ਦਿੱਲੀ ਦੀ ਆਬੋ-ਹਵਾ ''ਬਹੁਤ ਖ਼ਰਾਬ'', ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਸੱਦੀ ਮੀਟਿੰਗ
Monday, Oct 23, 2023 - 02:03 PM (IST)
ਨਵੀਂ ਦਿੱਲੀ- ਦਿੱਲੀ ਵਿਚ ਤੇਜ਼ੀ ਨਾਲ ਵਿਗੜਦੀ ਹਵਾ ਗੁਣਵੱਤਾ ਦਰਮਿਆਨ ਸੋਮਵਾਰ ਸਵੇਰੇ ਧੁੰਦ ਦੀ ਪਰਤ ਛਾ ਜਾਣ ਮਗਰੋਂ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਪ੍ਰਦੂਸ਼ਣ ਘਟਾਉਣ ਦੇ ਉਪਾਵਾਂ ਨੂੰ ਲਾਗੂ ਕਰਨ ਦੀ ਸਮੀਖਿਆ ਕਰਨ ਲਈ ਅੱਜ ਮੀਟਿੰਗ ਬੁਲਾਈ ਗਈ ਹੈ। ਰਾਜਧਾਨੀ ਦਾ 24 ਘੰਟੇ ਦਾ ਔਸਤ ਹਵਾ ਗੁਣਵੱਤਾ ਸੂਚਕ ਅੰਕ ਸ਼ਨੀਵਾਰ ਨੂੰ 248 ਦੇ ਮੁਕਾਬਲੇ ਐਤਵਾਰ ਨੂੰ 313 ਹੋ ਗਿਆ।
ਦਿੱਲੀ ਨੇ ਪਿਛਲੀ ਵਾਰ 17 ਮਈ ਨੂੰ ਹਵਾ ਦੀ ਗੁਣਵੱਤਾ 'ਬਹੁਤ ਖਰਾਬ' ਦਰਜ ਕੀਤੀ ਸੀ ਜਦੋਂ AQI 336 ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਮੁਤਾਬਕ ਐਤਵਾਰ ਨੂੰ ਫਰੀਦਾਬਾਦ 'ਚ 24 ਘੰਟੇ ਦੀ ਔਸਤ AQI 322, ਗਾਜ਼ੀਆਬਾਦ 'ਚ 246, ਗ੍ਰੇਟਰ ਨੋਇਡਾ 'ਚ 354, ਗੁਰੂਗ੍ਰਾਮ 'ਚ 255 ਅਤੇ ਨੋਇਡਾ 'ਚ 304 ਦਰਜ ਕੀਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਗੋਪਾਲ ਰਾਏ ਦੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਰਾਹਤ ਉਪਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ 'ਤੇ ਧਿਆਨ ਕੇਂਦਰਿਤ ਕਰੇਗੀ। ਭਾਰਤੀ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਤਾਪਮਾਨ 'ਚ ਗਿਰਾਵਟ ਅਤੇ ਪਰਾਲੀ ਸਾੜਨ ਨਾਲ ਹੋਣ ਵਾਲੇ ਨਿਕਾਸ ਕਾਰਨ ਅਗਲੇ ਕੁਝ ਦਿਨਾਂ ਤੱਕ ਦਿੱਲੀ-NCR 'ਚ ਹਵਾ ਦੀ ਗੁਣਵੱਤਾ 'ਬਹੁਤ ਖਰਾਬ' ਰਹੇਗੀ।
ਅਧਿਕਾਰੀਆਂ ਮੁਤਾਬਕ ਹਵਾ ਦੀ ਰਫ਼ਤਾਰ ਧੀਮੀ ਹੈ ਅਤੇ ਅਕਤੂਬਰ 'ਚ ਪਿਛਲੇ ਦੋ ਸਾਲਾਂ ਦੇ ਮੁਕਾਬਲੇ ਘੱਟ ਮੀਂਹ ਪਿਆ ਹੈ। ਹਵਾ ਦੀ ਗੁਣਵੱਤਾ ਪ੍ਰਬੰਧਨ ਲਈ ਕੇਂਦਰ ਸਰਕਾਰ ਦੇ 'ਡਿਸੀਜ਼ਨ ਸਪੋਰਟ ਸਿਸਟਮ' (DSS) ਨੇ ਅਨੁਮਾਨ ਲਗਾਇਆ ਹੈ ਕਿ ਸੋਮਵਾਰ ਤੋਂ ਝੋਨੇ ਦੀ ਪਰਾਲੀ ਨੂੰ ਸਾੜਨ 'ਚ ਵਾਧਾ ਹੋ ਸਕਦਾ ਹੈ। ਸਿਸਟਮ ਮੁਤਾਬਕ ਦਿੱਲੀ 'ਚ PM2.5 ਪ੍ਰਦੂਸ਼ਣ 'ਚ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਨਿਕਲਣ ਵਾਲੇ ਧੂੰਏਂ ਦੀ ਹਿੱਸੇਦਾਰੀ ਐਤਵਾਰ ਨੂੰ 16 ਫੀਸਦੀ ਸੀ ਅਤੇ ਸੋਮਵਾਰ ਨੂੰ ਇਹ ਵਧ ਕੇ 30-32 ਫੀਸਦੀ ਹੋ ਸਕਦੀ ਹੈ। ਕੇਂਦਰੀ ਵਾਤਾਵਰਣ ਮੰਤਰਾਲੇ ਮੁਤਾਬਕ ਦਿੱਲੀ 'ਚ PM2.5 ਪ੍ਰਦੂਸ਼ਣ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ ਦਾ ਸਭ ਤੋਂ ਵੱਧ ਹਿੱਸੇਦਾਰੀ ਪਿਛਲੇ ਸਾਲ 3 ਨਵੰਬਰ ਨੂੰ 34 ਫ਼ੀਸਦੀ ਅਤੇ 7 ਨਵੰਬਰ 2021 ਨੂੰ 48 ਫ਼ੀਸਦੀ ਸੀ।