Air India ਦੇ ਜਹਾਜ਼ ਦਾ ਪਾਇਲਟ ਕੋਰੋਨਾ ਪ੍ਰਭਾਵਿਤ, ਦਿੱਲੀ-ਮਾਸਕੋ ਜਾ ਰਹੀ ਫਲਾਈਟ ਵਾਪਸ ਬੁਲਾਈ ਗਈ

Saturday, May 30, 2020 - 06:21 PM (IST)

Air India ਦੇ ਜਹਾਜ਼ ਦਾ ਪਾਇਲਟ ਕੋਰੋਨਾ  ਪ੍ਰਭਾਵਿਤ, ਦਿੱਲੀ-ਮਾਸਕੋ ਜਾ ਰਹੀ ਫਲਾਈਟ ਵਾਪਸ ਬੁਲਾਈ ਗਈ

ਨਵੀਂ ਦਿੱਲੀ — ਏਅਰ ਇੰਡੀਆ ਦੇ ਜਹਾਜ਼ ਦਾ ਪਾਇਲਟ ਕੋਵਿਡ-19 ਸੰਕਰਮਿਤ ਹੋਣ ਦੀ ਖਬਰ ਮਿਲਦੇ ਹੀ ਦਿੱਲੀ ਤੋਂ ਮਾਸਕੋ ਜਾ ਰਹੀ ਫਲਾਈਟ ਨੂੰ ਅੱਧੇ ਰਸਤਿਓਂ ਵਾਪਸ ਬੁਲਾ ਲਿਆ ਗਿਆ। ਏਅਰ ਇੰਡੀਆ ਦੀ ਗਲਤੀ ਨਾਲ ਅੱਜ ਇਕ ਵੱਡਾ ਕੋਰੋਨਾ ਬਲਾਸਟ ਹੋ ਸਕਦਾ ਸੀ। ਗਨੀਮਤ ਇਹ ਰਹੀ ਕਿ ਇਹ ਫਲਾਈਟ ਮਾਸਕੋ ਤੋਂ ਭਾਰਤੀਆਂ ਨੂੰ ਲੈਣ ਜਾ ਰਹੀ ਸੀ ਅਤੇ ਇਸ ਵਿਚ ਕੋਈ ਯਾਤਰੀ ਮੌਜੂਦ ਨਹੀਂ ਸੀ ਸਿਰਫ ਜਹਾਜ਼ੀ ਅਮਲਾ ਹੀ ਮੌਜੂਦ ਸੀ।

'ਵੰਦੇ ਭਾਰਤ ਮਿਸ਼ਨ' ਦੇ ਤਹਿਤ ਰੂਸ 'ਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਦੇ ਪਾਇਲਟ ਦੀ ਕੋਵਿਡ-19 ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਡਾਣ ਅੱਧੇ ਰਸਤਿਓਂ ਵਾਪਸ ਪਰਤ ਆਈ। ਸੂਤਰਾਂ ਨੇ ਦੱਸਿਆ ਕਿ ਜਹਾਜ਼ ਨੇ ਸ਼ਨੀਵਾਰ ਸਵੇਰੇ ਮਾਸਕੋ ਲਈ ਉਡਾਣ ਭਰੀ ਸੀ। ਇਸ ਜਹਾਜ਼ ਵਿਚ ਦਿੱਲੀ-ਐਨਸੀਆਰ ਅਤੇ ਰਾਜਸਥਾਨ ਦੇ ਲੋਕਾਂ ਨੂੰ ਰੂਸ ਤੋਂ ਵਾਪਸ ਲਿਆਉਂਦਾ ਜਾਣਾ ਸੀ। ਰਸਤੇ ਵਿਚ ਪਾਇਲਟ ਨੂੰ ਜਾਣਕਾਰੀ ਦਿੱਤੀ ਗਈ ਕਿ ਉਸਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਬਾਅਦ ਜਹਾਜ਼ ਨੂੰ ਅੱਧੇ ਰਸਤਿਓਂ ਵਾਪਸ ਬੁਲਾ ਲਿਆ ਗਿਆ। ਹੁਣ ਜਹਾਜ਼ ਨੂੰ ਪੂਰੀ ਤਰ੍ਹਾਂ  ਸੈਨੇਟਾਈਜ਼ ਕਰਨ ਤੋਂ ਬਾਅਦ ਹੀ ਨਵੇਂ ਜਹਾਜ਼ੀ ਅਮਲੇ ਨਾਲ ਮਾਸਕੋ ਭੇਜਿਆ ਜਾਵੇਗਾ।

ਇਸ ਸਬੰਧ ਜਾਣ 'ਤੇ ਏਅਰ ਇੰਡੀਆ ਨੇ ਮਾਮਲੇ 'ਤੇ ਕਿਸੇ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਮਾਸਕੋ ਸਥਿਤ ਭਾਰਤੀ ਦੂਤ ਘਰ ਨੇ ਦੱਸਿਆ ਕਿ ਮਾਸਕੋ ਤੋਂ ਦਿੱਲੀ ਦੇ ਰਸਤੇ ਜੈਪੂਰ ਜਾਣ ਵਾਲੀ ਉਡਾਣ 'ਚ 'ਤਕਨੀਕੀ ਕਾਰਣਾਂ' ਕਰਕੇ ਦੇਰ ਹੋ ਰਹੀ ਹੈ। ਸਥਾਨਕ ਸਮੇਂ ਅਨੁਸਾਰ ਉਡਾਣ ਸਵੇਰੇ 11.50 ਵਜੇ ਰਵਾਨਾ ਹੋਣੀ ਸੀ। ਅਜੇ ਤੱਕ ਉਡਾਣ ਲਈ ਨਵਾਂ ਸਮਾਂ ਜਾਰੀ ਨਹੀਂ ਕੀਤਾ ਗਿਆ ਹੈ।


author

Harinder Kaur

Content Editor

Related News