ਏਅਰ ਇੰਡੀਆ ਦੀ ਲਾਪ੍ਰਵਾਹੀ, ਬਿਨਾਂ AC ਦੇ ਜਹਾਜ਼ ''ਚ ਪਸੀਨਾ-ਪਸੀਨਾ ਹੋਏ ਯਾਤਰੀ
Monday, May 19, 2025 - 11:10 AM (IST)

ਨੈਸ਼ਨਲ ਡੈਸਕ- ਰਾਜਧਾਨੀ ਦਿੱਲੀ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕੇ ਭਿਆਨਕ ਗਰਮੀ ਦੀ ਲਪੇਟ ਵਿਚ ਹਨ, ਜਿੱਥੇ ਤਾਪਮਾਨ 40 ਡਿਗਰੀ ਤੋਂ ਉੱਪਰ ਬਣਿਆ ਹੋਇਆ ਹੈ। ਇਸ ਜਾਨਲੇਵਾ ਗਰਮੀ ਦਰਮਿਆਨ ਦਿੱਲੀ ਹਵਾਈ ਅੱਡੇ 'ਤੇ ਏਅਰ ਇੰਡੀਆ ਦੀ ਇਕ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਦਿੱਲੀ ਤੋਂ ਪਟਨਾ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ ਨੰਬਰ-AI2521 ਵਿਚ ਯਾਤਰੀਆਂ ਨੂੰ ਐਤਵਾਰ ਕਰੀਬ ਇਕ ਘੰਟੇ ਤੱਕ ਬਿਨਾਂ ਏਅਰ ਕੰਡੀਸ਼ਨਿੰਗ (AC) ਦੇ ਬੈਠਣਾ ਪਿਆ, ਜਿਸ ਕਾਰਨ ਗਰਮੀ ਨਾਲ ਬੁਰੀ ਤਰ੍ਹਾਂ ਬੇਹਾਲ ਹੋ ਗਏ। ਸ਼ਾਮ 4 ਵਜੇ ਉਡਾਣ ਭਰਨ ਵਾਲੀ ਇਸ ਫਲਾਈਟ ਵਿਚ ਯਾਤਰੀਆਂ ਦਾ ਸਫ਼ਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੁਖਦ ਬਣ ਗਿਆ।
RJD ਨੇਤਾ ਨੇ ਵੀਡੀਓ ਜਾਰੀ ਕੀਤਾ
ਇਸ ਫਲਾਈਟ 'ਚ ਸਵਾਰ ਰਾਸ਼ਟਰੀ ਜਨਤਾ ਦਲ (RJD) ਦੇ ਨੇਤਾ ਰਿਸ਼ੀ ਮਿਸ਼ਰਾ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਂਝਾ ਕੀਤਾ ਅਤੇ ਯਾਤਰੀਆਂ ਦੇ ਦਰਦ ਨੂੰ ਬਿਆਨ ਕੀਤਾ। ਵੀਡੀਓ ਵਿਚ ਰਿਸ਼ੀ ਮਿਸ਼ਰਾ ਪਸੀਨੇ ਨਾਲ ਲੱਥਪੱਥ ਹੁੰਦੇ ਹੋਏ ਕਹਿੰਦੇ ਦਿਖਾਈ ਦੇ ਰਹੇ ਹਨ ਅਤੇ ਕਹਿ ਰਹੇ ਹਨ ਕਿ ਇਹ ਘਟਨਾ ਇਹ ਪਟਨਾ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ ਦੀ ਹੈ। ਅੱਜ 18 ਮਈ ਹੈ ਅਤੇ ਸ਼ਾਮ ਦੇ 4 ਵਜੇ ਹਨ। ਅਸੀਂ ਪਿਛਲੇ ਇਕ ਘੰਟੇ ਤੋਂ AC ਤੋਂ ਬਿਨਾਂ ਜਹਾਜ਼ ਦੇ ਅੰਦਰ ਬੈਠੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਅਸੀਂ ਕਿੰਨਾ ਪਸੀਨਾ ਵਹਾ ਰਹੇ ਹਾਂ। ਬੱਚੇ ਪਰੇਸ਼ਾਨ ਹਨ, ਬਹੁਤ ਸਾਰੇ ਲੋਕ ਪਰੇਸ਼ਾਨ ਹਨ ਪਰ ਇਸ ਮਾਮਲੇ ਨੂੰ ਦੇਖਣ ਵਾਲਾ ਕੋਈ ਨਹੀਂ ਹੈ। ਵੀਡੀਓ ਵਿਚ ਹੋਰ ਯਾਤਰੀ ਵੀ ਗਰਮੀ ਤੋਂ ਪੀੜਤ ਦਿਖਾਈ ਦੇ ਰਹੇ ਹਨ। ਬਹੁਤ ਸਾਰੇ ਲੋਕ ਗਰਮੀ ਤੋਂ ਰਾਹਤ ਪਾਉਣ ਲਈ ਆਪਣੇ ਹੱਥਾਂ ਨਾਲ ਪੱਖਾ ਚਲਾਉਂਦੇ ਦਿਖਾਈ ਦੇ ਰਹੇ ਹਨ। ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਸੋਸ਼ਲ ਮੀਡੀਆ 'ਤੇ ਲੋਕ ਏਅਰ ਇੰਡੀਆ ਦੇ ਕੰਮਕਾਜ 'ਤੇ ਸਵਾਲ ਉਠਾ ਰਹੇ ਹਨ।
ਏਅਰ ਇੰਡੀਆ ਨੇ ਦਿੱਤਾ ਇਹ ਜਵਾਬ
ਇਸ ਗੰਭੀਰ ਮਾਮਲੇ 'ਤੇ ਏਅਰ ਇੰਡੀਆ ਨੇ ਜਵਾਬ ਦਿੱਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਏਅਰ ਇੰਡੀਆ ਨੇ ਲਿਖਿਆ ਕਿ ਅਸੀਂ ਆਪਣੇ ਗਾਹਕਾਂ ਦੀ ਸਹੂਲਤ ਅਤੇ ਸੁਰੱਖਿਆ ਨੂੰ ਬਹੁਤ ਮਹੱਤਵ ਦਿੰਦੇ ਹਾਂ ਅਤੇ ਇਸ ਮਾਮਲੇ ਦੀ ਪੂਰੀ ਸਮੀਖਿਆ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਾਡੀ ਟੀਮ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਲਈ ਸੂਚਿਤ ਕੀਤਾ ਗਿਆ ਹੈ। ਹਾਲਾਂਕਿ ਏਅਰ ਇੰਡੀਆ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਯਾਤਰੀਆਂ ਨੂੰ ਇੰਨੀ ਦੇਰ ਤੱਕ ਏਸੀ ਤੋਂ ਬਿਨਾਂ ਕਿਉਂ ਬੈਠਣਾ ਪਿਆ ਅਤੇ ਇਸ ਲਈ ਕੌਣ ਜ਼ਿੰਮੇਵਾਰ ਹੈ।