ਸਾਂਬਾ: 24 ਸਾਲਾਂ ਬਾਅਦ ਸਰਹੱਦ ਪਾਰ ਬੰਜਰ ਜ਼ਮੀਨ ’ਤੇ ਕਿਸਾਨਾਂ ਨੇ ਕੀਤੀ ਖੇਤੀ
Tuesday, Nov 22, 2022 - 02:39 PM (IST)
ਸਾਂਬਾ- 24 ਸਾਲਾਂ ਬਾਅਦ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ’ਤੇ ਸਥਿਤ ਸਰਹੱਦੀ ਵਾੜ ਤੋਂ ਪਾਰ ਆਪਣੀ ਬੰਜਰ ਜ਼ਮੀਨ ’ਤੇ ਕਿਸਾਨਾਂ ਨੇ ਖੇਤ ਵਾਹੇ ਅਤੇ ਕਣਕ ਦੀ ਬਿਜਾਈ ਸ਼ੁਰੂ ਕੀਤੀ। ਇਸ ਤੋਂ ਬਾਅਦ ਕਿਸਾਨਾਂ ਨੇ ਰਾਹਤ ਦਾ ਸਾਹ ਲਿਆ ਹੈ। ਖੇਤੀਬਾੜੀ ਵਿਭਾਗ ਮੁਤਾਬਕ 75 ਏਕੜ ਜ਼ਮੀਨ ’ਤੇ ਬਿਜਾਈ ਕੀਤੀ ਗਈ। ਕਿਸਾਨਾਂ ਮੁਤਾਬਕ 24 ਸਾਲਾਂ ਬਾਅਦ ਬੰਜਰ ਜ਼ਮੀਨ ਨੂੰ ਆਬਾਦ ਕਰਵਾਇਆ ਗਿਆ ਹੈ, ਜਿਸ ’ਤੇ ਕਣਕ ਦੀ ਬਿਜਾਈ ਸ਼ੁਰੂ ਕੀਤੀ ਗਈ ਹੈ। ਦੱਸ ਦੇਈਏ ਕਿ ਜੰਗਬੰਦੀ ਦੀ ਉਲੰਘਣਾ ਦੇ ਡਰ ਕਾਰਨ ਕਿਸਾਨਾਂ ਨੇ ਸਰਹੱਦੀ ਵਾੜ ਤੋਂ ਪਾਰ ਆਪਣੀ ਜ਼ਮੀਨ ’ਤੇ ਖੇਤ ਨਹੀਂ ਵਾਹੇ ਸਨ। ਸਰਕੰਡੇ ਉੱਗਣ ਕਾਰਨ ਸੁਰੱਖਿਆ ਫੋਰਸ ਦੇ ਜਵਾਨਾਂ ਨੂੰ ਵੀ ਪਰੇਸ਼ਾਨੀ ਹੋ ਰਹੀ ਸੀ। ਸਾਲਾਂ ਤੋਂ ਬੰਜਰ ਪਈ ਜ਼ਮੀਨ ਨੂੰ ਲੈ ਕੇ ਕਿਸਾਨ ਪਰੇਸ਼ਾਨ ਸਨ।
ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ BSF ਦੇ ਯਤਨਾਂ ਸਦਕਾ ਹੁਣ ਬਹੁਤ ਸਾਰੇ ਕਿਸਾਨ 75 ਏਕੜ ਤੋਂ ਵੱਧ ਰਕਬੇ ਵਿਚ ਖੇਤੀ ਕਰਨ ਦੇ ਯੋਗ ਹੋ ਗਏ ਹਨ। ਕਿਸਾਨ ਰਮੇਸ਼ ਸਿੰਘ (48) ਨੇ ਦੱਸਿਆ ਕਿ 24 ਸਾਲ ਪਹਿਲਾਂ ਖੇਤਾਂ ਨੂੰ ਬਲਦਾਂ ਦੀ ਮਦਦ ਨਾਲ ਜ਼ੀਰੋ ਲਾਈਨ ਤੱਕ ਜੋਤਿਆ ਜਾਂਦਾ ਸੀ। ਪਾਕਿਸਤਾਨੀ ਪਾਸਿਓਂ ਜੰਗਬੰਦੀ ਦੀ ਉਲੰਘਣਾ ਸ਼ੁਰੂ ਹੋਣ 'ਤੇ ਜ਼ੀਰੋ ਲਾਈਨ ਅਤੇ ਸਰਹੱਦੀ ਵਾੜ ਦੇ ਵਿਚਕਾਰ ਦੇ ਇਲਾਕਿਆਂ ’ਚ ਖੇਤੀ ਨੂੰ ਰੋਕ ਦਿੱਤਾ ਗਿਆ ਸੀ।
ਜੰਮੂ-ਕਸ਼ਮੀਰ ਵਿਚ ਕੌਮਾਂਤਰੀ ਸਰਹੱਦ ਅਤੇ ਕੰਟਰੋਲ ਰੇਖਾ ਦੇ ਨਾਲ ਲੱਗਦੇ ਕਈ ਪਿੰਡਾਂ ’ਚ ਕਿਸਾਨਾਂ ਨੂੰ ਜ਼ੀਰੋ ਲਾਈਨ ਦੇ ਨੇੜੇ ਆਪਣੀ ਜ਼ਮੀਨ 'ਤੇ ਖੇਤੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਭਾਰਤ ਅਤੇ ਪਾਕਿਸਤਾਨ ਨੇ ਪਿਛਲੇ ਸਾਲ ਫਰਵਰੀ ’ਚ ਸਰਹੱਦ 'ਤੇ ਜੰਗਬੰਦੀ 'ਤੇ ਸਹਿਮਤੀ ਪ੍ਰਗਟ ਕੀਤੀ ਸੀ, ਉਦੋਂ ਤੋਂ ਸਥਿਤੀ ’ਚ ਸੁਧਾਰ ਹੋ ਰਿਹਾ ਹੈ। ਸਾਂਬਾ ਦੇ ਮੁੱਖ ਖੇਤੀਬਾੜੀ ਅਫ਼ਸਰ ਸੰਜੇ ਵਰਮਾ ਨੇ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨੇ ਪਹਿਲਾਂ ਸਰਹੱਦੀ ਵਾੜ ਤੋਂ ਪਾਰ ਆਪਣੀ ਜ਼ਮੀਨ ਦੀ ਖੇਤੀ ਕੀਤੀ ਸੀ, ਉਹ ਮੁੜ ਆਪਣੇ ਖੇਤਾਂ ਵਿਚ ਆ ਗਏ ਹਨ।