ਤਿਹਾੜ ਜੇਲ ''ਚੋਂ ਬਾਹਰ ਆਉਣਗੇ ਦੁਸ਼ਯੰਤ ਚੌਟਾਲਾ ਦੇ ਪਿਤਾ ਅਜੈ
Saturday, Oct 26, 2019 - 04:07 PM (IST)
ਹਰਿਆਣਾ— ਹਰਿਆਣਾ 'ਚ ਭਾਜਪਾ ਅਤੇ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਮਿਲ ਕੇ ਸਰਕਾਰ ਬਣਾਉਣ ਜਾ ਰਹੇ ਹਨ। ਇੱਥੇ ਦੱਸ ਦੇਈਏ ਕਿ ਹਰਿਆਣਾ ਦੀਆਂ 90 ਸੀਟਾਂ 'ਤੇ ਵਿਧਾਨ ਸਭਾ ਚੋਣਾਂ ਹੋਈਆਂ ਸਨ। ਸੂਬੇ ਵਿਚ ਕਿਸੇ ਵੀ ਦਲ ਨੂੰ ਬਹੁਮਤ ਨਹੀਂ ਮਿਲਿਆ ਹੈ। 90 'ਚੋਂ 10 ਸੀਟਾਂ ਜਿੱਤਣ ਵਾਲੀ ਜੇ. ਜੇ. ਪੀ. ਨੇ 40 ਸੀਟਾਂ ਵਾਲੀ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਖਬਰਾਂ ਹਨ ਕਿ ਜੇ. ਜੇ. ਪੀ. ਦੇ ਪ੍ਰਧਾਨ ਦੁਸ਼ਯੰਤ ਚੌਟਾਲਾ ਦੇ ਪਿਤਾ ਅਜੈ ਚੌਟਾਲਾ ਤਿਹਾੜ ਜੇਲ 'ਚੋਂ ਬਾਹਰ ਆਉਣਗੇ। ਤਿਹਾੜ ਜੇਲ ਪ੍ਰਸ਼ਾਸਨ ਨੇ ਉਨ੍ਹਾਂ ਨੂੰ 2 ਹਫਤਿਆਂ ਦੀ ਫਰਲੋ ਦਿੱਤੀ ਹੈ।
ਦੱਸਣਯੋਗ ਹੈ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਅਤੇ ਉਨ੍ਹਾਂ ਦੇ ਬੇਟੇ ਅਜੇ ਚੌਟਾਲਾ ਸਿੱਖਿਆ ਭਰਤੀ ਘਪਲੇ 'ਚ ਦੋਸ਼ੀ ਕਰਾਰ ਦਿੱਤੇ ਗਏ ਅਤੇ ਤਿਹਾੜ ਜੇਲ ਵਿਚ 10 ਸਾਲ ਦੀ ਸਜ਼ਾ ਕੱਟ ਰਹੇ ਹਨ। ਸੁਪਰੀਮ ਕੋਰਟ ਨੇ ਵੀ ਹੇਠਲੀ ਅਦਾਲਤ ਦੇ ਫੈਸਲੇ ਨੂੰ ਸਹੀ ਠਹਿਰਾਉਂਦੇ ਹੋਏ ਉਨ੍ਹਾਂ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ। ਇੱਥੇ ਦੱਸ ਦੇਈਏ ਕਿ ਚੋਣ ਨਤੀਜੇ ਆਉਣ ਤੋਂ ਬਾਅਦ ਦੁਸ਼ਯੰਤ ਚੌਟਾਲਾ ਨੇ ਤਿਹਾੜ ਵਿਚ ਆਪਣੇ ਪਿਤਾ ਨਾਲ ਮੁਲਾਕਾਤ ਕੀਤੀ ਸੀ।
ਕੀ ਹੈ ਫਰਲੋ ਦੇਣ ਦੀ ਵਿਵਸਥਾ—
ਜਿਸ ਸਜ਼ਾ ਯਾਫਤਾ ਦੋਸ਼ੀ ਨੂੰ 5 ਸਾਲ ਜਾਂ ਉਸ ਤੋਂ ਜ਼ਿਆਦਾ ਦੀ ਸਜ਼ਾ ਹੋਈ ਹੋਵੇ ਅਤੇ ਉਹ 3 ਸਾਲ ਜੇਲ ਵਿਚ ਕੱਟ ਚੁੱਕਾ ਹੈ, ਉਸ ਨੂੰ ਸਾਲ ਵਿਚ 7 ਹਫਤੇ ਲਈ ਫਰਲੋ ਦਿੱਤੇ ਜਾਣ ਦੀ ਵਿਵਸਥਾ ਹੈ। ਇਸ ਲਈ ਵੀ ਸ਼ਰਤ ਹੈ ਕਿ ਉਸ ਦਾ ਆਚਰਣ ਸਹੀ ਹੋਣਾ ਚਾਹੀਦਾ ਹੈ।