ਕੀਮਤੀ ਸਾਮਾਨ ਕੀਤਾ ਚੋਰੀ, ਜਦੋਂ ਪਤਾ ਲੱਗਾ ਮਸ਼ਹੂਰ ਲੇਖਕ ਦਾ ਘਰ ਹੈ ਤਾਂ ਮੁਆਫ਼ੀ ਮੰਗ ਕੀਤਾ ਵਾਪਸ

Tuesday, Jul 16, 2024 - 12:05 PM (IST)

ਮੁੰਬਈ (ਭਾਸ਼ਾ)- ਇਕ ਚੋਰ ਨੂੰ ਉਸ ਸਮੇਂ ਪਛਤਾਵਾ ਹੋਇਆ, ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਨੇ ਇਕ ਪ੍ਰਸਿੱਧ ਮਰਾਠੀ ਲੇਖਕ ਦੇ ਘਰੋਂ ਕੀਮਤੀ ਸਾਮਾਨ ਚੋਰੀ ਕੀਤਾ ਸੀ। ਪਛਤਾਵਾ ਕਰਦੇ ਹੋਏ ਚੋਰ ਨੇ ਚੋਰੀ ਕੀਤਾ ਹੋਇਆ ਸਾਮਾਨ ਵਾਪਸ ਕਰ ਦਿੱਤਾ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਚੋਰ ਨੇ ਰਾਏਗੜ੍ਹ ਜ਼ਿਲ੍ਹੇ ਦੇ ਨੇਰਲ 'ਚ ਸਥਿਤ ਨਾਰਾਇਣ ਸੁਰਵੇ ਦੇ ਘਰੋਂ ਐੱਲ.ਈ.ਡੀ. ਟੀਵੀ ਸਮੇਤ ਕੀਮਤੀ ਸਾਮਾਨ ਚੋਰੀ ਕੀਤਾ ਸੀ। ਮੁੰਬਈ 'ਚ ਜਨਮੇ ਸੁਰਵੇ ਇਕ ਪ੍ਰਸਿੱਧ ਮਰਾਠੀ ਕਵੀ ਅਤੇ ਸਮਾਜਿਕ ਵਰਕਰ ਸਨ। ਆਪਣੀਆਂ ਕਵਿਤਾਵਾਂ 'ਚ ਸ਼ਹਿਰੀ ਮਜ਼ਦੂਰ ਵਰਗ ਦੇ ਸੰਘਰਸ਼ਾਂ ਨੂੰ ਸਪੱਸ਼ਟ ਰੂਪ ਨਾਲ ਦਰਸਾਉਣ ਵਾਲੇ ਸੁਰਵੇ ਦਾ 16 ਅਗਸਤ 2010 ਨੂੰ 84 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਸੀ। ਸੁਰਵੇ ਦੀ ਧੀ ਸੁਜਾਤਾ ਅਤੇ ਉਸ ਦੇ ਪਤੀ ਗਣੇਸ਼ ਘਾਰੇ ਹੁਣ ਇਸ ਘਰ 'ਚ ਰਹਿੰਦੇ ਹਨ। ਉਹ ਆਪਣੇ ਪੁੱਤ ਕੋਲ ਵਿਰਾਰ ਗਏ ਸਨ ਅਤੇ ਉਨ੍ਹਾਂ ਦਾ ਘਰ 10 ਦਿਨਾਂ ਤੋਂ ਬੰਦ ਸੀ।

ਇਹ ਵੀ ਪੜ੍ਹੋ : ਦੇਵੀ ਭਗਵਤੀ ਸੁਫ਼ਨੇ 'ਚ ਆਈ ਸੀ.... ਬਾਬਾ ਨੇ ਗਲੇਸ਼ੀਅਰ 'ਤੇ ਕੁੰਡ ਨੂੰ ਬਣਾ ਦਿੱਤਾ ਸਵੀਮਿੰਗ ਪੂਲ

