ਏਮਜ਼ ਦੀ ਅੱਗ 'ਤੇ ਪਾਇਆ ਗਿਆ ਕਾਬੂ, ਕੂਲਿੰਗ ਆਪਰੇਸ਼ਨ ਜਾਰੀ
Saturday, Aug 17, 2019 - 11:39 PM (IST)

ਦਿੱਲੀ— ਦੇਸ਼ ਦੀ ਰਾਜਧਾਨੀ ਦਿੱਲੀ ਦੇ ਮਸ਼ਹੂਰ ਹਸਪਤਾਲ ਏਮਜ਼ 'ਚ ਲੱਗੀ ਅੱਗ 'ਤੇ ਕਾਬੂ ਪਾਉਣ ਲਈ ਐੱਨ.ਡੀ.ਆਰ.ਐੱਫ. ਦੀਆਂ 2 ਟੀਮਾਂ ਭੇਜੀਆਂ ਗਈਆਂ ਜਿਨ੍ਹਾਂ ਨੇ ਅੱਗ 'ਤੇ ਕਾਬੂ ਪਾ ਲਿਆ ਤੇ ਹੁਣ ਕੂਲਿੰਗ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਇਹ ਅੱਗ ਪਹਿਲੀ ਮੰਜਿਲ ਤੋਂ ਫੈਲ ਕੇ ਪੰਜਵੀਂ ਮੰਜਿਲ 'ਤੇ ਪਹੁੰਚ ਗਈ ਸੀ। ਜਨਰਲ ਵਾਰਡ ਨੂੰ ਖਾਲੀ ਕਰਵਾਇਆ ਗਿਆ ਤੇ ਮਰੀਜ਼ਾਂ ਨੂੰ ਦੂਜੇ ਵਾਰਡ 'ਚ ਸ਼ਿਫਟ ਕਰਵਾਇਆ ਗਿਆ ਹੈ। ਏਮਜ਼ ਵੱਲੋਂ ਸ਼ਿਫਟ ਕੀਤੇ ਗਏ ਮਰੀਜ਼ਾਂ ਲਈ ਹੈਲਪਲਾਈਨ ਨੰ 011-26593308 ਜਾਰੀ ਕੀਤਾ ਗਿਆ ਹੈ।
ਦੱਸ ਦਈਏ ਕਿ ਸ਼ੁੱਕਰਵਾਰ ਸ਼ਾਮ ਕਰੀਬ 5 ਵਜੇ ਸ਼ਾਰਟ ਸਰਕਿਟ ਕਾਰਨ ਪਹਿਲੀ ਤੇ ਦੂਜੀ ਮੰਜਿਲ 'ਤੇ ਅੱਗ ਲੱਗੀ ਸੀ ਜੋ ਪੰਜਵੀਂ ਮੰਜਿਲ 'ਤੇ ਪਹੁੰਚ ਗਈ ਹੈ। ਜਿਸ 'ਤੇ ਫਾਇਰ ਬ੍ਰਿਗੇਡ ਦੀਆਂ 45 ਗੱਡੀਆਂ ਦੀ ਮਦਦ ਨਾਲ ਕਾਫੀ ਹੱਦ ਤਕ ਕਾਬੂ ਪਾ ਲਿਆ ਗਿਆ ਸੀ ਪਰ ਲਗਾਤਾਰ ਧੂੰਆ ਉੱਠ ਰਿਹਾ ਸੀ। ਜਿਸ 'ਚ ਇਕ ਵਾਰ ਫਿਰ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ। ਹਾਲਾਂਕਿ ਅੱਗ ਦੀ ਇਸ ਘਟਨਾ 'ਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਏਮਜ਼ ਦੇ ਟੀਚਿੰਗ ਬਲਾਕ 'ਚ ਇਹ ਅੱਗ ਲੱਗੀ ਸੀ। ਫਾਇਰ ਡਿਪਾਰਟਮੈਂਟ ਦੀਆਂ 45 ਗੱਡੀਆਂ ਤੇ ਕਰੀਬ 150 ਫਾਇਰ ਬ੍ਰਿਗੇਡ ਕਰਮਚਾਰੀਆਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਸੁਰੱਖਿਆ ਦੇ ਮੱਦੇਨਜ਼ਰ ਏਮਜ਼ ਦਾ ਐਮਰਜੰਸੀ ਵਿਭਾਗ ਬੰਦ ਕਰ ਦਿੱਤਾ ਗਿਆ ਤੇ ਵਧੀਆ ਗੱਲ ਇਹ ਹੈ ਕਿ ਸਾਰੇ ਮਰੀਜ਼ ਸੁਰੱੱਖਿਅਤ ਹਨ।