ਵਿਆਹ ਪਿੱਛੋਂ ਲਾੜੀ ਦੇ ਲੱਕ ''ਤੇ ਨਿਸ਼ਾਨ ਵੇਖ ਮੁੰਡੇ ਦੇ ਉੱਡੇ ਹੋਸ਼, ਖੁੱਲ ਗਿਆ ਵੱਡਾ ਭੇਦ
Saturday, Sep 20, 2025 - 12:06 PM (IST)

ਅਜਮੇਰ: ਰਾਜਸਥਾਨ ਦੇ ਅਜਮੇਰ ਤੋਂ ਵਿਆਹ ਦੇ ਨਾਂ 'ਤੇ ਧੋਖਾਧੜੀ ਦਾ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸਿਰੋਹੀ ਦੇ ਰਹਿਣ ਵਾਲੇ 37 ਸਾਲਾ ਬਕੁਲ ਕੁਮਾਰ ਦਾ ਵਿਆਹ ਬੜੇ ਧੂਮ-ਧਾਮ ਨਾਲ ਕਰਵਾਇਆ ਗਿਆ, ਪਰ ਕੁਝ ਹੀ ਦਿਨਾਂ ਵਿੱਚ ਸੱਚਾਈ ਸਾਹਮਣੇ ਆ ਗਈ। ਨਵ ਵਿਆਹੁਤਾ ਲਾੜੀ ਦੇ ਲੱਕ 'ਤੇ ਪਏ ਨਿਸ਼ਾਨਾਂ ਨੇ ਇਕ ਵੱਡੇ ਰਾਜ ਤੋਂ ਪਰਦਾ ਚੁੱਕ ਦਿੱਤਾ, ਜਿਸ ਤੋਂ ਬਾਅਦ ਲਾੜੀ ਗਹਿਣੇ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਈ।
ਜਾਣਕਾਰੀ ਅਨੁਸਾਰ, ਆਰੀਆ ਸਮਾਜ ਮੰਦਰ 'ਚ ਵਿਆਹ ਤੋਂ ਬਾਅਦ ਬਕੁਲ ਆਪਣੀ ਪਤਨੀ ਸੁਲੋਚਨੀ ਨੂੰ ਲੈ ਕੇ ਪੁਣੇ ਚਲਾ ਗਿਆ। ਉੱਥੇ ਉਸ ਦੀ ਭਰਜਾਈ ਨੇ ਸੁਲੋਚਨੀ ਦੇ ਪੇਟ 'ਤੇ ਪ੍ਰੈਗਨੈਂਸੀ ਦੇ ਨਿਸ਼ਾਨ ਵੇਖੇ। ਜਦੋਂ ਇਸ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਸੁਲੋਚਨੀ ਨੇ ਕਬੂਲ ਕੀਤਾ ਕਿ ਉਹ ਪਹਿਲਾਂ ਤੋਂ ਹੀ ਵਿਆਹੁਤਾ ਸੀ ਅਤੇ ਉਸ ਦੀ ਇੱਕ ਧੀ ਵੀ ਸੀ, ਜਿਸ ਦੀ ਮੌਤ ਹੋ ਚੁੱਕੀ ਹੈ। ਇੰਨਾ ਹੀ ਨਹੀਂ, ਉਸਨੇ ਇਹ ਵੀ ਖੁਲਾਸਾ ਕੀਤਾ ਕਿ ਜੈਪੁਰ ਵਿੱਚ ਉਸ ਦਾ ਇੱਕ ਪ੍ਰੇਮੀ ਹੈ ਅਤੇ ਉਹ ਉਸੇ ਨਾਲ ਰਹਿਣਾ ਚਾਹੁੰਦੀ ਹੈ।
