2024 ਤੱਕ ਸਾਫ਼ ਹਵਾ ''ਚ ਸਾਹ ਲੈ ਸਕਣਗੇ ਲੋਕ, ਮੋਦੀ ਸਰਕਾਰ ਨੇ ਬਣਾਈ ਇਹ ਯੋਜਨਾ
Friday, Jun 21, 2019 - 05:30 PM (IST)

ਨਵੀਂ ਦਿੱਲੀ— ਨਰਿੰਦਰ ਮੋਦੀ ਸਰਕਾਰ ਨੇ ਹਵਾ ਪ੍ਰਦੂਸ਼ਣ ਦੂਰ ਕਰਨ ਦੀ ਦਿਸ਼ਾ 'ਚ ਵੱਡੀ ਯੋਜਨਾ 'ਤੇ ਕੰਮ ਸ਼ੁਰੂ ਕੀਤਾ ਹੈ ਤਾਂ ਕਿ 2024 ਤੱਕ ਲੋਕ ਸਵੱਛ ਹਵਾ 'ਚ ਸਾਹ ਲੈ ਸਕਣ। ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ (ਐੱਨ.ਸੀ.ਏ.ਪੀ.) ਦੇ ਅਧੀਨ ਹਵਾ 'ਚੋਂ ਪ੍ਰਦੂਸ਼ਣ ਦੂਰ ਕਰਨ ਦੀ ਦਿਸ਼ਾ 'ਚ ਕੰਮ ਸ਼ੁਰੂ ਹੋਇਆ ਹੈ। ਇਹ ਮਿਸ਼ਨ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਵਲੋਂ ਚਲਾਇਆ ਜਾ ਰਿਹਾ ਹੈ। ਫਿਲਹਾਲ 2 ਸਾਲ ਲਈ ਮੋਦੀ ਸਰਕਾਰ ਨੇ 300 ਕਰੋੜ ਰੁਪਏ ਜਾਰੀ ਕੀਤੇ ਹਨ। ਮੋਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਸੰਸਦ 'ਚ ਇਸ ਦੀ ਜਾਣਕਾਰੀ ਵੀ ਦਿੱਤੀ। ਸੰਸਦ ਮੈਂਬਰ ਕੁੰਵਰ ਪੁਸ਼ਪੇਂਦਰ ਸਿੰਘ ਚੰਦੇਲ ਦੇ ਪੁੱਛਣ 'ਤੇ ਸਰਕਾਰ ਨੇ ਦੱਸਿਆ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਹਵਾ ਦੀ ਗੁਣਵੱਤਾ 'ਤੇ ਨਜ਼ਰ ਰੱਖਣ ਲਈ 29 ਰਾਜਾਂ 'ਚ 6 ਸੰਘ ਸ਼ਾਸਤ ਪ੍ਰਦੇਸ਼ਾਂ ਦੇ 339 ਸ਼ਹਿਰਾਂ 'ਚੋਂ 779 ਹਵਾ ਗੁਣਵੱਤਾ ਨਿਗਰਾਨੀ ਕੇਂਦਰ ਸਥਾਪਤ ਕੀਤੇ ਜਾ ਰਹੇ ਹਨ।
ਮੋਦੀ ਸਰਕਾਰ ਨੇ ਹਵਾ ਪ੍ਰਦੂਸ਼ਣ ਰੋਕ ਲਈ 5 ਸਾਲਾ ਨੀਤੀ ਬਣਾਈ ਹੈ। ਲੋਕ ਮੂੰਹ 'ਤੇ ਮਾਸਕ ਲਗਾਉਣ ਦੀ ਜਗ੍ਹਾ ਖੁੱਲ੍ਹੀ ਹਵਾ 'ਚ ਸਾਹ ਲੈ ਸਕਣ, ਇਸ ਲਈ ਦੇਸ਼ ਭਰ 'ਚ 779 ਮਨੁੱਖੀ ਸੰਚਾਲਤ ਅਤੇ 170 ਰੀਅਲ ਟਾਈਮ ਹਵਾ ਗੁਣਵੱਤਾ ਨਿਗਰਾਨੀ ਕੇਂਦਰ ਸਥਾਪਤ ਕਰਨ ਦਾ ਪ੍ਰਸਤਾਵ ਹੈ। ਯੋਜਨਾ ਦਾ ਮਕਸਦ, ਦੇਸ਼ ਭਰ 'ਚ ਹਵਾ ਗੁਣਵੱਤਾ ਨਿਗਰਾਨੀ ਨੈੱਟਵਰਕ ਵਧਾ ਕੇ ਹਵਾ ਪ੍ਰਦੂਸ਼ਣ ਰੋਕਣਾ ਹੈ। ਸਰਕਾਰ ਦਾ ਟੀਚਾ ਹੈ ਕਿ 2024 ਤੱਕ ਹਵਾ 'ਚ ਪੀ.ਐੱਮ. 2.5 ਅਤੇ ਪੀ.ਐੱਮ. 10 'ਚ 20-30 ਫੀਸਦੀ ਦੀ ਕਮੀ ਲਿਆਂਦੀ ਜਾਵੇ।