ਏਅਰ ਇੰਡੀਆ ਦੀ ਪੁਰਾਣੇ ਜਹਾਜ਼ਾਂ ਨੂੰ ਅਪਗ੍ਰੇਡ ਕਰਨ ਦੀ ਯੋਜਨਾ ਹੁਣ 2028 ’ਚ ਹੋਵੇਗੀ ਪੂਰੀ
Tuesday, Aug 12, 2025 - 01:34 AM (IST)

ਨਵੀਂ ਦਿੱਲੀ - ਏਅਰ ਇੰਡੀਆ ਦੀ ਆਪਣੀ ਪੁਰਾਣੀ ਵਾਈਡਬਾਡੀ ਫਲੀਟ ਨੂੰ ਅਪਗ੍ਰੇਡ ਕਰਨ ਦੀ ਯੋਜਨਾ ਹੁਣ ਅਕਤੂਬਰ 2028 ਤਕ ਪੂਰੀ ਹੋ ਜਾਵੇਗੀ। ਇਹ ਪਹਿਲਾਂ ਐਲਾਨੀ ਗਈ ਪੰਜ ਸਾਲਾ ਯੋਜਨਾ ਨਾਲੋਂ ਲਗਭਗ ਇਕ ਸਾਲ ਵੱਧ ਹੈ। ਦੱਸਿਆ ਜਾ ਰਿਹਾ ਹੈ ਕਿ ਕੋਵਿਡ ਤੋਂ ਬਾਅਦ ਸਪਲਾਈ ਚੇਨ ਦੀਆਂ ਰੁਕਾਵਟਾਂ ਕਾਰਨ ਟਾਟਾ ਦਾ 400 ਮਿਲੀਅਨ (ਲਗਭਗ 3500 ਕਰੋੜ ਰੁਪਏ) ਦਾ ਫਲੀਟ ਅਪਗ੍ਰੇਡ ਪ੍ਰੋਗਰਾਮ ਦੇਰੀ ਨਾਲ ਚੱਲ ਰਿਹਾ ਹੈ।
ਵਾਈਡ ਅਤੇ ਨੈਰੋ ਬਾਡੀ ਦੋਵਾਂ ਜਹਾਜ਼ਾਂ ’ਚ ਬਦਲਾਅ
ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਯੋਜਨਾ ਦੇ ਤਹਿਤ ਵਾਈਡ ਬਾਡੀ ਅਤੇ ਨੈਰੋ ਬਾਡੀ ਦੋਵਾਂ ਜਹਾਜ਼ਾਂ ਵਿਚ ਬਦਲਾਅ ਕੀਤੇ ਜਾਣਗੇ, ਜੋ ਯਾਤਰੀਆਂ ਨੂੰ ਵਧੇਰੇ ਆਰਾਮ ਅਤੇ ਵਧੀਆ ਤਕਨੀਕੀ ਸਹੂਲਤਾਂ ਪ੍ਰਦਾਨ ਕਰਨਗੇ। ਵਾਈਡ ਬਾਡੀ ਫਲੀਟ ਦਾ ਰੈਟ੍ਰੋਫਿਟ ਪ੍ਰੋਗਰਾਮ ਅਧਿਕਾਰਤ ਤੌਰ ’ਤੇ ਸ਼ੁਰੂ ਹੋ ਗਿਆ ਹੈ।
26 ਬੋਇੰਗ 787-8 ਜਹਾਜ਼ਾਂ ਵਿਚੋਂ ਪਹਿਲਾ ਜਹਾਜ਼ (ਵੀ. ਟੀ. -ਏ. ਐੱਨ. ਟੀ.) ਜੁਲਾਈ ਵਿਚ ਕੈਲੀਫੋਰਨੀਆ ’ਚ ਬੋਇੰਗ ਦੇ ਕੇਂਦਰ ’ਚ ਪਹੁੰਚ ਗਿਆ ਹੈ, ਜਦਕਿ ਦੂਜਾ ਜਹਾਜ਼ ਅਕਤੂਬਰ ਵਿਚ ਉੱਥੇ ਭੇਜਿਆ ਜਾਵੇਗਾ। ਦੋਵੇਂ ਜਹਾਜ਼ ਦਸੰਬਰ 2025 ਤਕ ਨਵੇਂ ਇੰਟੀਰੀਅਰ ਅਤੇ ਆਧੁਨਿਕ ਪ੍ਰਣਾਲੀਆਂ ਨਾਲ ਲੈਸ ਹੋ ਕੇ ਸੇਵਾ ਵਿਚ ਵਾਪਸ ਆ ਜਾਣਗੇ।
