ਅਫ਼ਜ਼ਲ ਗੁਰੂ ਦੇ ਪੁੱਤਰ ਦਾ ਬਣਿਆ ਆਧਾਰ ਕਾਰਡ, ਕਿਹਾ- ''ਮਾਣ ਮਹਿਸੂਸ ਕਰ ਰਿਹਾ ਹਾਂ''
Tuesday, Mar 05, 2019 - 05:49 PM (IST)

ਬਾਰਾਮੂਲਾ— ਸੰਸਦ ਹਮਲੇ ਦੇ ਦੋਸ਼ੀ ਅਫ਼ਜ਼ਲ ਗੁਰੂ ਦੇ 18 ਸਾਲਾ ਪੁੱਤਰ ਗਾਲਿਬ ਗੁਰੂ ਨੇ ਕਿਹਾ ਕਿ ਉਸ ਨੂੰ ਭਾਰਤੀ ਹੋਣ 'ਤੇ ਮਾਣ ਹੈ। ਉਸ ਨੇ ਕਿਹਾ ਕਿ ਪਿਤਾ ਨੂੰ ਫ਼ਾਂਸੀ ਦਿੱਤੇ ਜਾਣ ਤੋਂ ਬਾਅਦ ਉਸ ਨੂੰ ਬਦਲਾ ਲੈਣ ਲਈ ਕਾਫ਼ੀ ਉਕਸਾਇਆ ਗਿਆ ਸੀ ਪਰ ਉਸ ਦੀ ਮਾਂ ਨੇ ਉਸ ਨੂੰ ਅੱਤਵਾਦੀ ਬਣਨ ਤੋਂ ਬਚਾ ਲਿਆ। ਹੁਣ ਉਸ ਕੋਲ ਆਪਣੀ ਪਛਾਣ ਸਾਬਤ ਕਰਨ ਲਈ ਆਧਾਰ ਕਾਰਡ ਵੀ ਹੈ। ਗਾਲਿਬ ਗੁਰੂ ਨੇ ਹੁਣ ਪਾਸਪੋਰਟ ਲਈ ਬੇਨਤੀ ਕੀਤੀ ਹੈ। ਇੱਥੇ ਦੱਸ ਦੇਈਏ ਕਿ ਅਫ਼ਜ਼ਲ ਗੁਰੂ ਜੰਮੂ-ਕਸ਼ਮੀਰ ਦਾ ਵਾਸੀ ਸੀ।
ਦੱਸਣਯੋਗ ਹੈ ਕਿ ਅਫ਼ਜ਼ਲ ਗੁਰੂ ਦੇ ਪੁੱਤਰ ਗਾਲਿਬ ਗੁਰੂ ਨੇ 10ਵੀਂ ਤੇ 12ਵੀਂ ਦੀ ਪ੍ਰੀਖਿਆ ਕਾਫ਼ੀ ਚੰਗੇ ਨੰਬਰਾਂ ਨਾਲ ਪਾਸ ਕੀਤੀ ਹੈ। ਸੂਚਨਾ ਏਜੰਸੀਆਂ ਨਾਲ ਕੀਤੀ ਗੱਲਬਾਤ 'ਚ ਗਲਿਬ ਨੇ ਕਿਹਾ ਕਿ ਉਹ ਡਾਕਟਰ ਬਣਨਾ ਚਾਹੁੰਦਾ ਹੈ। ਗਾਬਿਲ ਅਨੁਸਾਰ ਉਹ 5 ਮਈ 2019 ਨੂੰ ਹੋਣ ਵਾਲੀ ਮੈਡੀਕਲ ਦਾਖ਼ਲਾ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹੈ। ਉਸ ਨੂੰ ਉਮੀਦ ਹੈ ਕਿ ਇਸ ਪ੍ਰੀਖਿਆ 'ਚ ਪਾਸ ਹੋ ਜਾਵੇਗਾ। ਜੇਕਰ ਉਸ ਨੂੰ ਭਾਰਤ 'ਚ ਮੈਡੀਕਲ 'ਚ ਦਾਖ਼ਲਾ ਨਹੀਂ ਮਿਲਿਆ ਤਾਂ ਉਹ ਵਿਦੇਸ਼ ਜਾ ਕੇ ਮੈਡੀਕਲ ਦੀ ਪੜ੍ਹਾਈ ਕਰਨਾ ਚਾਹੁੰਦਾ ਹੈ। ਗਾਲਿਬ ਨੇ ਦੱਸਿਆ ਕਿ ਤੁਰਕੀ ਦੇ ਇਕ ਕਾਲਜ ਤੋਂ ਉਸ ਨੂੰ ਸਕਾਲਰਸ਼ਿਪ ਵੀ ਮਿਲ ਸਕਦੀ ਹੈ। ਵਿਦੇਸ਼ ਜਾ ਕੇ ਮੈਡੀਕਲ ਦੀ ਪੜ੍ਹਾਈ ਕਰਨ ਅਤੇ ਵਿਦੇਸ਼ੀ ਯੂਨੀਵਰਸਿਟੀ ਤੋਂ ਸਕਾਲਰਸ਼ਿਪ ਲੈਣ ਲਈ ਉਸ ਨੂੰ ਭਾਰਤੀ ਪਾਸਪੋਰਟ ਦੀ ਜ਼ਰੂਰਤ ਹੈ। ਗਾਲਿਬ ਨੇ ਦੱਸਿਆ ਕਿ ਉਸ ਨੂੰ ਆਪਣੀ ਪਛਾਣ ਸਾਬਤ ਕਰਨ ਲਈ ਆਧਾਰ ਕਾਰਡ ਪ੍ਰਾਪਤ ਹੋ ਗਿਆ ਹੈ। ਇਸ ਤੋਂ ਬਾਅਦ ਉਸ ਨੇ ਪਾਸਪੋਰਟ ਲਈ ਬੇਨਤੀ ਕੀਤੀ ਹੈ। ਜੇਕਰ ਉਸ ਨੂੰ ਪਾਸਪੋਰਟ ਵੀ ਮਿਲ ਜਾਂਦਾ ਹੈ ਤਾਂ ਉਸ ਨੂੰ ਬਹੁਤ ਖ਼ੁਸ਼ੀ ਹੋਵੇਗੀ। ਜੇਕਰ ਮੈਨੂੰ ਪਾਸਪੋਰਟ ਮਿਲ ਜਾਂਦਾ ਹੈ ਤਾਂ ਮੈਨੂੰ ਮਾਣ ਮਹਿਸੂਸ ਹੋਵੇਗਾ। ਗਾਲਿਬ ਫਿਲਹਾਲ ਗੁਲਸ਼ਨਾਬਾਦ ਦੀਆਂ ਪਹਾੜੀਆਂ 'ਚ ਆਪਣੇ ਨਾਨਾ ਗੁਲਮਾ ਮੁਹੰਮਦ ਅਤੇ ਮਾਂ ਤਬਸੁੱਮ ਨਾਲ ਰਹਿ ਰਿਹਾ ਹੈ।
ਪਿਤਾ ਦਾ ਬਦਲਾ ਲੈਣ ਲਈ ਅੱਤਵਾਦੀਆਂ ਨੇ ਉਕਸਾਇਆ ਸੀ—
ਗਾਲਿਬ ਦੱਸਦਾ ਹੈ ਕਿ ਉਸ ਦੇ ਪਿਤਾ ਅਫ਼ਜ਼ਲ ਗੁਰੂ ਨੂੰ ਫ਼ਾਂਸੀ ਹੋਣ ਤੋਂ ਬਾਅਦ ਘਾਟੀ 'ਚ ਸਰਗਰਮ ਅੱਤਵਾਦੀ ਸੰਗਠਨਾਂ ਨੇ ਉਸ ਨੂੰ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਬਹੁਤ ਉਕਸਾਇਆ ਸੀ। ਉਸ ਦਾ ਮਾਈਡ ਵਾਸ਼ ਕਰਨ ਲਈ ਕਈ ਵਾਰ ਕੋਸ਼ਿਸ ਕੀਤੀ। ਇਨ੍ਹਾਂ ਸੰਗਠਨਾਂ ਦਾ ਮਕਸਦ ਗਾਲਿਬ ਨੂੰ ਅੱਤਵਾਦੀ ਬਣਾ ਕੇ ਭਾਰਤ ਖਿਲਾਫ ਇਸਤੇਮਾਲ ਕਰਨਾ ਸੀ। ਗਾਲਿਬ ਨੇ ਦੱਸਿਆ ਕਿ ਅਸੀਂ ਪੁਰਾਣੀਆਂ ਗੱਲਾਂ ਤੋਂ ਬਹੁਤ ਕੁਝ ਸਿੱਖਿਆ ਹੈ, ਇਸ ਲਈ ਉਹ ਅੱਤਵਾਦੀਆਂ ਦੇ ਜਾਲ ਤੋਂ ਬਚ ਗਏ। ਇਸ ਦਾ ਕ੍ਰੈਡਿਟ ਉਹ ਆਪਣੀ ਮਾਂ ਨੂੰ ਦਿੰਦਾ ਹੈ। ਗਾਲਿਬ ਅਨੁਸਾਰ ਉਸ ਦੀ ਮਾਂ ਨੇ ਉਸ ਨੂੰ ਅੱਤਵਾਦੀਆਂ ਤੋਂ ਬਚਾ ਲਿਆ।
ਪਿਤਾ ਦਾ ਅਧੂਰਾ ਸੁਪਨਾ ਪੂਰਾ ਕਰਾਂਗਾ—
ਗਾਲਿਬ ਅਨੁਸਾਰ ਉਹ ਆਪਣੇ ਪਿਤਾ ਦਾ ਅਧੂਰਾ ਸੁਪਨਾ ਪੂਰਾ ਕਰਨਾ ਚਾਹੁੰਦੇ ਹਨ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਵੀ ਡਾਕਟਰ ਬਣਨਾ ਚਾਹੁੰਦੇ ਸਨ ਪਰ ਉਹ ਆਪਣਾ ਮੈਡੀਕਲ ਕਰੀਅਰ ਪੂਰਾ ਨਹੀਂ ਕਰ ਸਕੇ। ਲਿਹਾਜ਼ਾ ਹੁਣ ਉਹ ਆਪਣੀ ਮੈਡੀਕਲ ਦੀ ਪੜ੍ਹਾਈ ਪੂਰੀ ਕਰ ਪਿਤਾ ਦਾ ਸੁਪਨਾ ਪੂਰਾ ਕਰਨਾ ਚਾਹੁੰਦਾ ਹੈ।
