ਵਿਸ਼ਵ ਬੈਂਕ ਦੇ ਪ੍ਰਧਾਨ ਅਹੁਦੇ ਦੇ ਉਮੀਦਵਾਰ ਅਜੇ ਬੰਗਾ ਦਿੱਲੀ ਯਾਤਰਾ ਦੌਰਾਨ ਹੋਏ ਕੋਰੋਨਾ ਪਾਜ਼ੇਟਿਵ

03/24/2023 9:52:53 AM

ਨਵੀਂ ਦਿੱਲੀ (ਭਾਸ਼ਾ)- ਵਿਸ਼ਵ ਬੈਂਕ ਦੇ ਪ੍ਰਧਾਨ ਅਹੁਦੇ ਲਈ ਅਮਰੀਕਾ ਵਲੋਂ ਨਾਮਜ਼ਦ ਅਜੇ ਬੰਗਾ ਦਿੱਲੀ 'ਚ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਅਮਰੀਕੀ ਵਿੱਤ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ। ਬੰਗਾ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਦੀ ਯਾਤਰਾ ਦੇ ਆਖ਼ਰੀ ਪੜਾਅ 'ਚ ਭਾਰਤ ਦੀ ਰਾਜਧਾਨੀ 'ਚ ਹਨ। ਪੀੜਤ ਪਾਏ ਜਾਣ ਦੇ ਬਾਅਦ ਤੋਂ ਉਹ ਏਕਾਂਤਵਾਸ 'ਚ ਹਨ। ਭਾਰਤ 'ਚ ਬੀਤੇ 2 ਹਫ਼ਤਿਆਂ ਦੌਰਾਨ ਇੰਫਲੂਐਂਜਾ ਅਤੇ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਵਾਧਾ ਹੋਇਆ ਹੈ। ਭਾਰਤ ਦੇ ਕੇਂਦਰੀ ਸਿਹਤ ਮੰਤਰਾਲਾ ਵਲੋਂ ਬੁੱਧਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ, ਦੇਸ਼ 'ਚ ਕੋਰੋਨਾ ਵਾਇਰਸ ਨਾਲ ਸੰਕਰਮਣ ਦੇ 1,134 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 7,026 ਹੋ ਗਈ ਹੈ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੇ ਮਾਮਲੇ 'ਚ ਨਵਾਂ ਖ਼ੁਲਾਸਾ, ਹੁਣ ਸਾਹਮਣੇ ਆਇਆ 'ਮਹਾਰਾਸ਼ਟਰ' ਕੁਨੈਕਸ਼ਨ

ਬੰਗਾ ਦਾ ਨਵੀਂ ਦਿੱਲੀ ਦਾ ਦੌਰਾ (23 ਅਤੇ 24 ਮਾਰਚ) ਉਨ੍ਹਾਂ ਦੀ ਵਿਸ਼ਵ ਯਾਤਰਾ ਦਾ ਅੰਤਿਮ ਪੜਾਅ ਹੈ। ਉਨ੍ਹਾਂ ਨੇ ਅਫਰੀਕਾ ਤੋਂ ਆਪਣੀ ਯਾਤਰਾ ਦੀ ਸ਼ੁਰੂ ਕੀਤੀ ਸੀ, ਜਿਸ ਤੋਂ ਬਾਅਦ ਉਹ ਯੂਰਪ, ਲਾਤਿਨ ਅਮਰੀਕਾ ਹੁੰਦੇ ਹੋਏ ਏਸ਼ੀਆ ਪਹੁੰਚੇ। ਅਮਰੀਕੀ ਵਿੱਤ ਵਿਭਾਗ ਨੇ ਕਿਹਾ,''ਨਿਯਮਿਤ ਜਾਂਚ ਦੌਰਾਨ ਅਜੇ ਬੰਗਾ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ ਪਰ ਉਨ੍ਹਾਂ ਨੂੰ ਬੀਮਾਰੀ ਦਾ ਕੋਈ ਲੱਛਣ ਨਹੀਂ ਹੈ। ਸਥਾਨਕ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਉਹ ਏਕਾਂਤਵਾਸ 'ਚ ਹਨ।'' ਇਸ ਤੋਂ ਪਹਿਲਾਂ ਵਿੱਤ ਵਿਭਾਗ ਨੇ ਇਕ ਬਿਆਨ 'ਚ ਦੱਸਿਆ ਸੀ ਕਿ ਭਾਰਤ ਦੀ ਯਾਤਰਾ ਦੌਰਾਨ 63 ਸਾਲਾ ਬੰਗਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ-ਨਾਲ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮਿਲਣਾ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News