ਖੇਤੀ ਕਾਨੂੰਨਾਂ ਵਿਰੁੱਧ ਰਾਹੁਲ ਗਾਂਧੀ ਦੀ ਪ੍ਰੈੱਸ ਕਾਨਫਰੰਸ, ਜਾਰੀ ਕਰਨਗੇ ਬੁਕਲੇਟ
Tuesday, Jan 19, 2021 - 11:05 AM (IST)

ਨਵੀਂ ਦਿੱਲੀ- ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ 'ਤੇ ਅੜੇ ਕਿਸਾਨਾਂ ਦਾ ਅੰਦੋਲਨ 55ਵੇਂ ਦਿਨ ਵੀ ਜਾਰੀ ਹੈ। ਅਜਿਹੇ 'ਚ ਕਿਸਾਨ ਅੰਦੋਲਨ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਮੋਦੀ ਸਰਕਾਰ 'ਤੇ ਹਮਲਾ ਬੋਲ ਰਹੇ ਹਨ। ਇਸ ਕ੍ਰਮ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਯਾਨੀ ਮੰਗਲਵਾਰ ਨੂੰ ਦਿੱਲੀ ਹੈੱਡ ਕੁਆਰਟਰ 'ਚ 1.30 ਵਜੇ ਪ੍ਰੈੱਸ ਕਾਨਫਰੰਸ ਕਰਨਗੇ। ਇਸ ਦੌਰਾਨ ਉਹ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ 'ਤੇ ਇਕ ਬੁਕਲੇਟ ਵੀ ਜਾਰੀ ਕਰਨਗੇ।
ਇਹ ਵੀ ਪੜ੍ਹੋ : ਕਿਸਾਨ ਅੰਦੋਲਣ : 19 ਨੂੰ ਨਹੀਂ ਹੁਣ 20 ਨੂੰ ਹੋਵੇਗੀ ਕਿਸਾਨਾਂ ਅਤੇ ਕੇਂਦਰ ਵਿਚਾਲੇ ਮੀਟਿੰਗ
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਅੱਜ ਕਿਸਾਨਾਂ ਨਾਲ ਹੋਣ ਵਾਲੀ 10ਵੇਂ ਦੌਰ ਦੀ ਬੈਠਕ ਟਾਲ ਦਿੱਤੀ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਬੈਠਕ ਹੁਣ 20 ਜਨਵਰੀ ਨੂੰ ਹੋਵੇਗੀ। ਇਸ ਤੋਂ ਪਹਿਲਾਂ ਸਰਕਾਰ ਅਤੇ ਕਿਸਾਨਾਂ ਵਿਚਾਲੇ 15 ਜਨਵਰੀ ਨੂੰ ਹੋਈ ਗੱਲਬਾਤ ਬੇਨਤੀਜਾ ਰਹੀ ਸੀ। ਅੱਜ ਯਾਨੀ 19 ਜਨਵਰੀ ਨੂੰ 10ਵੇਂ ਦੌਰ ਦੀ ਬੈਠਕ ਹੋਣ ਵਾਲੀ ਸੀ, ਜਿਸ ਨੂੰ 20 ਜਨਵਰੀ ਲਈ ਟਾਲ ਦਿੱਤਾ ਗਿਆ ਹੈ। ਇਕ ਪਾਸੇ ਇਹ ਮਾਮਲਾ ਲੰਬਾ ਖਿੱਚਦਾ ਜਾ ਰਿਹਾ ਹੈ ਤਾਂ ਉੱਥੇ ਹੀ ਦੂਜੇ ਪਾਸੇ ਕਿਸਾਨ ਆਪਣਾ ਅੰਦੋਲਨ ਤੇਜ਼ ਕਰਨ ਦੀ ਤਿਆਰੀ 'ਚ ਹਨ। ਸੁਪਰੀਮ ਕੋਰਟ ਨੇ ਕਿਸਾਨਾਂ ਦੀ 26 ਜਨਵਰੀ 'ਤੇ ਪ੍ਰਸਤਾਵਿਤ ਟਰੈਕਟਰ ਰੈਲੀ 'ਤੇ ਰੋਕ ਲਾਉਣ ਤੋਂ ਫ਼ਿਲਹਾਲ ਇਨਕਾਰ ਕਰ ਦਿੱਤਾ ਹੈ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