ਫਲਾਈਟ ''ਚ ਪਿਸ਼ਾਬ ਕਰਨ ਦੇ ਇਕ ਹੋਰ ਮਾਮਲੇ ''ਚ ਏਅਰ ਇੰਡੀਆ ਨੂੰ 10 ਲੱਖ ਦਾ ਜੁਰਮਾਨਾ

Wednesday, Jan 25, 2023 - 10:33 AM (IST)

ਫਲਾਈਟ ''ਚ ਪਿਸ਼ਾਬ ਕਰਨ ਦੇ ਇਕ ਹੋਰ ਮਾਮਲੇ ''ਚ ਏਅਰ ਇੰਡੀਆ ਨੂੰ 10 ਲੱਖ ਦਾ ਜੁਰਮਾਨਾ

ਨਵੀਂ ਦਿੱਲੀ- ਹਵਾਬਾਜ਼ੀ ਰੈਗੂਲੇਟਰ DGCA ਨੇ ਪਿਛਲੇ ਮਹੀਨੇ ਏਅਰ ਇੰਡੀਆ ਦੀ ਪੈਰਿਸ-ਦਿੱਲੀ ਫਲਾਈਟ 'ਚ ਯਾਤਰੀਆਂ ਵਲੋਂ ਮਾੜਾ ਵਤੀਰੇ ਦੀ ਘਟਨਾ ਦੀ ਰਿਪੋਰਟ ਨਾ ਕਰਨ 'ਤੇ ਏਅਰ ਇੰਡੀਆ ਏਅਰਲਾਈਨ 'ਤੇ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।

ਨਾਗਰਿਕ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਨੇ ਮੰਗਲਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ ਕਿ 6 ਦਸੰਬਰ ਨੂੰ ਏਅਰ ਇੰਡੀਆ ਦੀ ਪੈਰਿਸ-ਨਵੀਂ ਦਿੱਲੀ ਫਲਾਈਟ 'ਚ ਯਾਤਰੀਆਂ ਦੇ ਮਾੜੇ ਵਤੀਰੇ ਦੀਆਂ ਦੋ ਘਟਨਾਵਾਂ ਸਾਹਮਣੇ ਆਈਆਂ ਹਨ ਪਰ ਇਨ੍ਹਾਂ ਘਟਨਾਵਾਂ ਦੀ ਸਮੇਂ ਸਿਰ ਸੂਚਨਾ ਨਾ ਦੇਣ ਕਾਰਨ ਏਅਰ ਇੰਡੀਆ ਨੂੰ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾ ਰਿਹਾ ਹੈ। ਇਸ ਫਲਾਈਟ 'ਚ ਸਵਾਰ ਇਕ ਯਾਤਰੀ ਨਸ਼ੇ ਦੀ ਹਾਲਤ 'ਚ ਪਖ਼ਾਨੇ 'ਚ ਸਿਗਰਟ ਪੀਂਦਾ ਪਾਇਆ ਗਿਆ। ਉਸੇ ਫਲਾਈਟ 'ਚ ਇਕ ਹੋਰ ਯਾਤਰੀ ਨੇ ਉਸ ਦੇ ਨਾਲ ਵਾਲੀ ਖਾਲੀ ਸੀਟ 'ਤੇ ਰੱਖੇ ਕੰਬਲ 'ਤੇ ਪਿਸ਼ਾਬ ਕਰ ਦਿੱਤਾ ਸੀ।

ਉਸ ਸਮੇਂ ਨਾਲ ਵਾਲੀ ਸੀਟ 'ਤੇ ਬੈਠੀ ਮਹਿਲਾ ਯਾਤਰੀ ਟਾਇਲਟ 'ਚ ਗਈ ਸੀ। ਟਾਟਾ ਗਰੁੱਪ ਦੀ ਅਗਵਾਈ ਵਾਲੀ ਏਅਰ ਇੰਡੀਆ ਨੂੰ ਡੀ. ਜੀ. ਸੀ. ਏ ਨੇ ਇਕ ਹਫ਼ਤੇ ਤੋਂ ਵੀ ਘੱਟ ਸਮੇਂ 'ਚ ਦੂਜੀ ਵਾਰ ਜੁਰਮਾਨਾ ਲਗਾਇਆ ਹੈ। ਪਿਛਲੇ ਹਫਤੇ ਵੀ ਹਵਾਬਾਜ਼ੀ ਰੈਗੂਲੇਟਰ ਨੇ ਨਿਊਯਾਰਕ-ਦਿੱਲੀ ਫਲਾਈਟ ਦੌਰਾਨ ਸ਼ਰਾਬ ਦੀ ਹਾਲਤ 'ਚ ਇਕ ਮਹਿਲਾ ਸਹਿ-ਯਾਤਰੀ 'ਤੇ ਪਿਸ਼ਾਬ ਕਰਨ 'ਤੇ ਏਅਰਲਾਈਨ 'ਤੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਸੀ। ਇਸ ਤਰ੍ਹਾਂ ਪਿਛਲੇ ਕੁਝ ਮਹੀਨਿਆਂ 'ਚ ਏਅਰ ਇੰਡੀਆ ਦੇ ਜਹਾਜ਼ 'ਚ ਪਿਸ਼ਾਬ ਕਰਨ ਦੀ ਇਹ ਦੂਜੀ ਘਟਨਾ ਹੈ। ਇਨ੍ਹਾਂ ਦੋਵਾਂ ਮਾਮਲਿਆਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਏਅਰ ਇੰਡੀਆ ਨੇ ਸਮੇਂ ਸਿਰ ਡੀ. ਜੀ. ਸੀ. ਏ ਨੂੰ ਸੂਚਿਤ ਨਹੀਂ ਕੀਤਾ।


author

Tanu

Content Editor

Related News