ਤਿੰਨਾਂ ਸ਼੍ਰੇਣੀਆਂ ’ਚ ਲੱਗਣਗੇ ਨਵੇਂ ਇੰਟੀਰੀਅਰ
ਬੋਇੰਗ 787-8 ਜਹਾਜ਼ ਵਿਚ ਤਿੰਨ ਸ਼੍ਰੇਣੀਆਂ-ਬਿਜ਼ਨੈੱਸ ਕਲਾਸ, ਪ੍ਰੀਮੀਅਮ ਇਕਾਨਮੀ ਅਤੇ ਇਕਾਨਮੀ ਲਈ ਪੂਰੀ ਤਰ੍ਹਾਂ ਨਵੇਂ ਇੰਟੀਰੀਅਰ ਲਾਏ ਜਾਣਗੇ। ਜਹਾਜ਼ ’ਚ ਨਵੀਆਂ ਸੀਟਾਂ, ਉੱਨਤ ਇਨ-ਫਲਾਈਟ ਮਨੋਰੰਜਨ ਪ੍ਰਣਾਲੀ, ਨਵਾਂ ਕਾਰਪੇਟ, ਪਰਦੇ, ਅਪਹੋਲਸਟ੍ਰੀ ਅਤੇ ਗੈਲੀ ਇੰਸਟਾਲ ਕੀਤੇ ਜਾਣਗੇ। ਸਾਰੇ ਬੋਇੰਗ 787-8 ਜਹਾਜ਼ਾਂ ਦਾ ਰੈਟ੍ਰੋਫਿਟ ਜੂਨ 2027 ਤਕ ਪੂਰਾ ਹੋ ਜਾਵੇਗਾ। 27 ਏ.320 ਨਿਓ ਜਹਾਜ਼ਾਂ ਦਾ ਰੈਟ੍ਰੋਫਿਟ ਸਤੰਬਰ 2024 ਤੋਂ ਜਾਰੀ ਹੈ।
ਹੁਣ ਤਕ 15 ਜਹਾਜ਼ਾਂ ਨੂੰ ਅਪਗ੍ਰੇਡ ਕੀਤਾ ਗਿਆ ਹੈ ਅਤੇ ਸਾਰਿਆਂ ਦਾ ਕੰਮ ਸਤੰਬਰ 2025 ਤਕ ਪੂਰਾ ਹੋ ਜਾਵੇਗਾ। ਜੀ. ਐੱਮ. ਆਰ. ਹੈਦਰਾਬਾਦ ਦੇ ਐੱਮ. ਆਰ. ਓ. ਸੈਂਟਰ ਵਿਚ ਤੀਜੀ ਮੇਂਟੀਨੈਂਸ ਲਾਈਨ ਜੋੜਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। 26 ਪੁਰਾਣੇ ਬੋਇੰਗ 787-8 ਜਹਾਜ਼ਾਂ ਲਈ ਭਰੋਸੇਯੋਗਤਾ ਵਧਾਉਣ ਦਾ ਇਕ ਪ੍ਰੋਗਰਾਮ ਵੀ ਸ਼ੁਰੂ ਕੀਤਾ ਗਿਆ ਹੈ, ਤਾਂ ਕਿ ਤਕਨੀਕੀ ਨੁਕਸ ਅਤੇ ਸੰਚਾਲਨ ’ਚ ਦੇਰੀ ਨੂੰ ਘਟਾਇਆ ਜਾ ਸਕੇ। ਇਨ੍ਹਾਂ 26 ਜਹਾਜ਼ਾਂ ਵਿਚੋਂ 7 ਕੈਲੀਫੋਰਨੀਆ ਵਿਚ ਭਾਰੀ ਸ਼ਡਿਊਲਡ ਮੇਂਟੀਨੈਂਸ (ਡੀ-ਚੈੱਕ) ਵਿਚੋਂ ਗੁਜ਼ਰਨਗੇ।