15 ਨਵੰਬਰ ਤੋਂ ਬਾਅਦ ਪੂਰੇ ਦੇਸ਼ ''ਚ ਠੰਡ ਦਾ ਕਹਿਰ, ਜਾਣੋ IMD ਦਾ ਅਪਡੇਟ
Wednesday, Oct 30, 2024 - 10:37 AM (IST)
ਨਵੀਂ ਦਿੱਲੀ- ਦੇਸ਼ ਭਰ ਵਿਚ ਮੌਸਮ ਦਾ ਮਿਜਾਜ਼ ਤੇਜ਼ੀ ਨਾਲ ਬਦਲ ਰਿਹਾ ਹੈ। ਕੁਝ ਥਾਵਾਂ 'ਤੇ ਠੰਡਕ ਦਾ ਅਸਰ ਦਿੱਸਣ ਲੱਗਾ ਹੈ। ਹਾਲਾਂਕਿ ਰਾਜਧਾਨੀ ਦਿੱਲੀ ਵਿਚ ਅਕਤੂਬਰ ਦੇ ਆਖ਼ਰੀ ਹਫ਼ਤੇ ਵਿਚ ਵੀ ਗਰਮੀ ਅਤੇ ਉਸਮ ਬਰਕਰਾਰ ਹੈ। ਤਾਪਮਾਨ 35 ਡਿਗਰੀ ਦੇ ਕਰੀਬ ਬਣਿਆ ਹੋਇਆ ਹੈ ਅਤੇ ਪ੍ਰਦੂਸ਼ਣ ਦਾ ਪੱਧਰ ਇੰਨਾ ਵਧ ਗਿਆ ਹੈ ਕਿ ਸਾਹ ਘੁੱਟਣ ਜਿਹੀ ਸਥਿਤੀ ਬਣੀ ਹੋਈ ਹੈ। ਦੀਵਾਲੀ ਦੌਰਾਨ ਹਵਾ ਪ੍ਰਦੂਸ਼ਣ ਅਤੇ ਸਮੌਗ ਵੱਧਣ ਦੇ ਵੀ ਆਸਾਰ ਹਨ।
ਪੂਰੇ ਦੇਸ਼ 'ਚ 5 ਨਵੰਬਰ ਤੱਕ ਖ਼ੁਸ਼ਕ ਰਹੇਗਾ ਮੌਸਮ
ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ 5 ਨਵੰਬਰ ਤੱਕ ਪੂਰੇ ਦੇਸ਼ 'ਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਦੀਵਾਲੀ ਮਗਰੋਂ ਠੰਡ ਵਧਣ ਦੇ ਆਸਾਰ ਹਨ। IMD ਮੁਤਾਬਕ 15 ਨਵੰਬਰ ਮਗਰੋਂ ਠੰਡ ਪੂਰੇ ਦੇਸ਼ 'ਚ ਅਸਰ ਵਿਖਾਉਣ ਲੱਗੇਗੀ। ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਸ਼ੁਰੂ ਹੋਵੇਗੀ ਅਤੇ ਮੈਦਾਨਾਂ ਵਿਚ ਮੀਂਹ ਪੈਣ ਨਾਲ ਠੰਡ ਵਧੇਗੀ। ਜੇਕਰ ਦਿੱਲੀ 'ਚ ਮੀਂਹ ਪੈਂਦਾ ਹੈ ਤਾਂ ਹਵਾ ਪ੍ਰਦੂਸ਼ਣ ਅਤੇ ਸਮੌਗ ਤੋਂ ਰਾਹਤ ਮਿਲਣ ਦੀ ਉਮੀਦ ਹੈ।
2 ਨਵੰਬਰ ਤੱਕ ਇਨ੍ਹਾਂ ਸੂਬਿਆਂ 'ਚ ਖਰਾਬ ਰਹੇਗਾ ਮੌਸਮ
ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਪਰ ਇਸ ਹਫ਼ਤੇ ਜ਼ਿਆਦਾਤਰ ਥਾਵਾਂ 'ਤੇ ਮੌਸਮ ਸਾਫ਼ ਰਹੇਗਾ। ਕੇਰਲ ਅਤੇ ਤਾਮਿਲਨਾਡੂ 'ਚ 1 ਅਤੇ 2 ਨਵੰਬਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। 1 ਨਵੰਬਰ ਨੂੰ ਕਰਨਾਟਕ 'ਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਕੇਰਲ, ਤਾਮਿਲਨਾਡੂ ਅਤੇ ਕਰਨਾਟਕ 'ਚ 31 ਅਕਤੂਬਰ ਤੋਂ 2 ਨਵੰਬਰ ਦਰਮਿਆਨ ਤੂਫ਼ਾਨ ਆ ਸਕਦਾ ਹੈ। 31 ਅਕਤੂਬਰ ਤੋਂ 1 ਨਵੰਬਰ ਤੱਕ ਗੋਆ ਅਤੇ ਮਹਾਰਾਸ਼ਟਰ ਵਿਚ ਹਨ੍ਹੇਰੀ-ਤੂਫ਼ਾਨ ਦੀ ਸਥਿਤੀ ਰਹੇਗੀ। ਛੱਤੀਸਗੜ੍ਹ ਅਤੇ ਜੰਮੂ-ਕਸ਼ਮੀਰ 'ਚ ਵੀ ਮੌਸਮ ਬਦਲ ਸਕਦਾ ਹੈ।
ਗਰਮੀ ਅਤੇ ਪ੍ਰਦੂਸ਼ਣ ਤੋਂ ਦਿੱਲੀ ਨੂੰ ਰਾਹਤ ਦੀ ਨਹੀਂ ਉਮੀਦ
ਦੇਸ਼ ਭਰ 'ਚ ਬਦਲਦੇ ਮੌਸਮ ਅਤੇ ਆਉਣ ਵਾਲੇ ਪੱਛਮੀ ਗੜਬੜ ਕਾਰਨ ਕਈ ਥਾਵਾਂ 'ਤੇ ਮੀਂਹ ਅਤੇ ਠੰਡ ਵਧ ਸਕਦੀ ਹੈ। ਇਸ ਦੇ ਨਾਲ ਹੀ ਦਿੱਲੀ 'ਚ ਪ੍ਰਦੂਸ਼ਣ ਅਤੇ ਗਰਮੀ ਤੋਂ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਦੀਵਾਲੀ ਤੋਂ ਬਾਅਦ ਮੌਸਮ 'ਚ ਬਦਲਾਅ ਅਤੇ ਠੰਡ ਵਧਣ ਦੀ ਸੰਭਾਵਨਾ ਹੈ, ਜਿਸ ਕਾਰਨ ਪ੍ਰਦੂਸ਼ਣ 'ਚ ਕਮੀ ਆਉਣ ਦੀ ਉਮੀਦ ਕੀਤੀ ਜਾ ਸਕਦੀ ਹੈ।