ 2016 'ਚ ਨਵੀਂ ਪਾਰਟੀ ਜਨਤਾ ਕਾਂਗਰਸ ਛੱਤੀਸਗੜ੍ਹ (ਜੇ) ਦਾ ਗਠਨ ਕਰ ਲਿਆ ਸੀ ਅਤੇ ਉਸ ਦੇ ਮੁਖੀ ਹਨ।