ਕਰੋੜਾਂ ਕਿਸਾਨਾਂ ਦੀ ਖ਼ੁਸ਼ਹਾਲੀ ਵੇਖਣੀ ਹੈ ਤਾਂ ਖੇਤੀ ਕਾਨੂੰਨ ਹੋਣ ਰੱਦ: ਕੇਜਰੀਵਾਲ

Saturday, Jan 02, 2021 - 02:23 PM (IST)

ਕਰੋੜਾਂ ਕਿਸਾਨਾਂ ਦੀ ਖ਼ੁਸ਼ਹਾਲੀ ਵੇਖਣੀ ਹੈ ਤਾਂ ਖੇਤੀ ਕਾਨੂੰਨ ਹੋਣ ਰੱਦ: ਕੇਜਰੀਵਾਲ

ਵੈੱਬ ਡੈਸਕ— ਦਿੱਲੀ ਦੀਆਂ ਸਰਹੱਦਾਂ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਵੱਡੀ ਗਿਣਤੀ ’ਚ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ‘ਜਗ ਬਾਣੀ’ ਨਾਲ ਲਾਈਵ ਗੱਲਬਾਤ ਕੀਤੀ। ਦਰਅਸਲ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨ ਚਾਹੁੰਦੇ ਹਨ ਕਿ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਹਨ, ਜਦਕਿ ਸਰਕਾਰ ਕਾਨੂੰਨਾਂ ’ਚ ਸੋਧ ਕਰਨ ਲਈ ਤਿਆਰ ਹੈ। 

ਇਹ ਵੀ ਪੜ੍ਹੋ: ਦਿੱਲੀ ਬੈਠਾ ਕਿਸਾਨ ਅੰਨਦਾਤਾ ਹੈ, ਅੱਤਵਾਦੀ ਨਹੀਂ : ਅਰਵਿੰਦ ਕੇਜਰੀਵਾਲ

ਮੁੱਖ ਮੰਤਰੀ ਕੇਜਰੀਵਾਲ ਨੇ ਇਸ ਬਾਬਤ ਕਿਹਾ ਕਿ ਖੇਤੀ ਕਾਨੂੰਨਾਂ ਦਾ ਕਿਸਾਨਾਂ ਨੂੰ ਕੀ ਫਾਇਦਾ ਹੋਵੇਗਾ, ਇਸ ਬਾਰੇ ਦੱਸਣ ’ਚ ਸਰਕਾਰ ਅਸਫ਼ਲ ਰਹਿੰਦੀ ਹੈ ਤਾਂ ਇਹ ਕਾਨੂੰਨ ਰੱਦ ਹੋਣੇ ਚਾਹੀਦੇ ਹਨ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਕਿਸਾਨਾਂ ਲਈ ਸਹੀ ਰਾਹ ਕੀ ਹੈ? ਇਹ ਵੇਖਣਾ ਹੋਵੇਗਾ। ਇਕ ਪਾਸੇ ਸਾਡੇ ਦੇਸ਼ ਦੇ ਕਰੋੜਾਂ ਕਿਸਾਨ ਹਨ। ਸਾਨੂੰ ਇਹ ਤੈਅ ਕਰਨਾ ਹੈ ਕਿ ਸਾਨੂੰ ਕਰੋੜਾਂ ਕਿਸਾਨਾਂ ਦੀ ਖ਼ੁਸ਼ਹਾਲੀ ਵੇਖਣੀ ਹੈ ਜਾਂ ਪੂੰਜੀਪਤੀਆਂ ਦੀ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ 4 ਪੂੰਜੀਪਤੀਆਂ ਦੀ ਖੁਸ਼ਹਾਲੀ ਵੇਖਣੀ ਹੈ ਤਾਂ ਇਹ ਕਾਨੂੰਨ ਲੈ ਆਓ। ਜੇਕਰ ਕਰੋੜਾਂ ਕਿਸਾਨਾਂ ਦੀ ਖ਼ੁਸ਼ਹਾਲੀ ਵੇਖਣੀ ਹੈ ਤਾਂ ਇਹ ਕਾਨੂੰਨ ਰੱਦ ਹੋਣੇ ਚਾਹੀਦੇ ਹਨ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਹੋਵੇਗਾ ਹੋਰ ਤਿੱਖਾ, ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਦੱਸੀ ਅਗਲੀ ਰਣਨੀਤੀ

ਕੇਜਰੀਵਾਲ ਨੇ ਕਿਹਾ ਕਿ ਕਿਸਾਨਾਂ ਦੀ ਮੰਗ ਕਿ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ’ਤੇ ਗਰੰਟੀ ਦਿੱਤੀ ਜਾਵੇ, ਉਹ ਸਰਕਾਰ ਦੇਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਾਰੀਆਂ ਫ਼ਸਲਾਂ ’ਤੇ ਐੱਮ. ਐੱਸ. ਪੀ. ’ਤੇ ਗਰੰਟੀ ਦੇ ਦਿੰਦੀ ਹੈ ਤਾਂ 70 ਸਾਲਾਂ ’ਚ ਆਜ਼ਾਦ ਭਾਰਤ ਦਾ ਇਹ ਸਭ ਤੋਂ ਵੱਡਾ ਕਾਨੂੰਨ ਹੋਵੇਗਾ। ਕੇਜਰੀਵਾਲ ਨੇ ਕਿਹਾ ਕਿ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਸਾਡੇ ਦੇਸ਼ ਦਾ ਕਿਸਾਨ ਖ਼ੁਦਕੁਸ਼ੀਆਂ ਨਹੀਂ ਕਰੇਗਾ, ਕਿਸੇ ਕਿਸਾਨ ਨੂੰ ਕਰਜ਼ ਹੇਠਾਂ ਨਹੀਂ ਦੱਬਣਾ ਪਵੇਗਾ। ਸਾਡੇ ਦੇਸ਼ ਦਾ ਕਿਸਾਨ ਖ਼ੁਸ਼ਹਾਲ ਬਣੇਗਾ, ਜੇਕਰ ਸਰਕਾਰ ਐੱਮ. ਐੱਸ. ਪੀ. ਦੀ ਗਰੰਟੀ ਦੇਵੇਗੀ।


author

Tanu

Content Editor

Related News