ਇਸ ਦੌਰਾਨ ਚੋਰ ਘਰ 'ਚ ਵੜਿਆ ਅਤੇ ਐੱਲ.ਈ.ਡੀ. ਟੀਵੀ ਸਮੇਤ ਕੁਝ ਸਾਮਾਨ ਚੋਰੀ ਕਰ ਕੇ ਲੈ ਗਿਆ। ਅਗਲੇ ਦਿਨ ਜਦੋਂ ਉਹ ਕੁਝ ਹੋਰ ਸਾਮਾਨ ਚੋਰੀ ਕਰਨ ਆਇਆ ਤਾਂ ਉਸ ਨੇ ਇਕ ਕਮਰੇ 'ਚ ਸੁਰਵੇ ਦੀ ਤਸਵੀਰ ਅਤੇ ਉਨ੍ਹਾਂ ਨੂੰ ਮਿਲੇ ਸਨਮਾਨ ਆਦਿ ਦੇਖੇ। ਚੋਰ ਨੂੰ ਬੇਹੱਦ ਪਛਤਾਵਾ ਹੋਇਆ। ਪਛਤਾਵੇ ਵਜੋਂ ਉਸ ਨੇ ਚੋਰੀ ਕੀਤਾ ਗਿਆ ਸਾਮਾਨ ਵਾਪਸ ਕਰ ਦਿੱਤਾ। ਇੰਨਾ ਹੀ ਨਹੀਂ ਉਸ ਨੇ ਕੰਧ 'ਤੇ ਇਕ ਛੋਟਾ ਜਿਹਾ 'ਨੋਟ' ਚਿਪਕਾਇਆ, ਜਿਸ 'ਚ ਉਸ ਨੇ ਮਹਾਨ ਸਾਹਿਤਕਾਰ ਦੇ ਘਰ ਚੋਰੀ ਕਰਨ ਲਈ ਮਾਲਕ ਤੋਂ ਮੁਆਫ਼ੀ ਮੰਗੀ। ਨੇਰਲ ਪੁਲਸ ਥਾਣੇ ਦੇ ਇੰਸਪੈਕਟਰ ਸ਼ਿਵਾਜੀ ਧਵਲੇ ਨੇ ਦੱਸਿਆ ਕਿ ਸੁਜਾਤਾ ਅਤੇ ਉਸ ਦੇ ਪਤੀ ਜਦੋਂ ਐਤਵਾਰ ਨੂੰ ਵਿਰਾਰ ਤੋਂ ਪਰਤੇ ਤਾਂ ਉਨ੍ਹਾਂ ਨੂੰ ਇਹ 'ਨੋਟ' ਮਿਲਿਆ। ਉਨ੍ਹਾਂ ਦੱਸਿਆ ਕਿ ਪੁਲਸ ਟੀਵੀ ਅਤੇ ਹੋਰ ਵਸਤੂਆਂ 'ਤੇ ਮਿਲੇ ਉਂਗਲੀਆਂ ਦੇ ਨਿਸ਼ਾਨ ਦੇ ਆਧਾਰ 'ਤੇ ਅੱਗੇ ਦੀ ਜਾਂਚ ਕਰ ਰਹੀ ਹੈ। ਬਚਪਨ 'ਚ ਮਾਤਾ-ਪਿਤਾ ਨੂੰ ਗੁਆ ਚੁੱਕੇ ਸੁਰਵੇ ਮੁੰਬਈ ਦੀਆਂ ਸੜਕਾਂ 'ਤੇ ਵੱਡੇ ਹੋਏ ਸਨ। ਉਨ੍ਹਾਂ ਨੇ ਘਰੇਲੂ ਸਹਾਇਕ, ਹੋਟਲ 'ਚ ਭਾਂਡੇ ਸਾਫ਼ ਕਰਨ, ਬੱਚਿਆਂ ਦੀ ਦੇਖਭਾਲ ਕਰਨ, ਪਾਲਤੂ ਕੁੱਤੇ ਦੀ ਦੇਖਭਾਲ, ਦੁੱਧ ਪਹੁੰਚਾਉਣ, ਕੁਲੀ ਅਤੇ ਮਿੱਲ ਮਜ਼ਦੂਰ ਵਜੋਂ ਕੰਮ ਕੀਤਾ ਸੀ। ਆਪਣੀਆਂ ਕਵਿਤਾਵਾਂ ਦੇ ਮਾਧਿਅਮ ਨਾਲ ਸੁਰਵੇ ਨੇ ਮਜ਼ਦੂਰਾਂ ਦੇ ਸੰਘਰਸ਼ ਨੂੰ ਦੱਸਣ ਦੀ ਕੋਸ਼ਿਸ਼ ਕੀਤੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


DIsha

Content Editor

Related News