ਸਿਰਫ 25 ਮਿਲੀ ਸਕਿੰਟ ’ਚ ਇਮਾਰਤਾਂ, ਸੜਕਾਂ ਤੇ ਬਿਜਲੀ ਦੀਆਂ ਲਾਈਨਾਂ ’ਚੋਂ ਨੁਕਸ ਲੱਭੇਗਾ AI ਡਰੋਨ
Wednesday, Sep 11, 2024 - 04:01 AM (IST)
ਇੰਦੌਰ - ਇੰਦੌਰ ਦੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈ. ਆਈ. ਟੀ.) ਨੇ ਦੂਰ-ਦੁਰਾਡੇ ਖੇਤਰਾਂ ਵਿਚ ਸਥਿਤ ਢਾਂਚਿਆਂ ਦੀ ਨੇੜਿਓਂ ਨਿਗਰਾਨੀ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਨਾਲ ਲੈਸ ਇਕ ਡਰੋਨ ਤਿਆਰ ਕੀਤਾ ਹੈ। ਇਹ ਡਰੋਨ ਹਾਈ ਟੈਨਸ਼ਨ ਲਾਈਨਾਂ ਅਤੇ ਗੈਸ ਪਾਈਪਲਾਈਨਾਂ ਤੋਂ ਲੈ ਕੇ ਇਮਾਰਤਾਂ ਅਤੇ ਸੜਕਾਂ ਵਿਚ ਤਰੇੜਾਂ ਅਤੇ ਹੋਰ ਢਾਂਚਾਗਤ ਨੁਕਸ ਤੱਕ ਸਭ ਕੁਝ ਸਿਰਫ 25 ਮਿਲੀ ਸਕਿੰਟ ਵਿਚ ਲੱਭ ਸਕਦਾ ਹੈ।
ਆਈ. ਆਈ. ਟੀ. ਇੰਦੌਰ ਦੇ ਪ੍ਰੋਫੈਸਰ ਅਭਿਰੂਪ ਦੱਤਾ ਨੇ ਦੱਸਿਆ ਕਿ ਕਰੀਬ ਡੇਢ ਸਾਲ ’ਚ ਵਿਕਸਤ ਇਸ ਡਰੋਨ ਦੀ ਤਕਨੀਕ ਮਨੁੱਖ ਰਹਿਤ ਜਹਾਜ਼ (ਯੂ. ਏ. ਵੀ.) ਨੂੰ ਏ. ਆਈ. ਅਤੇ ‘ਮਸ਼ੀਨ ਲਰਨਿੰਗ’ ਨਾਲ ਜੋੜਦੀ ਹੈ।
ਦੱਤਾ ਨੇ ਕਿਹਾ ਕਿ ਇਸ ਡਰੋਨ ਨੇ ਉੱਨਤ ਏ. ਆਈ. ਉਪਕਰਣਾਂ ਦੀ ਵਰਤੋਂ ਕਰ ਕੇ ਵੱਖ-ਵੱਖ ਢਾਂਚਿਆਂ ਦੀਆਂ ਤਰੇੜਾਂ ਅਤੇ ਹੋਰ ਨੁਕਸਾਂ ਦਾ ਸਿਰਫ 25 ਮਿਲੀ ਸੈਕਿੰਡ ਦੇ ਅੰਦਰ ਪਤਾ ਲਗਾਉਣ ਅਤੇ ਸਬੰਧਤ ਡਾਟਾ ਯੋਜਨਾਬੱਧ ਢੰਗ ਨਾਲ ਪੇਸ਼ ਕਰਨ ’ਚ 98.70 ਫੀਸਦੀ ਦੀ ਉੱਚੀ ਸਫਲਤਾ ਦਰ ਪ੍ਰਾਪਤ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਜੇਕਰ ਖਾਸ ਖੋਜ ਕੀਤੀ ਜਾਏ ਤਾਂ ਏ. ਆਈ. ਡਰੋਨਾਂ ਦੀ ਵਰਤੋਂ ਰੇਲਵੇ ਪਟੜੀਆਂ ਵਿਚ ਤਰੇੜਾਂ ਅਤੇ ਹੋਰ ਨੁਕਸ ਦਾ ਪਤਾ ਲਗਾਉਣ ਲਈ ਵੀ ਕੀਤੀ ਜਾ ਸਕਦੀ ਹੈ। ਦੱਤਾ ਨੇ ਏ. ਆਈ. ਡਰੋਨ ਦੀ ਖੋਜ ਦੀ ਅਗਵਾਈ ਕੀਤੀ।