ਪੀੜਤ ਬਕੁਲ ਨੇ ਦੱਸਿਆ ਕਿ ਇਹ ਵਿਆਹ ਵਿਚੋਲਿਆਂ ਰਾਹੀਂ ਹੋਇਆ ਸੀ। ਬਕੁਲ ਦੇ ਭਰਾ ਸੁਭਾਸ਼ ਨੇ ਆਪਣੇ ਜਾਣਕਾਰਾਂ ਰਾਹੀਂ ਕਿਸ਼ਨਗੜ੍ਹ ਦੇ ਰਹਿਣ ਵਾਲੇ ਮਹਿੰਦਰ ਨਾਲ ਸੰਪਰਕ ਕੀਤਾ। ਮਹਿੰਦਰ, ਕਮਲੇਸ਼ ਅਤੇ ਕਮਲ ਨਾਂ ਦੇ ਵਿਚੋਲਿਆਂ ਨੇ ਬਕੁਲ ਨੂੰ ਛੱਤੀਸਗੜ੍ਹ ਦੀ ਰਹਿਣ ਵਾਲੀ ਸੁਲੋਚਨੀ ਦੀਆਂ ਤਸਵੀਰਾਂ ਦਿਖਾਈਆਂ ਅਤੇ ਵਿਆਹ ਕਰਵਾਉਣ ਦਾ ਵਾਅਦਾ ਕੀਤਾ। ਇਸ ਦੇ ਲਈ ਬਕੁਲ ਨੇ ਵਿਚੋਲਿਆਂ ਦੇ ਖਾਤਿਆਂ ਵਿੱਚ 2.20 ਲੱਖ ਰੁਪਏ ਵੀ ਜਮ੍ਹਾਂ ਕਰਵਾਏ ਸਨ। ਇਸ ਸੌਦੇ ਵਿੱਚ ਲੜਕੀ ਦੇ ਪਿਤਾ ਅਤੇ ਭਰਾ ਵੀ ਸ਼ਾਮਲ ਸਨ।
ਸਾਰੀ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਬਕੁਲ ਨੇ ਸੁਲੋਚਨੀ ਨੂੰ ਲੈ ਕੇ ਅਜਮੇਰ ਵਾਪਸ ਆਉਣ ਦਾ ਫ਼ੈਸਲਾ ਕੀਤਾ। ਸਫ਼ਰ ਦੌਰਾਨ ਜਦੋਂ ਉਹ ਵਡੋਦਰਾ ਸਟੇਸ਼ਨ 'ਤੇ ਪਹੁੰਚੇ ਤਾਂ ਸਵੇਰੇ ਕਰੀਬ 4 ਵਜੇ ਬਕੁਲ ਦੀ ਅੱਖ ਖੁੱਲ੍ਹੀ ਤਾਂ ਉਸ ਦੀ ਪਤਨੀ ਗਾਇਬ ਸੀ। ਉਹ ਆਪਣੇ ਨਾਲ ਸਾਰੇ ਗਹਿਣੇ, ਨਕਦੀ ਅਤੇ ਕੱਪੜੇ ਲੈ ਕੇ ਫ਼ਰਾਰ ਹੋ ਚੁੱਕੀ ਸੀ। ਇਸ ਤੋਂ ਬਾਅਦ ਬਕੁਲ ਨੇ ਰੇਲਵੇ ਸਟੇਸ਼ਨ 'ਤੇ ਸ਼ਿਕਾਇਤ ਦਰਜ ਕਰਵਾਈ।
ਪੀੜਤ ਦੇ ਵਕੀਲ ਸ਼ੈਲੇਂਦਰ ਸਿੰਘ ਅਨੁਸਾਰ, ਜਦੋਂ ਬਕੁਲ ਨੇ ਵਿਚੋਲਿਆਂ ਤੋਂ ਆਪਣੇ ਪੈਸੇ ਵਾਪਸ ਮੰਗੇ ਤਾਂ ਉਨ੍ਹਾਂ ਨੇ ਉਸ ਨੂੰ ਝੂਠੇ ਮੁਕੱਦਮੇ ਵਿੱਚ ਫਸਾਉਣ ਦੀ ਧਮਕੀ ਦਿੱਤੀ। ਫਿਲਹਾਲ, ਸਿਵਲ ਲਾਈਨਜ਼ ਥਾਣਾ ਪੁਲਸ ਨੇ ਲਾੜੀ ਸੁਲੋਚਨੀ ਯਾਦਵ, ਉਸ ਦੇ ਪਿਤਾ, ਭਰਾ ਅਤੇ ਵਿਚੋਲਿਆਂ ਮਹਿੰਦਰ ਚੌਧਰੀ ਤੇ ਕਮਲ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਸ ਗਿਰੋਹ ਨੇ ਹੁਣ ਤੱਕ ਕਿੰਨੇ ਲੋਕਾਂ ਨਾਲ ਅਜਿਹੀ ਠੱਗੀ ਮਾਰੀ ਹੈ