#WATCH Afzal Guru's (who was executed in 2013 for his role in 2001 Parliament attack) son Ghalib Guru says, "I appeal that I should get a passport. I also have an Aadhaar card. If I get a passport, I can avail international medical scholarship." pic.twitter.com/jJZSVht8k8
— ANI (@ANI) March 5, 2019
2001 'ਚ ਹੋਇਆ ਸੀ ਅੱਤਵਾਦੀ ਹਮਲਾ—
ਭਾਰਤੀ ਸੰਸਦ 'ਤੇ 13 ਦਸੰਬਰ 2001 ਨੂੰ ਹੋਏ ਅੱਤਵਾਦੀ ਹਮਲੇ 'ਚ ਸੰਸਦ ਭਵਨ ਦੇ ਗਾਰਡ ਅਤੇ ਦਿੱਲੀ ਪੁਲਿਸ ਦੇ ਜਵਾਨ ਸਮੇਤ ਕੁੱਲ 9 ਲੋਕ ਸ਼ਹੀਦ ਹੋਏ ਸਨ। ਸੰਸਦ 'ਤੇ ਹਮਲੇ ਲਈ 5 ਅੱਤਵਾਦੀ ਸਫ਼ੈਦ ਰੰਗ ਦੀ ਕਾਰ 'ਚ ਅੰਦਰ ਦਾਖ਼ਲ ਹੋਏ ਸਨ। ਅੰਦਰ ਦਾਖ਼ਲ ਹੋ ਕੇ ਅੱਤਵਾਦੀਆਂ ਨੇ ਸੰਸਦ ਭਵਨ 'ਚ ਤਾਬੜਤੋੜ ਗੋਲੀਬਾਰੀ ਕੀਤੀ ਅਤੇ ਗ੍ਰੇਨੇਡ ਸੁੱਟ ਕੇ ਪੂਰੇ ਦੇਸ਼ ਨੂੰ ਹਿਲਾ ਦਿੱਤਾ ਸੀ। ਅੱਤਵਾਦੀ ਕਰੀਬ 45 ਮਿੰਟ ਤਕ ਸੰਸਦ 'ਚ ਖੂਨੀ ਖੇਡ ਖੇਡਦੇ ਰਹੇ ਜਦੋਂ ਤਕ ਕਿ ਉਨ੍ਹਾਂ ਨੂੰ ਮਾਰ ਨਹੀਂ ਦਿੱਤਾ ਗਿਆ। ਅਫ਼ਜ਼ਲ ਗੁਰੂ ਇਸ ਹਮਲੇ ਦਾ ਮਾਸਟਰ ਮਾਈਂਡ ਸੀ। ਉਸ ਨੂੰ ਬਾਅਦ 'ਚ ਗ੍ਰਿਫ਼ਤਾਰ ਕੀਤਾ ਗਿਆ, ਕੇਸ ਦੀ ਸੁਣਵਾਈ ਮਗਰੋਂ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਜੈਸ਼-ਏ-ਮੁਹੰਮਦ ਨੇ ਉਸੇ ਨਾਂ 'ਤੇ ਅਫ਼ਜਲ ਗੁਰੂ ਸੁਸਾਈਡ ਸਕਵਾਰਡ ਬਣਾਇਆ ਹੋਇਆ ਹੈ, ਜਿਸ 'ਚ ਆਤਮਘਾਤੀ ਹਮਲਾਵਰਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਆਤਮਘਾਤੀ ਸਕਵਾਰਡ ਵਲੋਂ ਪੁਲਵਾਮਾ 'ਚ ਸੀ. ਆਰ. ਪੀ. ਐੱਫ ਕਾਫ਼ਿਲੇ 'ਤੇ ਵੀ ਹਮਲਾ ਕੀਤਾ ਸੀ।